(ਸਮਾਜ ਵੀਕਲੀ)
ਜਿਸਮਾਂ ਉਪਰ ਤਿਰੰਗਾ ਲਾ ਲਾ, ਕੀ ਕੀ ਲੋਕੀਂ ਕੂਕ ਰਹੇ
ਨੰਗ ਦਿਖਾਵਣ ਮੁਟਿਆਰਾਂ ‘ਤੇ , ਮਾਪੇ ਦਰਸ਼ਕ ਮੂਕ ਰਹੇ
ਕਿਰਦਾਰਕੁਸ਼ੀ ਨਾ ਕਰ ਜਾਵਣ, ਬਿੱਛੂ ਕਾਲੇ ਹੋਸ਼ ਕਰੋ
ਕਦਮ ਕਦਮ ਤੇ ਨਸਲਕੁਸ਼ੀ ਨੂੰ, ਨਾਗ਼ ਵਸ਼ੀਲੇ ਸ਼ੂਕ ਰਹੇ
ਸੰਘਰਸ਼ ਅਜ਼ਾਦੀ ਵਾਲਾ ਲੜਦੇ, ਸੜਗੇ ਜੇਲਾਂ ਅੰਦਰ
ਸਾਡੇ ਹਿੱਸੇ ਦੇ ਸਰਕਾਰੇ, ਕਿੱਥੇ ਹੱਕ ਹਕੂਕ ਰਹੇ
ਪਰਦੇ ਜਿਹਨਾਂ ਦੀਆਂ ਧੀਆਂ ਦੇ, ਲਾਹ ਦਸਤਾਰਾਂ ਕੱਜੇ
ਵੈਰ ਅਕ੍ਰਿਤਘਣਾਂ ਦੇ ਕੈਸੇ, ਸਾਡੇ ਨਾਲ਼ ਸਲੂਕ ਰਹੇ
ਪੰਜਾਬ ਦਿਆਂ ਧੀਆਂ ਪੁੱਤਾਂ ਨੂੰ, ਜ਼ਰਦੇ ਕਦ ਜਰਵਾਣੇ
ਦੁਸ਼ਮਣ ਟਿੱਡੀ ਦਲ ਦੇ ਵਾਗੂੰ, ਸਿਰ ਤੇ ਹਰ ਦਮ ਘੂਕ ਰਹੇ
ਕਰਨੀ ਹਾਸਿਲ ਰਾਜ ਸਤਾ, ਹੋਏ ਬਾਂਦਰ ਝੁੰਡ ਇਕੱਠੇ
ਗਿੱਦੜ ਸੰਘ ਪੜਾ ਕੇ ਦੇਖੋ, ਉੱਚੀ ਉੱਚੀ ਬੂਕ ਰਹੇ
ਲੱਛਣ ਦੇਖ ਹਕੂਮਤ ਦੇ , ਹੈ ਬਾਗ਼ੀ ਹਰ ਸਖ਼ਸ਼ ਬਸ਼ਿੰਦਾ
ਵਰਦੀ ਧਾਰੀ ਮਾਚਿਸ ਲੈ ਲੈ, ਹਨ ਅਰਲ਼ਾ ਕੋਟ ਫ਼ੂਕ ਰਹੇ
ਵਿਕਦੇ ਨਾ ਅਖ਼ਵਾਰ ਕਦੇ ਵੀ, ਨਾ ਚੈਨਲ ਹੀ ਇਹ ਵਿਕਦੇ
ਖਬਰ ਸਨਸਨੀਖੇਜ਼ਾਂ ਵਾਲੇ , ਪੱਤਰਕਾਰ ਮਲ਼ੂਕ ਰਹੇ
ਰਿਸ਼ਤੇ ਪਾਕਿ-ਪਵਿੱਤਰ ਟੁੱਟੇ, ਤਲਖ਼ ਬਜ਼ਾਰੂ ਮੰਡੀ ਵਿੱਚ
ਪਰਵਾਸ ਕਰਨ ਦੇ ਚੱਕਰ ਵਿੱਚ, ਹੋ ਤਲਾਕ-ਤਾਲੂਕ ਰਹੇ
ਜੰਗ਼ਲ਼ ਰਕਬੇ ਉੱਪਰ ਕਾਬਿਜ਼, ਢੀਠ ਅਜਾਰੇਦਾਰੀ ਹੈ
ਮਾਂ ਮਿੱਟੀ ਦੀ ਰਖ਼ਿਆ ਖਾਤਰ, ਲੋਕ ਉਠਾ ਬੰਦੂਕ ਰਹੇ
ਜੁੱਤੀ ਤਿੱਲੇ ਵਾਲੀ ਜ਼ਰਕੇ, ਨਾ ਮਟਕੇ ਤੋਰ ਸ਼ਕੀਨਣ
ਫੁਲ਼ਕਾਰੀ ਬਾਗ਼-ਬਗੀਚੇ, ਨਾ ਦਾਦੀ ਦੇ ਸੰਦੂਕ ਰਹੇ
ਲੋਕ ਅਵਾਜ਼ਾਂ ਗੁੰਮ ਰਹੀਆਂ ਨੇ, ਕਿਉਂ ਗੁੰਮ ਰਹੇ ਅੰਦੋਲਨ
ਰਾਜ ਦਿਲਾਂ ਤੇ ਕਰਨੇ ਵਾਲੇ, ਨਾ “ਬਾਲੀ” ਫ਼ਾਰੂਕ ਰਹੇ।
ਬਾਲੀ ਰੇਤਗੜੵ
+919465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly