ਏਹੁ ਹਮਾਰਾ ਜੀਵਣਾ ਹੈ -360

ਬਰਜਿੰਦਰ ਕੌਰ ਬਿਸਰਾਓ...
           ਸਵਤੰਤਰਤਾ ਦਿਵਸ ਨੂੰ ਸਮਰਪਿਤ 
      ਇਸ ਵਰ੍ਹੇ ਪੰਦਰਾਂ ਅਗਸਤ ਨੂੰ ਭਾਰਤ  ਅਜ਼ਾਦੀ ਦਾ 77 ਵਾਂ ਦਿਵਸ ਮਨਾ ਰਿਹਾ ਹੈ। ਇਹ ਸ਼ੁਭ ਦਿਹਾੜਾ ਸਾਰੇ ਭਾਰਤ ਵਾਸੀਆਂ ਵੱਲੋਂ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।ਸਾਲ 2023 ਦੇ ਅਜ਼ਾਦੀ ਦਿਵਸ ਨੂੰ ਮਨਾਉਣ ਦਾ ਥੀਮ ਹੈ “Nation First Always First” ਭਾਵ ਰਾਸ਼ਟਰ ਪਹਿਲਾਂ , ਹਮੇਸ਼ਾਂ ਪਹਿਲਾਂ”। ਅੱਜ ਤੋਂ ਪੂਰੇ 76 ਵਰ੍ਹੇ ਪਹਿਲਾਂ ਪੰਦਰਾਂ ਅਗਸਤ 1947 ਨੂੰ ਬਹੁਤ ਸਾਰੇ ਦੇਸ਼ ਭਗਤਾਂ ਦੀਆਂ ਕੀਮਤੀ ਜਾਨਾਂ ਨੂੰ ਕੁਰਬਾਨ ਕਰਕੇ ਬਹੁਤ ਮਹਿੰਗੇ  ਭਾਅ ਭਾਰਤ ਮਾਂ ਨੂੰ ਅਜ਼ਾਦੀ ਮਿਲੀ ਸੀ। ਇਹ ਰਾਸ਼ਟਰੀ ਤਿਉਹਾਰ ਭਾਰਤ ਦੇ ਗੌਰਵ ਦਾ ਪ੍ਰਤੀਕ ਹੈ।ਪਹਿਲੀ ਵਾਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 15 ਅਗਸਤ 1947 ਨੂੰ ਲਾਲ ਕਿਲ੍ਹੇ ਤੋਂ ਝੰਡਾ ਲਹਿਰਾ ਕੇ ਅਜ਼ਾਦ ਭਾਰਤ ਦਾ ਪਹਿਲਾ ਤਿਰੰਗਾ ਲਹਿਰਾਇਆ ਗਿਆ ਸੀ ਤੇ ਉਸ ਤੋਂ ਬਾਅਦ ਇਸ ਮਹਾਨ ਦਿਨ ਦੀ ਯਾਦ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਹਰ ਸਾਲ ਦੇਸ਼ ਵਿੱਚ 8:58 ਤੇ ਦੇਸ਼ ਵਿੱਚ ਝੰਡਾ ਲਹਰਾਉਦੇ ਹਨ।
        ਭਾਰਤੀ ਦੀ ਅਜ਼ਾਦੀ ਦੇ ਸੰਘਰਸ਼  ਰੂਪੀ ਕਿਤਾਬ ਵਿੱਚ ਵਿੱਚ ਅਨੇਕਾਂ ਹੀ ਬਲੀਦਾਨ ਭਰਪੂਰ ਅਧਿਆਏ ਜੁੜੇ ਹੋਏ ਹਨ ਜਿਨ੍ਹਾਂ ਦਾ ਆਪਣਾ ਆਪਣਾ ਅਹਿਮ ਯੋਗਦਾਨ ਹੈ। 1857 ਦੀ ਬਗਾਵਤ ਤੋਂ ਲੈ ਕੇ,ਕੂਕਾਂ ਲਹਿਰ, ਜਲਿਆਂਵਾਲੇ ਬਾਗ ਦਾ ਸਾਕਾ, ਸਾਈਮਨ ਗੋ ਬੈਕ, ਨਾਮਿਲਵਰਤਨ ਅੰਦੋਲਨ ਤੋਂ ਲੈ ਕੇ ਲੂਣ ਸਤਿਆਗ੍ਰਹਿ ਤੱਕ ਅਤੇ ਇਸ ਤੋਂ ਇਲਾਵਾ ਹੋਰ ਹਜ਼ਾਰਾਂ ਘਟਨਾਵਾਂ ਹਨ। ਭਾਰਤ ਨੇ ਅਜ਼ਾਦੀ ਦੀ ਲੜਾਈ ਦੀ ਇੱਕ ਲੰਮੀ ਅਤੇ ਔਖੀ ਯਾਤਰਾ ਤੈਅ ਕੀਤੀ ਹੈ ਜਿਸ ਵਿੱਚ ਅਨੇਕ ਰਾਸ਼‍ਟਰੀ , ਸਮਾਜਿਕ ਜਥੇਬੰਦੀਆਂ ਅਤੇ ਖੇਤਰੀ ਯੋਗਦਾਨ ਸ਼ਾਮਿਲ ਹਨ ।
                 ਭਾਰਤ ਦੀ ਅਜ਼ਾਦੀ ਵਿੱਚ ਸਭ ਤੋਂ ਅਹਿਮ ਦੋ ਮੁੱਖ‍ ਹਥਿਆਰਾਂ ਸਤਿਆ ਅਤੇ ਅਹਿੰਸਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। । 14 ਅਗਸ‍ਤ 1947 ਨੂੰ ਸਵੇਰੇ 11.00 ਵਜੇ ਸੰਘਟਕ ਸਭਾ ਨੇ ਭਾਰਤ ਦੀ ਸੁਤੰਤਰਤਾ ਦਾ ਸਮਾਰੋਹ ਸ਼ੁਰੂ ਕਰਕੇ ਸੁਤੰਤਰਤਾ ਹਾਸਲ ਕੀਤੀ ਅਤੇ ਭਾਰਤ ਇੱਕ ਸਵਤੰਤਰ ਦੇਸ਼ ਬਣ ਗਿਆ। ਇਹ ਅਜਿਹੀ ਘੜੀ ਸੀ ਜਦੋਂ ਅਜ਼ਦ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਆਪਣਾ ਪ੍ਰਸਿੱਧ ਭਾਸ਼ਣ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ,”ਅੱਜ ਭਗਤ ਸਿੰਘ, ਨੇਤਾਜੀ ਸੁਭਾਸ਼ ਚੰਦਰ ਬੋਸ ਜਿਵੇਂ ਕਈ ਬਹਾਦਰਾਂ ਦੇ ਕਾਰਨ ਹੀ ਸਾਡਾ ਦੇਸ਼ ਸੁਤੰਤਰਤਾ ਦਿਵਸ ਮਨਾ ਰਿਹਾ ਹੈ।”
           ਇਸ ਸਾਲ15 ਅਗਸਤ ਨੂੰ ਦੇਸ਼ ਵਿਚ  ਅਜ਼ਾਦੀ ਦਿਹਾੜਾ ” ਰਾਸ਼ਟਰ ਪਹਿਲਾਂ ਹਮੇਸ਼ਾਂ ਪਹਿਲਾਂ”ਦੇ ਸਿਰਲੇਖ ਹੇਠ ਮਨਾਇਆ ਜਾ ਰਿਹਾ ਹੈ।  ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਹਿਲਾਂ ਹੀ”ਹਰ ਘਰ ਤਿਰੰਗਾ” ਦੀ ਲਹਿਰ ਸ਼ੁਰੂ ਕੀਤੀ ਹੋਈ ਹੈ।ਸਾਰੇ ਭਾਰਤ ਵਾਸੀਆਂ ਨੂੰ ਇਸ ਦਿਨ ਆਪਣੇ ਆਪਣੇ ਘਰ ਉੱਪਰ ਤਿਰੰਗਾ ਲਗਾ ਕੇ ਇਸ ਤਿਉਹਾਰ ਨੂੰ ਮਨਾਉਣ ਦੀ ਅਪੀਲ ਕੀਤੀ ਹੋਈ ਹੈ। ਇਸ ਰਾਸ਼ਟਰੀ ਉਤਸਵ ਦਾ ਹੁਲਾਸ ਇੱਕ ਵੱਖਰੀ ਤਰ੍ਹਾਂ ਦਾ ਜੋਸ਼ ਪੈਦਾ ਕਰ ਰਿਹਾ ਹੈ। ਇਸ ਦਿਨ ਸਕੂਲਾਂ, ਕਾਲਜਾਂ, ਵੱਡੇ ਛੋਟੇ ਸ਼ਹਿਰਾਂ ਅਤੇ ਰਾਜ ਅਤੇ ਰਾਸ਼ਟਰ ਪੱਧਰੀ ਝੰਡਾ ਲਹਿਰਾਉਣ ਦੇ ਸਮਾਰੋਹ, ਪਰੇਡ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਅਯੋਜਨ ਕੀਤਾ ਜਾਂਦਾ ਹੈ। ਪੂਰਾ ਦੇਸ਼ ਇਸ ਦਿਹਾੜੇ ਨੂੰ ਬਹੁਤ ਧੂਮਧਾਮ ਨਾਲ ਮਨਾਉਂਦਾ ਹੈ। ਸਾਰੇ ਭਾਰਤੀ ਇਸ ਦਿਨ ਪੌਸ਼ਾਕ, ਸਮਾਨ, ਘਰਾਂ ਅਤੇ ਵਾਹਨਾਂ ਤੇ ਰਾਸ਼ਟਰੀ ਝੰਡਾ ਲਗਾ ਕੇ ਇਸ ਦਿਹਾੜੇ ਨੂੰ ਮਨਾਉਣ ਵਿੱਚ ਜੁਟ ਜਾਂਦੇ ਹਨ। ਸਕੂਲਾਂ ਵਿਚ ਵੀ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਭਾਸ਼ਣ ਪ੍ਰਤੀਯੋਗਤਾਵਾਂ ਦੇ ਆਯੋਜਨ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ।
              ਦੇਸ਼ ਦੇ ਹਰ ਬਾਸ਼ਿੰਦੇ ਲਈ ਇਹ ਦਿਨ ਬੇਹੱਦ ਮਹੱਤਵ ਰੱਖਦਾ ਹੈ। ਮੁੱਖ ਸਮਾਰੋਹ ਦਿੱਲੀ ਦੇ ਲਾਲ ਕਿਲ੍ਹੇ ਤੇ ਹੁੰਦਾ ਹੈ। ਪ੍ਰਧਾਨ ਮੰਤਰੀ ਇੱਥੇ ਕੌਮੀ ਝੰਡਾ ਲਹਿਰਾਉਂਦੇ ਹਨ ਅਤੇ ਤਿੰਨੇ ਸੈਨਾਵਾਂ ਦੀਆਂ ਟੁਕੜੀਆਂ ਤੋਂ ਸਲਾਮੀ ਲੈਂਦੇ ਹਨ। ਇਸ ਦੇ ਬਾਅਦ ਉਹ ਰਾਸ਼ਟਰ ਦੇ ਨਾਂ ਸੰਦੇਸ਼ ਦਿੰਦੇ ਹਨ ਜਿਸ ਵਿਚ ਦੇਸ਼ ਅਤੇ ਵਿਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਰਹਿੰਦਾ ਹੈ। ਇਸ ਸਮਾਰੋਹ ਵਿਚ ਦੇਸ਼-ਵਿਦੇਸ਼ ਤੋਂ ਅਨੇਕਾਂ ਮਹਿਮਾਨ, ਸੰਸਦ ਦੇ ਮੈਂਬਰ, ਮੰਤਰੀ ਮੰਡਲ ਦੇ ਮੈਂਬਰ ਅਤੇ ਲੱਖਾਂ ਲੋਕ ਹਿੱਸਾ ਲੈਂਦੇ ਹਨ। ਇਹ ਸਮਾਰੋਹ ਪ੍ਰਧਾਨ ਮੰਤਰੀ ਦੇ ਸੰਦੇਸ਼ ਦੇ ਬਾਅਦ ਰਾਸ਼ਟਰੀ ਗੀਤ ਨਾਲ ਖਤਮ ਹੋ ਜਾਂਦਾ ਹੈ। ਦੇਸ਼ ਭਰ ਵਿਚ ਸ਼ਹਿਰ-ਸ਼ਹਿਰ ਅਤੇ ਪਿੰਡ ਪਿੰਡ ਵਿਚ ਇਹ ਸਮਾਰੋਹ ਬੜੀ ਖੁਸ਼ੀ ਅਤੇ ਚਾਅ ਨਾਲ ਮਨਾਇਆ ਜਾਂਦਾ ਹੈ। ਕੌਮੀ ਝੰਡੇ ਲਹਿਰਾਏ ਜਾਂਦੇ ਹਨ। ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਂਦੀਆਂ ਹਨ ਅਤੇ ਅਜ਼ਾਦੀ ਸੁਰੱਖਿਅਤ ਬਣਾਈ ਰੱਖਣ ਦੀ ਪ੍ਰਤਿਗਿਆ ਕੀਤੀ ਜਾਂਦੀ ਹੈ। ਅਨੇਕਾਂ ਸਥਾਨਾਂ ਤੇ ਸੱਭਿਆਚਾਰਕ ਸਮਾਰੋਹ ਵੀ ਕੀਤੇ ਜਾਂਦੇ ਹਨ।  ਸ਼ਾਮ ਨੂੰ ਰੌਸ਼ਨੀ ਕੀਤੀ ਜਾਂਦੀ ਹੈ ਅਤੇ ਕਵੀ ਦਰਬਾਰ ਹੁੰਦੇ ਹਨ। ਰਾਜਧਾਨੀ ਦੇ ਇਲਾਵਾ ਪ੍ਰਾਂਤਾਂ ਦੀਆਂ ਰਾਜਧਾਨੀਆਂ ਵਿਚ ਵੀ ਇਸ ਮੌਕੇ ਤੇ ਵਿਸ਼ੇਸ਼ ਰੌਣਕ ਹੁੰਦੀ ਹੈ। ਸਰਕਾਰੀ ਸਮਾਰੋਹ ਹੁੰਦੇ ਹਨ ਅਤੇ ਇਕੱਠੇ ਖਾਣਿਆਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਵੱਲੋਂ ਵੀ ਇਸ ਸਮਾਰੋਹ ਨੂੰ ਜੋਸ਼ ਤੇ ਹੁਲਾਸ ਨਾਲ਼ ਮਨਾਇਆ ਜਾਂਦਾ ਹੈ।
             ਅਸੀਂ ਸਾਰੇ ਭਾਰਤ ਵਾਸੀ ਸੁਤੰਤਰ ਦੇਸ਼ ਦੇ ਨਾਗਰਿਕ ਹਾਂ। ਆਜ਼ਾਦੀ ਸਾਨੂੰ ਬੜੇ ਸੰਘਰਸ਼ਾਂ ਤੋਂ ਬਾਅਦ ਮਿਲੀ ਹੈ। ਇਸ ਦੇ ਲਈ ਅਸੀਂ ਭਾਰੀ ਬਲੀਦਾਨ ਦਿੱਤੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਸਾਰੇ ਬਲੀਦਾਨਾਂ ਨੂੰ ਯਾਦ ਕਰਦੇ ਹੋਏ ਸੁਤੰਤਰਤਾ ਦਾ ਮੁੱਲ ਸਮਝੀਏ।  ਇਸ ਵਰ੍ਹੇ ਦਾ ਥੀਮ ਅਨੁਸਾਰ 15 ਅਗਸਤ ਦੇ ਸ਼ੁਭ ਦਿਨ ਸਾਨੂੰ ਇਹ ਪ੍ਰਤਿੱਗਿਆ ਕਰਨੀ ਚਾਹੀਦੀ ਹੈ ਕਿ ਆਪਣੇ ਰਾਸ਼ਟਰ ਨੂੰ ਸਵੈ ਹਿੱਤ ਤੋਂ ਪਹਿਲਾਂ ਮੁੱਖ ਰੱਖਦੇ ਹੋਏ ਅਸੀਂ ਛੋਟੀਆਂ-ਛੋਟੀਆਂ ਮੱਤਭੇਦਾਂ ਵਾਲ਼ੀਆਂ ਗੱਲਾਂ ਨੂੰ ਦੇਸ਼ ਦੀ ਏਕਤਾ ਦੇ ਲਈ ਜ਼ਰੂਰ ਤਿਆਗ ਦੇਈਏ ਤਾਂ ਹੀ ਸਾਡੀ ਸੁਤੰਤਰਤਾ ਸਾਨੂੰ ਪੂਰਾ ਸੁੱਖ ਦੇ ਸਕੇਗੀ ਅਤੇ ਸਾਡਾ ਸਿਰ ਸੰਸਾਰ ਵਿਚ ਉੱਚਾ ਹੋ ਸਕੇਗਾ।ਸਾਡੇ ਸਭ ਵੱਲੋਂ ਦੇਸ਼ ਵਿੱਚ ਏਕਤਾ ਅਤੇ ਅਖੰਡਤਾ ਬਣਾਈ ਰੱਖਣਾ ਹੀ ਉਹਨਾਂ ਦੇਸ਼ ਭਗਤਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਗਵਾ ਕੇ, ਸਿਰਾਂ ਦਾ ਮੁੱਲ ਦੇ ਕੇ ਅਜ਼ਾਦੀ ਹਾਸਲ ਕੀਤੀ ਹੈ । ਆਓ ਨਿੱਜਤਾ ਤੋਂ ਉੱਪਰ ਉੱਠ ਕੇ ਆਪਣੇ ਰਾਸ਼ਟਰ ਨੂੰ ਮੁੱਖ ਰੱਖਦਿਆਂ, ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਇਹ ਦਿਹਾੜਾ ਮਨਾਈਏ ਕਿਉਂ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ.
     ” ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ 
     ਵਤਨ ਪਰ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ”
                       ਪ੍ਰਣਾਮ ਸ਼ਹੀਦਾਂ ਨੂੰ
                           ਜੈ ਹਿੰਦ 
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਅਜਾਦੀ……….?*
Next articleस्वतंत्रता दिवस पर खिरिया बाग आंदोलनकारियों ने निकाली ‘मेरी मिट्टी, मेरा गांव’ तिरंगा यात्रा