ਆਪ ਵਾਲੇ ਰਹਿਗੇ ਸਾਰੇ ਬੋਰਡ ਟੰਗਦੇ
ਬਲਬੀਰ ਸਿੰਘ ਬੱਬੀ –ਪੰਜਾਬ ਵਿੱਚ ਰਾਜ ਭਾਗ ਦਾ ਆਨੰਦ ਮਾਣ ਰਹੀ ਆਮ ਆਦਮੀ ਪਾਰਟੀ ਦਾ ਹੁਣ ਨਾਮ ਹੀ ਆਮ ਆਦਮੀ ਦੀ ਪਾਰਟੀ ਰਹਿ ਗਿਆ ਹੈ ਕਿਉਂਕਿ ਇਸ ਵਿੱਚ ਵੀ ਬਾਕੀ ਪਾਰਟੀਆਂ ਦੇ ਵਾਂਗ ਹੀ ਉਥਲ ਪੁੱਥਲ ਹੋ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਅੱਜ ਆਪ ਵੱਲੋਂ ਲੋਕ ਸਭਾ ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ ਵਿੱਚੋਂ ਝਲਕਦਾ ਹੈ।
ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਜੋ ਕਿ ਰਿਜ਼ਰਵ ਹੈ ਇਥੋਂ ਆਮ ਆਦਮੀ ਪਾਰਟੀ ਨੇ ਜਿਸ ਵਿਅਕਤੀ ਨੂੰ ਟਿਕਟ ਦਿੱਤੀ ਹੈ ਉਹ ਕਾਂਗਰਸ ਦਾ ਸਾਬਕਾ ਵਿਧਾਇਕ ਹੈ ਅਤੇ ਪੰਜ ਕੁ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ ਹੈ ਤੇ ਉਹੀ ਗੁਰਪ੍ਰੀਤ ਜੀ ਪੀ ਟਿਕਟ ਲੈਣ ਵਿੱਚ ਸਫਲ ਹੋ ਗਿਆ। ਇਹ ਕਿਆਸ ਅਰਾਈਆਂ ਤਾਂ ਉਸ ਵੇਲੇ ਹੀ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਜੀ ਪੀ ਆਪ ਵਿੱਚ ਸ਼ਾਮਿਲ ਹੋਇਆ ਸੀ ਉਦੋਂ ਹੀ ਇਹ ਅੰਦਾਜੇ ਲੱਗਣ ਲੱਗ ਪਏ ਸਨ ਕਿ ਹੁਣ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੀ ਟਿਕਟ ਜੀ ਪੀ ਨੂੰ ਹੀ ਮਿਲੇਗੀ। ਠੀਕ ਹੈ ਇਹ ਪਾਰਟੀ ਦਾ ਆਪਣਾ ਅੰਦਰੂਨੀ ਮਾਮਲਾ ਹੈ ਪਰ ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਸ੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਦੇ ਉੱਪਰ ਇੱਕ ਨਹੀਂ ਅਨੇਕਾਂ ਹੀ ਆਪ ਦੇ ਆਗੂ ਵਰਕਰ ਆਪਣਾ ਦਾਅਵਾ ਜਿਤਾ ਰਹੇ ਸਨ। ਇਹ ਦਾਅਵਾ ਜਿਤਾਉਣ ਵਾਲੇ ਕੋਈ ਹੋਰ ਨਹੀਂ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਪ੍ਰਮੁੱਖ ਅਹੁਦੇਦਾਰ ਵਲੰਟੀਅਰ ਤੇ ਵਰਕਰ ਹੀ ਸਨ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਆਪ ਦੇ ਪੁਰਾਣੇ ਵਰਕਰ ਵਲੰਟੀਅਰ ਦੀ ਕਿੰਨੀ ਕਦਰ ਹੈ ਤੇ ਜੋ ਇਹਨਾਂ ਨੂੰ ਆਪਣਾ ਉਮੀਦਵਾਰ ਹੀ ਨਹੀਂ ਮਿਲਿਆ।
ਹਾਲੇ 15-20 ਦਿਨ ਪਹਿਲਾਂ ਦੀ ਤਾਂ ਗੱਲ ਹੈ ਜਦੋਂ ਆਪ ਨਾਲ ਸੰਬੰਧਿਤ ਪ੍ਰਮੁੱਖ ਆਗੂ ਜੱਸੀ ਸੋਹੀਆਂ ਵਾਲਾ ਆਪ ਦਾ ਹੀ ਹੋਰ ਆਗੂ ਬਲਜਿੰਦਰ ਚੌਂਦਾ ਇਹਨਾਂ ਪ੍ਰਮੁੱਖ ਆਗੂਆਂ ਤੋਂ ਇਲਾਵਾ ਹੋਰ ਵੀ ਕਈ ਵੱਡੇ ਛੋਟੇ ਆਗੂ ਸਨ ਜੋ ਇਸ ਸੀਟ ਉੱਤੇ ਆਪਣਾ ਦਾਅਵਾ ਜਿਤਾ ਰਹੇ ਸਨ। ਇਨਾਂ ਵਿੱਚੋਂ ਬਹੁਤੇ ਆਗੂਆਂ ਨੇ ਬੇਸ਼ਕ ਲੋਕ ਸਭਾ ਹਲਕਾ ਫਤਹਗੜ੍ਹ ਸਾਹਿਬ ਵਿੱਚ ਕਦੇ ਬਹੁਤੀ ਸ਼ਿਰਕਤ ਸਰਗਰਮੀ ਨਹੀਂ ਕੀਤੀ ਸੀ ਪਰ ਪਿਛਲੇ ਦਿਨਾਂ ਤੋਂ ਇਹਨਾਂ ਵੱਲੋਂ ਆਪੋ ਆਪਣਾ ਨਾਮ ਚਮਕਾਉਣ ਲਈ ਸਮੁੱਚੇ ਲੋਕ ਸਭਾ ਹਲਕੇ ਵਿੱਚ ਹੀ ਬੋਰਡ ਟੰਗ ਦਿੱਤੇ ਸਨ ਪਰ ਅੱਜ ਜਦੋਂ ਟਿਕਟ ਗੁਰਪ੍ਰੀਤ ਨੂੰ ਮਿਲੀ ਤਾਂ ਹੁਣ ਇਹਨਾਂ ਦੇ ਟੰਗੇ ਹੋਏ ਬੋਰਡ ਲੋਕਾਂ ਨੂੰ ਤਾਂ ਨਹੀਂ, ਇਨਾਂ ਨੂੰ ਹੀ ਸ਼ਰਮਿੰਦਾ ਕਰ ਰਹੇ ਹਨ। ਹੁਣ ਤੁਸੀਂ ਆਪ ਅੰਦਾਜ਼ਾ ਲਗਾਓ ਇਨਕਲਾਬ ਪੈਦਾ ਕਰਕੇ ਇੱਕ ਨਵੀਂ ਸਿਆਸਤ ਦੀ ਸ਼ੁਰੂਆਤ ਕਰਨ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਕੀ ਹੈ ਬਾਕੀ ਤੁਸੀਂ ਵਿਚਾਰੋ…!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly