ਇਲਾਕਾ ਨਿਵਾਸੀਆਂ ਵੱਲੋਂ ਗੈਸ ਏਜੰਸੀ ਖ਼ਿਲਾਫ਼ ਨਾਅਰੇਬਾਜ਼ੀ
ਮੋਰਿੰਡਾ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ): ਮੋਰਿੰਡਾ ਇਲਾਕੇ ਵਿੱਚ ਘਰੇਲੂ ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਖਪਤਕਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁਕਿੰਗ ਦੇ ਬਾਵਜੂਦ ਸਿਲੰਡਰ ਨਾ ਮਿਲਣ ਕਾਰਨ ਗੁੱਸੇ ਵਿੱਚ ਆਏ ਲੋਕਾਂ ਨੇ ਅੱਜ ਸਹੇੜੀ ਸਥਿਤ ਗੈਸ ਏਜੰਸੀ ਦੇ ਗੁਦਾਮ ਦੇ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਪ੍ਰਸ਼ਾਸਨ ਤੋਂ ਸਪਲਾਈ ਸੁਚਾਰੂ ਬਣਾਉਣ ਦੀ ਮੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਦੱਸਿਆ ਕਿ ਗੈਸ ਸਿਲੰਡਰ ਬੁੱਕ ਕਰਵਾਏ ਨੂੰ ਕਈ-ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਲੋਕਾਂ ਨੂੰ ਸਪਲਾਈ ਨਹੀਂ ਮਿਲ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਗੈਸ ਏਜੰਸੀ ਦੇ ਮਾਲਕ ਖਪਤਕਾਰਾਂ ਦੇ ਫ਼ੋਨ ਤੱਕ ਅਟੈਂਡ ਨਹੀਂ ਕਰ ਰਹੇ। ਲੋਕ ਸਾਰਾ-ਸਾਰਾ ਦਿਨ ਗੁਦਾਮ ਦੇ ਬਾਹਰ ਕਤਾਰਾਂ ਵਿੱਚ ਖੜ੍ਹ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਹਨ, ਪਰ ਸ਼ਾਮ ਨੂੰ ਉਨ੍ਹਾਂ ਨੂੰ ਖਾਲੀ ਹੱਥ ਘਰ ਪਰਤਣਾ ਪੈਂਦਾ ਹੈ। ਲਾਈਨ ਵਿੱਚ ਖੜ੍ਹੇ ਰਣਬੀਰ ਸਿੰਘ ਖਮਾਣੋਂ, ਰਿੰਕੂ ਮੋਰਿੰਡਾ, ਤੇਲੂ ਰਾਮ ਮੋਰਿੰਡਾ, ਬਲਜੀਤ ਸਿੰਘ ਕਲੌੜ ਅਤੇ ਮਨਜੀਤ ਸਿੰਘ ਢੋਲਣ ਮਾਜਰਾ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਗੁਦਾਮ ਦੇ ਚੱਕਰ ਕੱਟ ਰਹੇ ਹਨ, ਪਰ ਏਜੰਸੀ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਖਪਤਕਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇ ਕੇ ਗੈਸ ਦੀ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਜੋ ਆਮ ਜਨਤਾ ਨੂੰ ਸੜਕਾਂ ‘ਤੇ ਰੁਲਣ ਤੋਂ ਬਚਾਇਆ ਜਾ ਸਕੇ। ਸਪਲਾਈ ਸੰਬੰਧੀ ਜਾਣਕਾਰੀ ਲਈ ਏਜੰਸੀ ਮਾਲਕ ਨਾਲ ਸਪੰਰਕ ਕਰਨ ਦੀ ਕੀਤੀ ਕੋਸ਼ਿਸ਼ ਅਸਫ਼ਲ ਰਹੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



