*ਅਜਾਦੀ……….?*

ਹਰਮੇਲ ਸਿੰਘ ਧੀਮਾਨ

(ਸਮਾਜ ਵੀਕਲੀ)

ਨਕਲੀ ਏਸ ਅਜਾਦੀ ਦੀਆਂ,
ਦੇਈਏ ਕਿਵੇਂ ਵਧਾਈਆਂ।
         ਲੁੱਟਨ ਦੇ ਲਈ ਦੇਸ਼ ਨੂੰ ਮੇਰੇ ਨੂੰ,
          ਕਿਵੇਂ ਹੱਥਾਂ ਦੀਆਂ ਪਾਈਆਂ।
ਨਕਲੀ ਅਜਾਦੀ ਏ ਕਿਉਂ ਸਾਡੇ ਘਰ ਆਈ ਨੀ।
ਦੱਸ  ਕੀ ਤੂੰ  ਨਵਾਂ  ਕੁਝ ਵੱਖਰਾ  ਲਿਆਈ  ਨੀ।
ਕੱਲ  ਸੀ  ਗੁਲਾਮ ਏਹਨਾਂ  ਗੋਰਿਆਂ ਦੇ ਵੈਰਨੇ।
ਅੱਜ  ਹਾਂ  ਅਧੀਨ ਅਸੀਂ  ਕਾਲਿਆਂ  ਦੇ ਵੈਰਨੇ।
ਅਸਲੀ ਅਜਾਦੀ ਦੇ ਲਈ ਫਾਂਸੀਆਂ ਤੇ ਜਾ ਚੜ੍ਹੇ।
ਗੱਭਰੂ  ਕੀ  ਬੁੱਢੇ  ਬਾਪੂ  ਸਾਰੇ  ਕੱਠੇ  ਹੋ  ਲੜ੍ਹੇ।
ਕਾਲੇ ਪਾਣੀਆਂ ਦੇ ਅਸੀਂ ਬਣੇ ਸੀ ਸ਼ਿੰਗਾਰ ਨੀ।
ਕੋੜੇ  ਮਾਰ  ਮਾਰ  ਦਿੱਤੀ  ਚਮੜੀ  ਉਤਾਰ  ਨੀ।
ਉਧਮ ਸਿੰਘ  ਸ਼ੇਰ ਜੋ ਸੁਨਾਮ  ਵਾਲਾ ਸਾਡਾ ਸੀ।
ਮੁੱਛ  ਫੁੱਟ ਗੱਭਰੂ  ਕਰਤਾਰ  ਸਿਹੁੰ  ਸਰਾਭਾ ਸੀ।
ਖਾ ਗਿਆ  ਉਬਾਲਾ ਖੂਨ  ਮਾਰੀ  ਲਲਕਾਰ ਨੀ
ਕੱਢਣੇ  ਨੇ  ਗੋਰੇ  ਵੈਰੀ  ਦੇਸ਼  ਵਿੱਚੋਂ  ਬਾਹਰ ਨੀ।
ਵਤਨ ਦੇ  ਓ  ਪੈਰਾਂ ਵਿੱਚ  ਸੀਸ  ਨੂੰ  ਚੜਾ ‌ਗਏ।
ਅਜਾਦੀ  ਲੈਣ  ਵਾਲਾ  ਉਹ  ਰਸਤਾ ਵਿਖਾ ਗਏ।
ਕਾਲਿਆਂ ਨੇ ਗੋਰਿਆਂ ਦੇ,ਨਾਲ ਯਾਰੀ ਗੰਢ ਲਈ।
ਚੌਧਰਾਂ ਦੇ  ਭੁੱਖਿਆਂ ਸੀ ਮਨਜੂਰ  ਕਰ ਵੰਡ ਲਈ।
ਦਿੱਲੀ  ਦਾ  ਤਖ਼ਤ  ਬੇਈਮਾਨ  ਮੱਲ  ਬਹਿ ਗਏ।
ਧਨੀਆਂ  ਦੇ ਪੈਰਾਂ  ਵਿੱਚ ਢੇਰੀ  ਹੋ ਕੇ ਰਹਿ ਗਏ।
ਏਹਨਾਂ ਰਾਹੀਂ ਦੇਸ਼ ਇਹ ਧਨੀ ਪਏ ਚਲਾਉਂਦੇ ਨੇ।
ਆਪਣੇ  ਹਿਤਾਂ ਦੇ ਲਈ ਕਾਨੂੰਨ  ਬਣਵਾਉਂਦੇ ਨੇ।
ਭਾਂਬੜ  ਬਲ੍ਹੇਗਾ  ਜਿਹੜਾ  ਤੇਰੇ  ਤਾਂਈ  ਸਾੜੇਗਾ।
ਸਾਡੇ  ਲਈ  ਉਹੀਓ  ਨੀ ਸਵੇਰਾ ਨਵਾਂ ਚਾੜੇਗਾ।
ਅਸਲ ਅਜਾਦੀ ਆਉਣੋ ਸਕੇਗਾ ਨਾ ਰੋਕ ਕੋਈ।
ਲਹੂ ਪੀਣੀ ‘ਬੁਜਰਕ’ ਰਹਿਣੀ  ਨਹੀਂ ਜੋਕ ਕੋਈ।
ਹਰਮੇਲ ਸਿੰਘ ਧੀਮਾਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੁਤੰਤਰਤਾ ਦਿਹਾੜੇ ਮੌਕੇ ਸਨਮਾਨਿਤ ਸ਼ਖਸੀਅਤਾਂ ਦੀ ਸੂਚੀ ਵਿੱਚੋਂ ਕੱਟਿਆ ਅੰਤਰ-ਰਾਸ਼ਟਰੀ ਗੋਲਡ ਮੈਡਲਿਸਟ ਦਾ ਨਾਮ
Next articleਏਹੁ ਹਮਾਰਾ ਜੀਵਣਾ ਹੈ -360