(ਸਮਾਜ ਵੀਕਲੀ) ਹਰ ਬੰਦੇ ਦੀ ਦੁਨੀਆ ਵੱਖਰੀ ਤੇ ਸੁਭਾਅ ਵੱਖਰਾ, ਪਰ ਜੋ ਇਨਸਾਨ ਉਪਰਲੀਆਂ ਹਵਾਵਾਂ ‘ਚ ਰਹਿੰਦੇ ਹੋਏ ਹੋਛੇ ਕੰਮ ਕਰਦੇ ਨੇ, ਓਹਨਾਂ ਦੀ ਗਿਣਤੀ ਫੁਕਰਿਆਂ ‘ਚ ਆਉਂਦੀ ਏ, ਪੁਰਾਣੇ ਵੇਲਿਆਂ ‘ਚ ਵਾਧੂ ਚੌੜ ਕਰਨ ਵਾਲੇ ਫੁਕਰੇ – ਆਲੰਬਰਦਾਰ ਸੁਭਾਅ ਨੂੰ ਸਮਾਜ ਨੇ ਕਦੀ ਵੀ ਚੰਗਾ ਨਹੀਂ ਸੀ ਸਮਝਿਆ, ਪਰ ਬਦਲਦੇ ਜ਼ਮਾਨੇ ਨਾਲ ਕਈ ਕੁਝ ਬਦਲਿਆ, ਕਈ ਮਾੜੀਆਂ ਗੱਲਾਂ ਨੂੰ ਲੋਕ ਆਮ ਵਾਂਗ ਲੈਣ ਲੱਗ ਪਏ, ਫੁਕਰਾਪਣ, ਸ਼ੋਸ਼ੇਬਾਜੀ ਤੇ ਵਿਖਾਵਾ ਆਮ ਜਿਹਾ ਹੋ ਗਿਆ, ਹੁਣ ਲੋਕਾਂ ਦਾ ਜਿਆਦਾ ਹਿੱਸਾ ਚਾਦਰ ਤੋਂ ਬਾਹਰ ਪੈਰ ਪਸਾਰਦਿਆ ਵਿੱਤੋਂ ਬਾਹਰੀਆਂ ਗੱਲਾਂ ਕਰਨ ‘ਚ ਲੱਗਿਆ ਹੋਇਆ ਏ, ਉੱਤੋਂ ਮਾੜੀਆਂ ਫਿਲਮਾਂ, ਗੀਤਾਂ ਤੇ ਸ਼ੋਸ਼ਲ ਮੀਡੀਆ ਨੇ ਬਲਦੀ ‘ਤੇ ਤੇਲ ਪਾਇਆ…ਗੱਲ ਕੀ, ਪਤਾ ਹੀ ਨਹੀਂ ਲੱਗਾ ਕਿ ਕਦ ਅਸੀਂ ਏਸ ਵਹਿਣ ‘ਚ ਵਹਿ ਤੁਰੇ, ਕਦ ਸਾਡੀ ਰਹਿਣੀ – ਬਹਿਣੀ ਤੇ ਸਹਿਣੀ ਏਸ ਦੀ ਭੇਟ ਚੜ੍ਹ ਗਈ, ਹਾਏ…ਸਾਡਾ ਭਵਿੱਖ ਸਾਡੀ ਜਵਾਨੀ ਨੂੰ ਨਸ਼ਾ ਤੇ ਗੰਨ ਕਲਚਰ ਮੌਤ ਦੇ ਮੂੰਹ ‘ਚ ਧੱਕਣ ਲੱਗ ਪਿਆ, ਜਿਸਦੇ ਡੌਲੇ ਫਰਕਣੇ ਤਾਂ ਕੀ, ਚੰਗੀ ਤਰ੍ਹਾਂ ਫੁੱਲ ਵੀ ਨਹੀਂ ਰਹੇ, ਓਹ ਵੀ ਬਾਹਵਾਂ ‘ਤੇ ਹਥਿਆਰਾਂ ਦੇ ਟੈਟੂ, ਮੁੱਛਾਂ ਕੁੰਡੀਆਂ ਕਰਵਾ ਕੇ ਆਪਣੇ ਆਪ ਨੂੰ ਅਰਜਨ ਵੈਲੀ ਹੀ ਸਮਝ ਰਿਹਾ, ਓਹਨਾਂ ਨੂੰ ਸਮਝਾਉਣਾ ਤਾਂ ਕੀ ਅਸੀਂ ਸਿਆਣੇ ਵੀ ਆਪਣੀ ਨੱਕ ਉੱਚੀ ਰੱਖਣ, ਸਾਹਮਣੇ ਵਾਲ਼ੇ ਨੂੰ ਨੀਵਾਂ ਵਿਖਾਉਣ ਤੇ ਫੋਕੀ ਵਾਹ – ਵਾਹ ਲਈ ਘਰੇਲੂ ਸਮਾਗਮਾਂ ‘ਤੇ ਕਰਜਾਈ ਹੋ ਕੇ ਪਾਣੀ ਵਾਂਗ ਪੈਸਾ ਵਹਾਉਣ ਲੱਗੇ ਪਏ….ਵੇਖੋ, ਏਹ ਵੀ ਫੁਕਰਪੁਣੇ ਦਾ ਹੀ ਇੱਕ ਹਿੱਸਾ ਏ…..ਸੋਚੋ, ਸਾਡੇ ਸਮਾਜਿਕ, ਧਾਰਮਿਕ, ਵਿਦਿਅਕ ਤੇ ਰਾਜਨੀਤਿਕ ਅਦਾਰੇ ਏਸ ਨੂੰ ਰੋਕਣ ਦੀ ਜਗ੍ਹਾ ਚੁੱਪ ਹਨ….ਸਮਝੋ, ਵਧ ਰਿਹਾ ਫੁਕਰਪੁਣਾ ਸਮਾਜ ਲਈ ਚਿੰਤਾ ਦਾ ਵਿਸ਼ਾ ਏ, ਏਸਨੂੰ ਸੱਚੀਂ ਰੋਕਣ ਦੀ ਲੋੜ ਏ,…ਭਲਿਓ ਲੋਕੋ।
ਜਗਮੋਹਣ ਕੌਰ,
ਬੱਸੀ ਪਠਾਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly