
(ਸਮਾਜ ਵੀਕਲੀ) ਗੁੱਲੂ ਦੀ ਬਹਾਦਰੀ ਨਾਲ ਕਿਸ਼ਤੀ ਤਾਂ ਕਿਨਾਰੇ ਲੱਗ ਗਈ, ਜਿਸ ਨਾਲ ਕਿਸ਼ਤੀ ਦੇ ਸਾਰੇ ਯਾਤਰੀ ਬਚ ਗਏ। ਪਰ ਉਹ ਦੋ ਬੰਦੇ ਜਿਹੜੇ ਪਾਣੀ ਵਿੱਚ ਡਿੱਗ ਪਏ ਸਨ—ਇੱਕ ਮਲਾਹ ਅਤੇ ਦੂਜਾ ਇੱਕ ਯਾਤਰੀ—ਉਹਨਾਂ ਦੀ ਕਹਾਣੀ ਇੱਥੇ ਖਤਮ ਨਹੀਂ ਹੋਈ। ਉਹਨਾਂ ਬਾਰੇ ਮੈਂ ਤੁਹਾਨੂੰ ਇਸ ਕਹਾਣੀ ਦੇ ਭਾਗ-2 ਵਿੱਚ ਦੱਸ ਰਿਹਾ ਹਾਂ। ਇਸ ਕਹਾਣੀ ਨੂੰ ਪੜ੍ਹਨ ਤੋਂ ਪਹਿਲਾਂ ਤੁਸੀਂ “ਗੁੱਲੂ ਦੀ ਕਹਾਣੀ — ਭਾਗ-1” ਜ਼ਰੂਰ ਪੜ੍ਹਿਓ।
ਪਾਣੀ ਵਿੱਚ ਸੰਘਰਸ਼ :- ਜਦੋਂ ਦੋਵੇਂ ਪਾਣੀ ਵਿੱਚ ਡਿੱਗੇ ਤਾਂ ਨਦੀ ਦੇ ਪਾਣੀ ਦਾ ਵਹਾਅ ਪਾਣੀ ਬਹੁਤ ਤੇਜ਼ ਸੀ। ਮਲਾਹ ਨੂੰ ਤੈਰਨਾ ਆਉਂਦਾ ਸੀ, ਪਰ ਤੇਜ਼ ਧਾਰ ਉਸਨੂੰ ਹੇਠਾਂ ਵੱਲ ਖਿੱਚਦੀ ਜਾ ਰਹੀ ਸੀ। ਯਾਤਰੀ ਘਬਰਾ ਗਿਆ ਅਤੇ ਉਸਦਾ ਸਾਹ ਰੁਕ-ਰੁਕ ਕੇ ਚੱਲ ਰਿਹਾ ਸੀ। ਉਹ ਦੋਵੇਂ ਕਿਨਾਰੇ ਤੋਂ ਕਾਫ਼ੀ ਦੂਰ ਚਲੇ ਗਏ ਸਨ।
ਮਦਦਗਾਰ ਚਰਵਾਹਾ :- ਨਦੀ ਦੇ ਹੇਠਾਂ ਵਾਲੇ ਹਿੱਸੇ ਵਿੱਚ ਇੱਕ ਚਰਵਾਹਾ ਆਪਣੀ ਬੱਕਰੀਆਂ ਨੂੰ ਪਾਣੀ ਪਿਆਉਣ ਲਈ ਲੈ ਕੇ ਆਇਆ ਸੀ। ਉਸਨੇ ਦੂਰੋਂ ਕਿਸੇ ਦੀ ਮਦਦ ਲਈ ਚੀਕ ਸੁਣੀ। ਉਸਨੇ ਝੱਟ ਨਾਲ ਆਪਣੀ ਲੰਮੀ ਲਾਠੀ ਪਕੜੀ ਅਤੇ ਪਾਣੀ ਵੱਲ ਦੌੜਿਆ। ਕਿਸਮਤ ਨਾਲ, ਉਹ ਦੋਵੇਂ ਉਸ ਜਗ੍ਹਾ ਦੇ ਨੇੜੇ ਹੀ ਵਹਿ ਕੇ ਆ ਗਏ ਜਿੱਥੇ ਚਰਵਾਹਾ ਖੜ੍ਹਾ ਸੀ। ਉਸ ਜਗ੍ਹਾ ਪਾਣੀ ਦਾ ਵਹਾਅ ਸ਼ਾਇਦ ਥੋੜਾ ਘੱਟ ਸੀ। ਇਸ ਲਈ ਹੁਣ ਉਹ ਰੁੜਦੇ ਹੋਏ ਅੱਗੇ ਤਾਂ ਨਹੀਂ ਜਾ ਰਹੇ ਸੀ ਪਰ ਪਾਣੀ ਡੂੰਘਾ ਹੋਣ ਕਰਕੇ ਅਤੇ ਥਕਾਵਟ ਕਰਕੇ ਉਹਨਾਂ ਦਾ ਨਦੀ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ।
ਬਚਾਅ ਦੀ ਕੋਸ਼ਿਸ਼ :- ਮਲਾਹ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਤੈਰ ਕੇ ਲਾਠੀ ਦੇ ਨੇੜੇ ਲਿਆਂਦਾ । ਚਰਵਾਹੇ ਨੇ ਜ਼ੋਰ ਨਾਲ ਲਾਠੀ ਵਧਾਈ, ਮਲਾਹ ਨੇ ਉਸਨੂੰ ਫੜ ਲਿਆ ਅਤੇ ਉਹ ਕਿਨਾਰੇ ਤੇ ਆ ਗਿਆ। ਪਰ ਯਾਤਰੀ ਕਿਨਾਰੇ ਨਹੀਂ ਪਹੁੰਚ ਪਾ ਰਿਹਾ ਸੀ। ਚਰਵਾਹੇ ਨੇ ਆਪਣੀ ਪੱਗ ਖੋਲ੍ਹ ਕੇ ਉਸਨੂੰ ਰੱਸੀ ਵਾਂਗ ਸੁੱਟ ਦਿੱਤਾ। ਪੱਗ ਯਾਤਰੀ ਦੇ ਸਰੀਰ ਨਾਲ ਟਕਰਾਈ ਅਤੇ ਉਸਨੇ ਬਾਕੀ ਬਚੀ ਤਾਕਤ ਨਾਲ ਉਸਨੂੰ ਫੜ ਲਿਆ। ਹੌਲੀ-ਹੌਲੀ ਚਰਵਾਹਾ ਉਸਨੂੰ ਵੀ ਖਿੱਚ ਕੇ ਬਾਹਰ ਲੈ ਆਇਆ।
ਰੋਜ਼ਾਨਾ ਜੀਵਨ ਦਾ ਹੀਰੋ :- ਦੋਵੇਂ ਪਾਣੀ ਤੋਂ ਬਚ ਕੇ ਕਿਨਾਰੇ ਤਾਂ ਆ ਗਏ, ਪਰ ਉਹਨਾਂ ਦੇ ਦਿਲ ਅਜੇ ਵੀ ਡਰ ਨਾਲ ਧੜਕ ਰਹੇ ਸਨ। ਮਲਾਹ ਕੰਬਦੇ ਹੋਏ ਚਰਵਾਹੇ ਵੱਲ ਤੱਕਦਾ ਰਿਹਾ—ਉਹ ਜਾਣਦਾ ਸੀ ਕਿ ਅੱਜ ਜੇ ਇਹ ਸਧਾਰਣ ਚਰਵਾਹਾ ਉੱਥੇ ਨਾ ਹੁੰਦਾ, ਤਾਂ ਉਹ ਆਪਣੀ ਜਾਨ ਗੁਆ ਬੈਠਦਾ। ਚਰਵਾਹੇ ਨੇ ਦੋਵਾਂ ਨੂੰ ਬੈਠਣ ਲਈ ਕਿਹਾ ਅਤੇ ਪੁੱਛਿਆ, “ਠੀਕ ਹੋ ਤੁਸੀਂ?” ਉਸਦੀ ਆਵਾਜ਼ ਭਰੋਸਾ ਦੇਣ ਵਾਲੀ ਸੀ। ਯਾਤਰੀ, ਜੋ ਡਰ ਨਾਲ ਲਗਭਗ ਬੇਹੋਸ਼ ਹੋ ਗਿਆ ਸੀ, ਬੇਇਖ਼ਤਿਆਰ ਉਸਦੇ ਪੈਰਾਂ ਵੱਲ ਝੁਕਣ ਲੱਗਿਆ, ਪਰ ਚਰਵਾਹੇ ਨੇ ਉਸਨੂੰ ਤੁਰੰਤ ਰੋਕ ਲਿਆ ਅਤੇ ਕਿਹਾ, “ਜਾਨ ਬਚਾਉਣਾ ਮੇਰਾ ਫਰਜ਼ ਸੀ, ਸ਼ੁਕਰ ਨਾ ਕਰੋ—ਅੱਗੇ ਤੋਂ ਸਾਵਧਾਨ ਰਹਿਣਾ।” ਉਸਦੀ ਨਿਮਰਤਾ ਹੀ ਉਸਦੀ ਮਹਾਨਤਾ ਸੀ।
ਕਹਾਣੀ ਦਾ ਅੰਤ ਅਤੇ ਸਿੱਖਿਆ :- ਦੋਵੇਂ ਜਦੋਂ ਹੌਲੀ-ਹੌਲੀ ਆਪਣੇ ਰਸਤੇ ਵੱਲ ਤੁਰ ਪਏ ਤਾਂ ਉਹਨਾਂ ਦੇ ਦਿਲ ਵਿੱਚ ਇੱਕ ਨਵੀਂ ਸੋਚ ਪੈਦਾ ਹੋ ਚੁੱਕੀ ਸੀ। ਅੱਜ ਉਹਨਾਂ ਨੇ ਗੁੱਲੂ ਦੀ ਹਿੰਮਤ ਅਤੇ ਇੱਕ ਸਧਾਰਣ ਚਰਵਾਹੇ ਦੀ ਮਨੁੱਖਤਾ ਦੋਵੇਂ ਦੇਖੀਆਂ। ਯਾਤਰੀ ਨੇ ਸੋਚਿਆ ਕਿ ਅੱਗੇ ਤੋਂ ਉਹ ਕਿਸੇ ਦਾ ਮਜ਼ਾਕ ਨਹੀਂ ਉਡਾਏਗਾ, ਅਤੇ ਮਲਾਹ ਨੇ ਨਿਰਣੈ ਕੀਤਾ ਕਿ ਜਿੱਥੇ ਵੀ ਕਿਸੇ ਨੂੰ ਮੁਸੀਬਤ ਵਿੱਚ ਦੇਖੇਗਾ, ਮਦਦ ਲਈ ਅੱਗੇ ਵਧੇਗਾ। ਨਦੀ ਨੇ ਉਸ ਦਿਨ ਉਹਨਾਂ ਨੂੰ ਸਿਰਫ਼ ਡਰ ਨਹੀਂ ਦਿਖਾਇਆ, ਸਗੋਂ ਇੱਕ ਵੱਡੀ ਸਿੱਖਿਆ ਵੀ ਦਿੱਤੀ। ਹਿੰਮਤ ਸਰੀਰ ਵਿੱਚ ਨਹੀਂ, ਇਰਾਦੇ ਵਿੱਚ ਹੁੰਦੀ ਹੈ; ਅਤੇ ਨੇਕੀ ਉਹ ਕਰਦਾ ਹੈ ਜਿਸਦਾ ਦਿਲ ਸਾਫ਼ ਹੁੰਦਾ ਹੈ।
ਪਵਨ ਕੁਮਾਰ ਅੱਤਰੀ
ਅਧਿਆਪਕ (ਕਪੂਰਥਲਾ)
8427791277



