ਗ਼ਜ਼ਲ

ਜਗਦੀਸ਼ ਰਾਣਾ

(ਸਮਾਜ ਵੀਕਲੀ)

 

ਸਰੋਂ ਦੇ ਖੇਤ ਮਹਿਕਣ,
ਤਿਤਲੀਆਂ ਨੇ ਗੀਤ ਗਾਏ।
ਬਸੰਤੀ ਰੁੱਤ ਹੈ ਫਿਰ ਵੀ ਤੇਰੇ ਬਾਝੋਂ ਨਾ ਭਾਏ।

ਕਦੇ ਹੀਰਾ ਜਿਹਾ ਸੀ,ਬਿਨ ਉਦ੍ਹੇ ਹਾਂ ਕੱਚ ਵਰਗਾ,
ਸੁਨੇਹਾ ਓਸ ਨੂੰ ਦੇਵੀਂ, ਪੁਰੇ ਦੇ ਐ ਹਵਾਏ।

ਉਨ੍ਹਾਂ ਜਦ ਰੌਸ਼ਨੀ ਚਾਹੀ,ਮੈਂ ਅਪਣਾ ਘਰ ਜਲਾਇਆ,
ਉਹ ਹੁਣ ਆਖਣ, ‘ਕਿ ਇਸ ਪਾਗ਼ਲ ਤੋਂ ਰੱਬ ਸਾਨੂੰ ਬਚਾਏ ‘।

ਉਸੇ ਥਾਂ ਤੇ ਮੁਹੱਬਤ ਦੀ ਹੈ ਮੈਂ ਬਰਸੀ ਮਨਾਈ,
ਅਸੀਂ ਜਿੱਥੇ ਮੁਹੱਬਤ ਦੇ ਕਦੀ ਸਨ ਗੀਤ ਗਾਏ।

ਜਦੋਂ ਬੇਮੌਸਮੀ ਬਰਸਾਤ ਹੁੰਦੀ ਹੈ ਓ ਸਾਜਨ,
ਤੇਰਾ ਮਿਲਣਾ,ਜੁਦਾ ਹੋਣਾ,ਬੜਾ ਹੀ ਯਾਦ ਆਏ।

ਸਮੁੰਦਰ ਸਾਮ੍ਹਣੇ ਹੋਵੇ, ਮਰੇ ਫਿਰ ਵੀ ਉਹ ਪਿਆਸਾ,
ਕਿਸੇ ਨੂੰ ਵੀ ਸਮਾਂ ਨਾ ਇਸ ਤਰ੍ਹਾਂ ਦੇ ਦਿਨ ਦਿਖਾਏ।

ਕਿਵੇਂ ਖ਼ੁਸ਼ੀਆਂ ਦੇ ਫੁੱਲ ਪੈਂਦੇ ਤੇ ਫ਼ਲ ਲਗਦੇ ਇਨ੍ਹਾਂ ਨੂੰ,
ਅਸੀਂ ਬੂਟੇ ਗ਼ਮਾਂ ਦੇ ਜ਼ਿੰਦਗੀ ਵਿੱਚ ਖ਼ੁਦ ਲਗਾਏ।

ਅਜੇ ਤਕ ਵੀ ਕੁਆਰੀ ਰੀਝ ਹੀ ਉਸ ਦੇ ਮਿਲਨ ਦੀ,
ਕਦੇ ਬਣ ਕੇ ਪ੍ਰਾਹੁਣਾ ਉਹ ਮੇਰੇ ਘਰ ਪੈਰ ਪਾਏ।

ਸਮੁੰਦਰ ਪਾਰ ਜਾ ਬੈਠਾ,ਭੁਲਾ ਕੇ ਮੀਤ ਮਨ ਦਾ,
ਨਹੀਂ ਉਸ ਨੂੰ ਖ਼ਬਰ ਰਾਣੇ ਨੇ ਕਿੱਦਾਂ ਦਿਨ ਬਿਤਾਏ।

ਜਗਦੀਸ਼ ਰਾਣਾ

ਸੰਪਰਕ – 9872630635

Previous article“ਸਕਾਊਟ ਮਾਸਟਰ ਮਨਦੀਪ ਸਿੰਘ ਸੇਖੋਂ ਦਾ ਵਿਸ਼ੇਸ਼ ਸਨਮਾਨ”
Next articleਜਰਖੜ ਖੇਡਾਂ ਦੀ ਚੜ੍ਹਦੀ ਕਲਾਂ ਲਈ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਸੰਪਨ