
ਕਪੂਰਥਲਾ (ਸਮਾਜ ਵੀਕਲੀ) ( ਕੌੜਾ )– ਗ੍ਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਸਰਪੰਚ ਸੁਖਵਿੰਦਰ ਸਿੰਘ ਸੌਂਦ ਦੀ ਅਗਵਾਈ ਹੇਠ ਬੱਚਿਆਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਨੂੰ ਇੰਨਵਰਟਰ ਭੇਂਟ ਕੀਤਾ ਗਿਆ । ਇਸ ਮੌਕੇ ਸਕੂਲ ਇੰਚਾਰਜ ਗੁਰਬਖਸ਼ ਕੌਰ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਬੋਲਦਿਆਂ ਸਰਪੰਚ ਸੁਖਵਿੰਦਰ ਸਿੰਘ ਸੌਂਦ ਨੇ ਕਿਹਾ ਕਿ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨਾ ਸਾਡਾ ਫਰਜ਼ ਹੈ।ਉਹਨਾਂ ਨੇ ਕਿਹਾ ਕਿ ਸਕੂਲਾਂ ਵਿੱਚ ਪੜ੍ਹ ਰਹੇ ਬੱਚੇ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਭਵਿੱਖ ਹਨ। ਇਹਨਾਂ ਬੱਚਿਆਂ ਨੇ ਹੀ ਦੇਸ਼ ਦੀ ਵੱਖ ਵੱਖ ਖੇਤਰਾਂ ਵਿੱਚ ਸੇਵਾ ਕਰਨੀ ਹੈ। ਉਹਨਾਂ ਨੇ ਕਿਹਾ ਕਿ ਪੰਚਾਇਤ ਨੇ ਆਪਣਾ ਫਰਜ਼ ਸਮਝਦੇ ਹੋਏ ਕੰਪਿਊਟਰ ਲੈਬ ਨੂੰ ਇਨਵਰਟਰ ਅਤੇ ਬੈਟਰਾ ਦਾਨ ਕੀਤਾ ਹੈ ਤਾਂ ਜੋ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਵੇਲੇ ਬਿਜਲੀ ਬੰਦ ਹੋਣ ਤੇ ਵੀ ਕੋਈ ਦਿੱਕਤ ਨਾ ਆਵੇ। ਇਸ ਮੌਕੇ ਸਕੂਲ ਇੰਚਾਰਜ ਗੁਰਬਖਸ਼ ਕੌਰ ਨੇ ਸਮੁੱਚੀ ਗ੍ਰਾਮ ਪੰਚਾਇਤ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਗਿਆਨ ਪ੍ਰਾਪਤ ਕਰ ਰਹੇ ਬੱਚਿਆਂ ਲਈ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ ਉਹਨਾਂ ਨੇ ਸਮੂਹ ਪੰਚਾਇਤ ਅਤੇ ਨਗਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਕੂਲ ਵਿੱਚ ਪੜ੍ਹਾਈ ਦੇ ਮਿਆਰ ਨੂੰ ਉੱਚਾ ਰੱਖਣਗੇ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਖਤ ਮਿਹਨਤ ਕਰਦੇ ਰਹਿਣਗੇ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਸਾਲਾਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਸਲਾਨਾ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਉਹ ਇਸ ਪਰੰਪਰਾ ਨੂੰ ਕਾਇਮ ਰੱਖਣਗੇ। ਇਸ ਮੌਕੇ ਪੰਚ ਗੁਲਜਾਰ ਸਿੰਘ, ਪੰਚ ਬਲਵੀਰ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਜਸਵੰਤ ਸਿੰਘ ਜੱਸਾ, ਪੰਚ ਮਲਕੀਤ ਸਿੰਘ, ਚਰਨਜੀਤ ਸਿੰਘ ਮੋਮੀ, ਗੁਰਦੀਪ ਸਿੰਘ ਵਲੈਤੀਆ , ਦਲਜੀਤ ਸਿੰਘ ਲਾਡੀ ,ਬਖਸ਼ੀਸ਼ ਸਿੰਘ ਚੇਲਾ, ਲਖਵੀਰ ਸਿੰਘ, ਸਕੂਲ ਅਧਿਆਪਕ ਰਣਜੀਤ ਕੌਰ ,ਜਸਵਿੰਦਰ ਕੌਰ, ਰਵੀ ਮੋਹਨ, ਗੁਰਪ੍ਰੀਤ ਕੌਰ, ਸਰਬਜੀਤ ਕੌਰ ,ਗੁਰਮੀਤ ਕੌਰ, ਗਗਨਜੀਤ ਸਿੰਘ, ਸੀਐਚਟੀ ਰਾਮ ਸਿੰਘ ਆਦਿ ਹਾਜ਼ਰ ਸਨ।


