“ਇਮਾਰਤਸਾਜ਼ੀ ਤੋਂ ਲਾਇਬਰੇਰੀ ਤਕ “

ਮਾਸਟਰ ਹਰਭਿੰਦਰ ਮੁੱਲਾਂਪੁਰ

(ਸਮਾਜ ਵੀਕਲੀ)

ਲਗਪਭਗ ਇੱਕ ਦਹਾਕੇ ਤੋਂ ਮੈਂ ਆਪਣੇ ਸਕੂਲ ਵਿੱਚ ਸਰਕਾਰੀ ਗਰਾਂਟਾਂ ਦੇ ਲੇਖੇ ਜੋਖੇ ਅਤੇ ਵੱਖ ਵੱਖ ਇਮਾਰਤਾਂ ਬਣਾਉਣ ਵਿੱਚ ਜੁਟਿਆ ਰਿਹਾ ।ਇਸ ਕਾਰਜ ਨਾਲ ਮੇਰੇ ਮਾਨਸਿਕ ਪੱਧਰ ਤੇ ਕਾਫ਼ੀ ਨਾਕਾਰਾਤਮਕ ਪ੍ਰਭਾਵ ਪਿਆ। ਮੇਰੇ ਜ਼ਿਹਨ ਵਿੱਚ ਹਰ ਪਲ ਵਿਦਿਆਰਥੀਆਂ ਦੇ ਪਾਠ ਕ੍ਰਮ ਜਾਂ ਸਿੱਖਣ ਸਿਖਾਉਣ ਦੀਆਂ ਕਿਰਿਆਵਾਂ ਅਤੇ ਲਾਇਬਰੇਰੀ ਦੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲਾਉਣ ਦੀ ਬਜਾਇ ਗਰਾਂਟਾਂ ਦੇ ਅੰਕੜੇ, ਇੱਟਾਂ, ਰੇਤਾ, ਰੋੜੀ ਸਰੀਆ ਅਤੇ ਦਿਹਾੜੀਆਂ ਆਦਿ ਹੀ ਘੁੰਮਦੇ ਰਹਿੰਦੇ ਸਨ। ਮੈਂ ਵਿਦਿਆਰਥੀਆਂ ਸੰਗ ਡੂੰਘਾਈ ਨਾਲ ਜੁੜਨ ਤੋਂ ਬੇਵੱਸ ਅਤੇ ਲਾਚਾਰ ਸੀ ।

ਪਰ ਮੇਰੇ ਮਨ ਮਸਤਕ ਦੇ ਇਕ ਕੋਨੇ ਨੂੰ ਸਕੂਲ ਦੀ ਲਾਇਬਰੇਰੀ ਨੇ ਮੱਲਿਆ ਹੋਇਆ ਸੀ ਕਿਉਂ ਜੋ ਬਚਪਨ ਵਿੱਚ ਆਪਣੇ ਵੱਡੇ ਵੀਰ ਪ੍ਰੋਫੈਸਰ ਸੁਖਵਿੰਦਰ ਸਿੰਘ ਕੌਲ ਦੀਆਂ ਹਜ਼ਾਰਾਂ ਕਿਤਾਬਾਂ ਨਾਲ ਲੈਸ ਨਿੱਜੀ ਲਾਇਬਰੇਰੀ ਨੂੰ ਨਿਹਾਰਦਾ ਰਹਿੰਦਾ ਸੀ। ਵੀਰ ਜੀ ਦੀ ਪ੍ਰੇਰਨਾ ਸਦਕਾ ਹੀ ਮੇਰੇ ਦੂਜੇ ਭੈਣ ਅਤੇ ਭਰਾ ਨੇ ਲਾਇਬਰੇਰੀ ਸਾਇੰਸ ਦੀਆਂ ਉੱਚ ਡਿਗਰੀਆਂ ਹਾਸਲ ਕਰ ਕੇ ਇਸੇ ਕਿੱਤੇ ਨੂੰ ਅਪਣਾਇਆ ਅਤੇ ਅੱਗੇ ਚੱਲ ਕੇ ਕਈ ਲੋਕਾਂ ਨੂੰ ਇਸ ਖੇਤਰ ਵਿੱਚ ਡਿਪਲੋਮਾ ਅਤੇ ਡਿਗਰੀਆਂ ਕਰਨ ਵਾਸਤੇ ਅਗਵਾਈ ਕੀਤੀ ।ਸੋ ਮੇਰੇ ਮਨ ਵਿੱਚ ਵੀ ਇਸ ਅਹਿਮ ਕਾਰਜ ਦੀ ਮਹੱਤਤਾ ਅਤੇ ਪਵਿੱਤਰਤਾ ਘਰ ਕਰ ਚੁੱਕੀ ਸੀ

ਮੇਰੇ ਸਕੂਲ ਵਿੱਚ ਲਾਇਬ੍ਰੇਰੀ ਦਾ ਸੰਚਾਲਨ ਨਾਨ ਟੀਚਿੰਗ ਅਮਲੇ ਨੂੰ ਸੌਂਪਿਆ ਜਾਂਦਾ ਰਿਹਾ ਕਿਉਂ ਜੋ ਕੋਈ ਵੀ ਅਧਿਆਪਕ ਸਵੈ ਇੱਛਾ ਨਾਲ ਇਸ ਨੂੰ ਨਹੀਂ ਸੀ ਅਪਨਾਉਂਦਾ ।ਪਰ ਮੈਂ ਆਪਣੇ ਯਤਨਾਂ ਨਾਲ ਲਾਇਬਰੇਰੀ ਨੂੰ ਸਕੂਲ ਦੇ ਇਕ ਵੱਡੇ ਕਮਰੇ ਵਿਚ ਤਬਦੀਲ ਕਰਵਾਇਆ ।ਕੁਝ ਸਮੇਂ ਬਾਅਦ ਲਾਇਬਰੇਰੀ ਅਟੈਂਡੈਂਟ ਨੌਕਰੀ ਤੋਂ ਅਸਤੀਫ਼ਾ ਦੇ ਕੇ ਕੈਨੇਡਾ ਵਸ ਗਈ ਹੁਣ ਮੈਂ ਲਾਇਬਰੇਰੀ ਸਾਂਭਣਾ ਚਾਹੁੰਦਾ ਸੀ , ਪਰ ਸਿਵਲ ਵਰਕਸ ਦੇ ਕੰਮਾਂ ਤੋਂ ਨਿਜਾਤ ਵੀ ਪਾਉਣੀ ਲੋਚਦਾ ਸੀ । ਮੇਰੇ ਇਮਾਰਤਸਾਜ਼ੀ ਅਤੇ ਰਿਕਾਰਡ ਦੀ ਯੋਗ ਪਾਰਦਰਸ਼ਤਾ ਅਤੇ ਸਪੱਸ਼ਟਤਾ ਨੂੰ ਕਿਤਾਬਾਂ ਤੋਂ ਵਧੇਰੇ ਜ਼ਰੂਰੀ ਸਮਝਣ ਦੇ ਨਜ਼ਰੀਏ ਸਦਕਾ ਲਾਇਬਰੇਰੀ ਮੇਰੀ ਪਹੁੰਚ ਤੋਂ ਦੂਰ ਹੀ ਰੱਖੀ ਗਈ ।

ਸਕੂਲ ਵਿੱਚ ਸਿੱਧੀ ਭਰਤੀ ਰਾਹੀਂ ਨਵੇਂ ਪ੍ਰਿੰਸੀਪਲ ਸਾਹਿਬਾ ਸ੍ਰੀਮਤੀ ਚਰਨਜੀਤ ਕੌਰ “ਆਹੂਜਾ” ਹਾਜ਼ਰ ਹੋਏ ਤਾਂ ਉਹ ਜਿੱਥੇ ਮੇਰੇ ਸਿਵਲ ਵਰਕਸ ਦੇ ਕੰਮਾਂ ਤੋਂ ਪ੍ਰਭਾਵਿਤ ਹੋਏ ਉਥੇ ਮੇਰੀਆਂ ਰਚਨਾਵਾਂ ਪੜ੍ਹ ਕੇ ਵੀ ਬੇਤਹਾਸ਼ਾ ਖ਼ੁਸ਼ ਹੋਏ। ਮੈਂ ਲਾਇਬਰੇਰੀ ਦੇ ਸੰਚਾਲਨ ਦੀ ਬੇਨਤੀ ਨੂੰ ਦੁਹਰਾਇਆ ਪਰ ਮੈਡਮ ਜੀ ਕੋਲ ਇਮਾਰਤਸਾਜ਼ੀ ਵਾਸਤੇ ਕੋਈ ਬਦਲ ਨਹੀਂ ਸੀ।

ਲਾਇਬਰੇਰੀ ਇਕ ਐਸ. ਐਲ. ਏ ਅਤੇ ਵੋਕੇਸ਼ਨਲ ਅਧਿਆਪਕ ਨੂੰ ਸੌਂਪ ਦਿੱਤੀ ਗਈ
ਕੁਝ ਸਮੇਂ ਬਾਅਦ ਸਬੰਧਤ ਮੁਲਾਜ਼ਮ ਡਿਸਮਿਸ ਹੋ ਗਿਆ ਅਤੇ ਅਧਿਆਪਕ ਲਾਇਬ੍ਰੇਰੀ ਦੇ ਸੰਚਾਲਨ ਨੂੰ ਮਾਨਸਿਕ ਬੋਝ ਸਮਝਣ ਲੱਗਾ।

ਮੈਂ ਫਿਰ ਪ੍ਰਿੰਸੀਪਲ ਸਾਹਿਬਾ ਨੂੰ ਸਿਫ਼ਾਰਸ਼ ਕੀਤੀ ਪਰ ਸਿਵਲ ਵਰਕਸ ਦੇ ਕੰਮਾਂ ਸਮੇਤ ਲਾਇਬਰੇਰੀ ਸਾਂਭਣ ਦੀ ਗੱਲ ਤੇ ਸਹਿਮਤੀ ਬਣੀ ।

ਮੇਰੇ ਨਾਲ ਕੰਪਿਊਟਰ ਤਜਰਬੇਕਾਰ ਨਾਨ ਟੀਚਿੰਗ ਮੁਲਾਜ਼ਮ ਲਗਾਇਆ ਗਿਆ ।ਅਸੀਂ ਲਗਭਗ ਸੱਤ- ਅੱਠ ਹਜ਼ਾਰ ਕਿਤਾਬਾਂ ਨੂੰ ਨਵੇਂ ਸਿਰਿਓਂ ਆਨਲਾਈਨ ਅਤੇ ਆਫਲਾਈਨ ਰਿਕਾਰਡ ਵਿੱਚ ਲਿਆਉਣ, ਪੁਰਾਣੀਆਂ, ਫਟੀਆਂ ਤੇ ਖ਼ਰਾਬ ਹੋ ਚੁੱਕੀਆਂ ਕਿਤਾਬਾਂ ਨੂੰ ਖਾਰਜ ਕਰਵਾਉਣ ਦੀ ਵਿਉਂਤਬੰਦੀ ਬਣਾਈ ਹੀ ਸੀ ਕਿ ਆਮ ਬਦਲੀਆਂ ਵਿੱਚ ਉਹ ਲੜਕਾ ਵੀ ਬਦਲੀ ਕਰਵਾ ਕੇ ਚਲਾ ਗਿਆ ।

ਲਾਇਬਰੇਰੀ ਸਹਾਇਕ ਦੇ ਜਾਣ ਅਤੇ ਮੇਰੇ ਇਮਾਰਤਸਾਜ਼ੀ ਦੇ ਕੰਮਾਂ ਕਾਰਨ ਲਾਇਬਰੇਰੀ ਫਿਰ ਲਾਵਾਰਿਸ ਜਿਹੀ ਜਾਪਣ ਲੱਗੀ। ਮੈਂ ਚਾਹੁੰਦੇ ਹੋਏ ਵੀ ਇਸ ਨੂੰ ਪੂਰਨ ਤੌਰ ਤੇ ਸਾਂਭਣ ਵਿਚ ਅਸਮਰੱਥ ਸੀ

ਸਕੂਲ ਵਿੱਚ ਵਿਦਿਆਰਥੀਆਂ ਦੇ ਅਥਾਹ ਵਾਧੇ ਤੇ ਕਾਮਰਸ ਗਰੁੱਪ ਦੀ ਮਨਜ਼ੂਰੀ ਮਿਲਣ ਕਾਰਨ ਹੋਰ ਕਮਰਿਆਂ ਦੀ ਗਰਾਂਟ ਰਿਲੀਜ਼ ਹੋਈ ਹੀ ਸੀ ਕਿ ਤਰੱਕੀ ਉਪਰੰਤ ਹਾਜ਼ਰ ਹੋਏ ਨਵੇਂ ਅਧਿਆਪਕਾਂ ਨੂੰ ਮੇਰੇ ਇਮਾਰਤਸਾਜ਼ੀ ਅਤੇ ਹੋਰ ਕੰਮਾਂ ਨੂੰ ਨਿਭਾਉਣ ਦੀ ਕਾਰਜ ਸ਼ੈਲੀ ਤੇ ਇਤਰਾਜ਼ ਹੋਣ ਲੱਗੇ, ਪੁਰਾਣੇ ਹਮਰੁਤਬਾ ਅਧਿਆਪਕਾ ਨਾਲ ਮੇਰੀ ਗ਼ੈਰ ਹਾਜ਼ਰੀ ਵਿੱਚ ਇਮਾਰਤਸਾਜ਼ੀ ਦੇ ਸੰਚਾਲਨ ਪ੍ਰਤੀ ਕਈ ਸੁਆਲ ਪ੍ਰਿੰਸੀਪਲ ਮੈਡਮ ਕੋਲ ਉਠਾਏ ਤੇ ਮੇਰਾ ਕਾਰਜਭਾਰ ਖੁਦ ਆਪਣੇ ਹੱਥਾਂ ਵਿੱਚ ਲੈਣ ਦੀ ਸਿਫਾਰਸ਼ ਕੀਤੀ ।

ਇਹ ਸਾਰਾ ਘਟਨਾਕ੍ਰਮ ਮੇਰੇ ਪੱਖ ਵਿੱਚ ਜਾ ਰਿਹਾ ਸੀ “ਅੰਨ੍ਹਾ ਕੀ ਭਾਲੇ ਦੋ ਅੱਖਾਂ” ਬੱਸ ਫਿਰ “ਕੁੱਬੇ ਦੇ ਵੱਜੀ ਸੱਟ ਰਾਸ ਆ ਗਈ” ਮੇਰਾ ਸਾਰਾ ਕਾਰਜਭਾਰ ਨਵੇਂ ਅਧਿਆਪਕਾਂ ਨੇ ਸਾਂਭ ਲਿਆ । ਮੈਂ ਅੰਤਾਂ ਦੀ ਖੁਸ਼ੀ ਮਨਾਈ “ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ”

ਪ੍ਰਿੰਸੀਪਲ ਸਾਹਿਬਾ ਨੇ ਬੜੇ ਖੁਸ਼ੀ ਭਰੇ ਅੰਦਾਜ਼ ਨਾਲ ਮੈਨੂੰ ਲਾਇਬਰੇਰੀ ਦੀਆਂ ਕੁੰਜੀਆਂ
ਸੌਂਪਦਿਆਂ ਇੰਟਰਨੈੱਟ, ਕੰਪਿਊਟਰ , ਅਲਮਾਰੀਆਂ ਅਤੇ ਲੋਡ਼ ਲੋੜੀਂਦਾ ਸਾਜ਼ੋ ਸਾਮਾਨ ਵੀ ਮੁਹੱਈਆ ਕਰਵਾ ਦਿੱਤਾ ਅਤੇ ਪੂਰਨ ਸਹਿਯੋਗ ਦਾ ਭਰੋਸਾ ਜ਼ਾਹਿਰ ਕੀਤਾ ।

ਮੈਨੂੰ ਲਾਇਬਰੇਰੀ ਦਾ ਕਾਰਜਭਾਰ ਮਿਲਣ ਦੀ ਅਥਾਹ ਖ਼ੁਸ਼ੀ ਹੋਈ।ਹੁਣ ਮੇਰਾ ਮਨ -ਮਸਤਕ ਇਮਾਰਤਸਾਜ਼ੀ ਦੇ ਸਾਮਾਨ ਦੀ ਥਾਂ ਤੇ ਕਵੀਆਂ ,ਲੇਖਕਾਂ , ਕਹਾਣੀਕਾਰਾਂ, ਨਾਵਲਕਾਰਾਂ, ਅਖ਼ਬਾਰਾਂ, ਰਸਾਲਿਆਂ ਆਦਿ ਦੇ ਨਾਂਵਾਂ ਨਾਲ ਭਰਪੂਰ ਰਹਿੰਦਾ ਹੈ ।

ਮੈਂ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਨਾਲ ਜੁੜਨ ਦੀ ਪ੍ਰੇਰਨਾ ਵਿਚ ਮਸਰੂਫ਼ ਰਹਿਣ ਲੱਗਾ ਹਾਂ ਅਤੇ ਉਨ੍ਹਾਂ ਨੂੰ ਕਿਤਾਬਾਂ ਦੇ ਰੀਵਿਊ ਲਿਖਣ, ਪੁਸਤਕ ਲੰਗਰ ਲਗਾਉਣ, ਸਾਹਿਤਕ ਵ੍ਹੱਟਸਐਪ ਗਰੁੱਪ ਬਣਾਉਣ ਤੋਂ ਇਲਾਵਾ ਪੁਸਤਕਾਂ ਦੀ ਚੇਟਕ ਲਾਉਣ ਹਿੱਤ ਆਪਣੇ ਲੇਖਕ ਸਾਥੀਆਂ ਨਾਲ ਰਾਬਤਾ ਹੀ ਨਹੀਂ ਵਧਾ ਰਿਹਾ ਸਗੋਂ ਅੰਤਰਰਾਸ਼ਟਰੀ ਪੱਧਰ ਤੇ ਛਪਦੇ ਬਹੁਤ ਸਾਰੇ ਅਖ਼ਬਾਰਾਂ ਨਾਲ ਨਾਤਾ ਜੋੜ ਲਿਆ ਤਾਂ ਜੋ ਕਿ ਮੈਂ ਵਿਦਿਆਰਥੀਆਂ ਵਿਚ ਸਾਹਿਤਕ ਰੁਚੀਆਂ ਨੂੰ ਉਭਾਰ ਸਕਾਂ ।

ਇਸ ਤਰ੍ਹਾਂ ਇਕ ਦਹਾਕੇ ਦੀ ਲੰਮੀ ਉਡੀਕ ਉਪਰੰਤ ਲਾਇਬਰੇਰੀ ਤੱਕ ਪੁੱਜਣ ਦੀ ਖੁਸ਼ੀ ਅਤੇ ਸਾਡੇ ਬਹੁਤ ਹੀ ਸਤਿਕਾਰਤ ਪ੍ਰਿੰਸੀਪਲ ਸਾਹਿਬਾ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਉਮੜ ਰਹੇ ।

ਮਾਸਟਰ ਹਰਭਿੰਦਰ ਮੁੱਲਾਂਪੁਰ
ਸੰਪਰਕ :95308-20106

ਗੁਰਸਿੱਖ ਨਿਵਾਸ ,ਪੁਰਾਣੀ ਮੰਡੀ,

ਮੰਡੀ ਮੁੱਲਾਂਪੁਰ ,ਜ਼ਿਲ੍ਹਾ ਲੁਧਿਆਣਾ (ਪੰਜਾਬ)

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਨੀਆਂ ਦੇ ਰੰਗ
Next articleਧਰਨੇ ਬੈਠੇ ਕਿਸਾਨਾਂ ਨੂੰ ਘਰਾਂ’ਚ ਪਹੁੰਚਾ ਦਿਓ