ਸ਼ਿੰਦਾ ਬਾਈ
(ਸਮਾਜ ਵੀਕਲੀ) ਭਾਵਨਾਵਾਂ, ਅਹਿਸਾਸਾਂ, ਵਿਚਾਰਾਂ ਨੂੰ ਸ਼ਬਦ ਮੋਤੀਆਂ ਦੇ ਹਾਰ ਵਿੱਚ ਪਿਰੋ ਕੇ , ਉਸ ਮਾਲ਼ਾ ਨੂੰ ਮਨੁੱਖੀ ਸਮਾਜ ਦੇ ਭਲੇ ਲਈ ਮਨੁੱਖਤਾ ਨੂੰ ਸਮਰਪਿਤ ਕਰਨ ਵਾਲ਼ੇ ਨੂੰ ਹੀ ਲਿਖਾਰੀ ਕਹਿੰਦੇ ਹਨ। ਇੱਕ ਸ਼ਬਦਾਂ ਦੀ ਜਾਦੂਗਰ ਲਿਖਾਰਨ ਨੇ ਬੜੀ ਲਗਨ ਨਾਲ਼ ਤਿੰਨ ਸਾਲ ਮਿਹਨਤ ਕੀਤੀ ਅਤੇ ਸਮਾਜ ਵਿੱਚ ਡਿੱਗਦੇ ਜਾਂਦੇ ‘ਨੈਤਿਕਤਾ ਦੇ ਪੱਧਰ ‘ ਵਿਸ਼ੇ ਉੱਤੇ ਇੱਕ ਖੂਬਸੂਰਤ ਕਿਤਾਬ ਲਿਖੀ। ਕੋਈ ਪ੍ਰਕਾਸ਼ਕ ਕਿਤਾਬ ਛਾਪਣ ਲਈ ਤਿਆਰ ਨਾ ਹੋਇਆ ਤਾਂ ਪੱਲਿਓਂ ਪੈਸੇ ਖਰਚ ਕੇ ਉਸ ਕਿਤਾਬ ਦੀਆਂ 50 ਕਾਪੀਆਂ ਛਪਵਾਈਆਂ। ਇਸ ਸਾਰੇ ਵਿੱਚ ਉਸਦਾ ਕੋਈ ਅੱਠ ਤੋਂ ਦਸ ਹਜ਼ਾਰ ਦਾ ਖਰਚਾ ਹੋਇਆ। 200 ਪੰਨਿਆਂ ਦੀ ਕਿਤਾਬ ਦੀ ਉਸਨੂੰ ਲਾਗਤ ਕੀਮਤ ਹੀ ਲਗਭਗ 200/- ਰੁਪਏ ਫੀ਼ ਕਿਤਾਬ ਆਈ। ਬੜੀ ਮੁਸ਼ਕਲ ਨਾਲ਼ ਜਾਣ ਪਹਿਚਾਣ ਵਾਲ਼ਿਆਂ ਨੂੰ ਲਾਈ ਗੁਹਾਰ ਨਾਲ਼ ਕਿਤਾਬ ਦੀਆਂ ਦੋ-ਚਾਰ ਪ੍ਰਤੀਆਂ ਵਿਕੀਆਂ ਅਤੇ ਕੁਝ ਉਸ ਨੂੰ ਗੱਲੀਂ ਬਾਤੀਂ ਤਰੀਫ਼ਾਂ ਕਰਨ ਵਾਲ਼ਿਆਂ ਨੂੰ ਧੰਨਵਾਦ ਸਹਿਤ ਮੁਫ਼ਤ ਭੇਟਾ ਕਰਨੀਆਂ ਪਈਆਂ। ਕਰਦੇ ਕਰਾਉਂਦੇ ਇਸ ਤਰ੍ਹਾਂ 40 ਕਿਤਾਬਾਂ ਨਿੱਬੜ ਗਈਆਂ। ਦਸ ਕਿਤਾਬਾਂ ਬਾਕੀ ਬਚੀਆਂ ਤਾਂ ਉਸ ਦੇ ਮਨ ਵਿੱਚ ਖ਼ਿਆਲ ਆਇਆ ਕਿ ਸ਼ਹਿਰ ਦੀ ਜਿਸ ਮਿਉਂਨਿਸੀਪਲ ਲਾਇਬ੍ਰੇਰੀ ਵਿੱਚੋਂ ਕਦੇ ਉਹ ਆਪ ਬੜੇ ਸ਼ੌਂਕ ਨਾਲ਼ ਕਿਤਾਬਾਂ ਲਿਆ ਲਿਆ ਕੇ ਪੜ੍ਹਦੀ ਹੁੰਦੀ ਸੀ, ਅੱਜ ਉਸੇ ਲਾਇਬ੍ਰੇਰੀ ਵਿੱਚ ਆਪਣੀ ਇੱਕ ਕਿਤਾਬ ਦੇ ਕੇ ਆਵੇ। ਇਹ ਵਿਚਾਰ ਆਪਣੇ ਮਨ ਨਾਲ਼ ਕਰਕੇ ਉਸਨੇ ਕਿਤਾਬ ਦੇ ਅਖੀਰਲੇ ਪੰਨਿਆਂ ਵਿੱਚ ਇੱਕ ਪੰਜ ਸੌ ਦਾ ਨੋਟ ਰੱਖਿਆ ਅਤੇ ਜਾ ਕੇ ਕਿਤਾਬ ਲਾਇਬ੍ਰੇਰੀਅਨ ਨੂੰ ਭੇਂਟ ਸਵਰੂਪ ਪੇਸ਼ ਕੀਤੀ। ਲਾਇਬ੍ਰੇਰੀਅਨ ਨੇ ਮੁਸਕੁਰਾਉਂਦੇ ਹੋਏ ਧੰਨਵਾਦ ਸਹਿਤ ਕਿਤਾਬ ਕਬੂਲ ਕਰਕੇ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਵਿੱਚ ਟਿਕਾ ਦਿੱਤੀ। ਛੇ ਕੁ ਮਹੀਨੇ ਬਾਅਦ ਇੱਕ ਦਿਨ ਸਬੱਬੀਂ ਲਿਖ਼ਾਰਨ ਨੂੰ ਲਾਇਬ੍ਰੇਰੀ ਜਾਣ ਦਾ ਮੌਕ਼ਾ ਮੇਲ ਬਣਿਆ ਤਾਂ ਸੋਚਿਆ ਕਿ ਆਪਣੀ ਕਿਤਾਬ ਲੱਭ ਕੇ ਵੇਖਾਂ ਤਾਂ ਸਹੀ ਕਿ ਛੇ ਮਹੀਨਿਆਂ ਵਿੱਚ ਕਿੰਨੇ ਕੁ ਜਣਿਆਂ ਨੇ ਇਸ ਨੂੰ ਇਸ਼ੂ ਕਰਵਾ ਕੇ ਪੜ੍ਹਿਆ ਹੈ। ਕਿਤਾਬ ਸੌਖਿਆਂ ਹੀ ਲੱਭ ਗਈ। ਜਿਸ ਹਾਲਤ ਵਿੱਚ ਦੇ ਕੇ ਗਈ ਸੀ ਉਸੇ ਹਾਲਤ ਵਿੱਚ..! ਕੋਰੀ ਤੇ ਅਛੋਹ। ਕਿਤਾਬ ਨੂੰ ਸੀਨੇ ਨਾਲ਼ ਲਾਇਆ। ਫਰੋਲਦਿਆਂ.. ਜਦੋਂ ਅਖੀਰਲੇ ਪੰਨਿਆਂ ਨੂੰ ਫਰੋਲਿਆ ਤਾਂ ਆਪਣਾ ਰੱਖਿਆ ਹੋਇਆ ਉਹ 500/- ਰੁਪਏ ਦਾ ਨੋਟ ਵੀ ਆਪਣੀ ਥਾਂ ਤੇ ਅਹਿੱਲ ਪਿਆ ਮਿਲ਼ ਗਿਆ । ਭਰੇ ਹੋਏ ਮਨ ਨਾਲ਼ ਕਿਤਾਬ ਨੂੰ ਸੀਨੇ ਨਾਲ਼ ਲਾ ਕੇ ਲਾਇਬ੍ਰੇਰੀ ਵਿੱਚ ਪਏ ਸਟੱਡੀ ਟੇਬਲਾਂ ਵਿੱਚੋਂ ਇੱਕ ਤੇ ਜਾ ਬੈਠੀ। ਬੜੀ ਉਦਾਸ ਸੀ ਲਿਖ਼ਾਰਨ। ਅੱਖਾਂ ਵਿੱਚ ਅੱਥਰੂ ਸਨ।ਮਨੁੱਖਤਾ ਲਈ ਪਿਆਰ ਦੀ ਉਸਦੀ ਤਿੰਨ ਸਾਲਾਂ ਦੀ ਮਿਹਨਤ ਸੀ ਇਹ ਕਿਤਾਬ। ਕੋਈ ਦੱਸ ਸਕਦਾ ਹੈ ਕਿ ਕਿਤਾਬ ਵਿੱਚ ਰੱਖਿਆ ਆਪਣਾ 500/- ਰੁਪਏ ਦਾ ਨੋਟ ਵਾਪਸ ਮਿਲਣ ਤੇ ਵੀ ਉਸਦੀਆਂ ਅੱਖਾਂ ਕਿਉਂ ਭਰ ਆਈਆਂ ਸਨ ..??
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



