(ਸਮਾਜ ਵੀਕਲੀ) ਭਾਊ ਚਰਨਾਂ ਇਸ ਵਾਰ ਵੀ ਮਿਲਣ ਆਇਆ ਤਿੰਨ ਚਾਰ ਦਿਨ ਮੇਰੇ ਕੋਲ ਰਹਿ ਕੇ ਗਿਐ… ਕੀ ਦਿੱਤਾ ਈ ਉਸ ਨੂੰ ਜਾਣ ਵੇਲੇ… ਪਿਤਾ ਜੀ ਨੇ ਪੁੱਛਿਆ… ਜੀ ਉਹੀ ਉਸਦੀ ਪਸੰਦ ਦਾ ਕੁੜਤਾ ਚਾਦਰਾ, ਪੱਗ ਅਤੇ ਕੁਝ ਨਗਦੀ… ਮੈਂ ਹਮੇਸ਼ਾਂ ਮਾਣ ਤਾਣ ਕਰਕੇ ਤੋਰਦਾ ਹਾਂ…ਉਹ ਬੇਟਾ ਜਿੰਨਾਂ ਮਰਜੀ ਮਾਣ ਤਾਣ ਕਰਲੈ… ਪਰ ਤੂੰ ਉਸਦਾ ਕਰਜ ਨਹੀਂ ਉਤਾਰ ਸਕਦਾ… ਬਚਪਨ ਸਮੇਂ ਦੀ ਪਿਤਾ ਜੀ ਵੱਲੋਂ ਦੱਸੀ ਭੇਤ ਭਰੀ ਗੱਲ ਨੇ ਸਾਰੀ ਰਾਤ ਸੌਣ ਨਾ ਦਿੱਤਾ… ਹੈਰਾਨ ਸਾਂ ਕਿ ਪਿਤਾ ਜੀ ਵੱਲੋਂ ਬਹੁਤ ਜੋਰ ਪਾਉਣ ਤੇ ਵੀ ਉਸਨੇ ਮੁੰਦਰੀ ਦੀ ਕੀਮਤ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ।…. ਬਚਪਨ ਵਿੱਚ ਸੁਰਤ ਸੰਭਾਲੀ ਤਾਂ ਉਹ ਸਾਡਾ ਕਾਮਾਂ ਸੀ,ਖੇਤਾਂ ਦਾ ਕਾਰ ਮੁਖਤਿਆਰ, ਸਾਰੇ ਕੰਮ ਬੜੀ ਜਿੰਮੇਵਾਰੀ ਨਾਲ ਕਰਦਾ,ਨੇਕ ਦਿਲ ਅਤੇ ਸਾਊ ਇਨਸਾਨ…. ਮੈਂਨੂੰ ਬਹੁਤ ਪਿਆਰ ਕਰਦਾ, ਅਕਸਰ ਹੀ ਆਪਣੇ ਮੋਢਿਆਂ ਤੇ ਚੁੱਕ ਕੇ ਘੁਮਾਂਉਦਾ ਸ਼ਹਿਰ ਮੇਲੇ ਦੁਸਹਿਰਾ ਦਿਖਾਓਣ ਲੈ ਜਾਂਦਾ ਅਤੇ ਖਾਣ ਪੀਣ ਦੀਆਂ ਚੀਜਾਂ ਲੈ ਕੇ ਦਿੰਦਾ ਉਹ ਬਹੁਤ ਖੁਸ਼ ਹੁੰਦਾ….. ਬਚਪਨ ਬੀਤਿਆ ਜਵਾਨੀ ਦਾ ਪਹੁ ਫੁਟਾਲਾ ਸੀ ਕਿ ਪਰਿਵਾਰ ਨੇ ਕਿਸੇ ਚੰਗੇ ਹਿੱਤ ਨੂੰ ਮੁੱਖ ਰੱਖਕੇ ਜਮੀਨ ਦਾ ਤਬਾਦਲਾ ਪੰਜਾਬ ਤੋਂ ਹਰਿਆਣਾ ਵਿੱਚ ਕਰ ਲਿਆ। ਉਨ੍ਹਾਂ ਸਮਿਆਂ ਵਿੱਚ ਨਾ ਫੋਨ ਸਹੂਲਤ,ਚਿੱਠੀ ਪੱਤਰ ਲਿਖਣ ਦੀ ਜਾਚ ਨਾ ਕੋਈ ਅਤਾ ਪਤਾ, ਭਾਊ ਚਰਨਾਂ ਬੀਤੇ ਸਮੇਂ ਦੀ ਯਾਦ ਬਣ ਗਿਆ। ਕਈ ਸਾਲ ਬੀਤ ਗਏ ਮੈਂ ਪੜ੍ਹਨ ਉਪਰੰਤ ਪੁਲਿਸ ਵਿੱਚ ਭਰਤੀ ਹੋ ਗਿਆ ਅਤੇ 1994 ਵਿੱਚ ਮੁੱਖ ਅਫ਼ਸਰ ਥਾਣਾਂ ਮੋਰਿੰਡਾ ਤਾਇਨਾਤ ਸਾਂ ਕਿ ਕਿਧਰੋਂ ਅਤਾ ਪਤਾ ਲੱਭ ਕੇ ਭਾਊ ਚਰਨਾਂ ਮੇਰੇ ਕੋਲ ਥਾਣੇਂ ਆ ਪੁੱਜਾ। ਮੈਂ ਦੂਰੋਂ ਹੀ ਵੇਖ ਕੇ ਭੱਜ ਕੇ ਜੱਫੀ ਪਾ ਕੇ ਮਿਲਿਆ ਉਹ ਅੰਤਾਂ ਦਾ ਖੁਸ਼ ਸੀ ਅਤੇ ਮੇਰੀ ਵੀ ਖੁਸੀ਼ ਦਾ ਕੋਈ ਟਿਕਾਣਾ ਨਹੀਂ ਸੀ। ਉਹ ਤਿੰਨ ਚਾਰ ਦਿਨ ਮੇਰੇ ਕੋਲ ਰਿਹਾ, ਮੇਰੇ ਬਚਪਨ ਦੀਆਂ ਅਤੇ ਹੋਰ ਖੂਬ ਗੱਲਾਂ ਕੀਤੀਆਂ, ਜਾਣ ਵੇਲੇ ਉਸਦੀ ਪਸੰਦ ਦਾ ਕੁੜਤਾ, ਚਾਦਰਾ ਪੱਗ ਅਤੇ ਕੁਝ ਨਗਦੀ ਮਾਣ ਵਜੋਂ ਦੇ ਕੇ ਵਿਦਾ ਕੀਤਾ। ਉਪਰੰਤ ਮੈਂ ਕਿਤੇ ਵੀ ਤਾਇਨਾਤ ਹੁੰਦਾ… ਉਹ ਪਤਾ ਲਾ ਲੈਂਦਾ ਅਤੇ ਸਾਲ ਦੋ ਸਾਲ ਬਾਅਦ ਆ ਜਾਂਦਾ। ਉਹੀ ਖੁਸੀ਼ ਦੀਆਂ ਗੱਲਾਂ ਤਿੰਨ ਚਾਰ ਦਿਨ ਇਕੱਠੇ ਰਹਿਣਾਂ ਅਤੇ ਮਾਣ ਤਾਣ ਨਾਲ ਵਿਦਾ ਕਰਨਾ ਮੈਂਨੂੰ ਬਹੁਤ ਸਕੂਨ ਦਿੰਦਾ ਪਰ ਮੈਂ ਹੈਰਾਨ ਸਾਂ ਕਿ ਮੁੰਦਰੀ ਦੀ ਗੱਲ ਉਸਨੇ ਕਦੇ ਵੀ ਨਹੀਂ ਕੀਤੀ ਸੀ…ਉਸਦੀ ਸਿਦਕ ਦਿਲੀ ਨੇ ਮੇਰੀ ਨਜਰ ਵਿੱਚ ਉਸਦਾ ਕੱਦ ਬੁੱਤ ਹੋਰ ਵੀ ਉੱਚਾ ਕਰ ਦਿੱਤਾ ਸੀ।…. ਦਿਨ ਚੜ੍ਹਦੇ ਸਾਰ ਮੈਂ ਸਰਾਫੇ ਦੀ ਦੁਕਾਨ ਤੋਂ ਸੱਭ ਤੋਂ ਭਾਰੀ ਮੁੰਦਰੀ ਖਰੀਦ ਕੇ ਜੇਬ ਵਿੱਚ ਪਾ ਲਈ ਅਤੇ ਕਈ ਸਾਲਾਂ ਬਾਅਦ ਭਾਲਦਾ ਹੋਇਆ ਕੋਟਕਪੂਰੇ ਦੇ ਛੋਟੇ ਜਿਹੇ ਮੁਹੱਲੇ ਵਿੱਚ ਉਸ ਦੇ ਘਰ ਜਾ ਪੁੱਜਾ ਵਡੇਰੀ ਉਮਰ ਹੋਣ ਕਾਰਨ ਅੱਖਾਂ ਦੀ ਜੋਤ ਭਾਵੇਂ ਘਟ ਗਈ ਸੀ ਪਰ ਮੇਰੀ ਪਹਿਲੀ ਹੀ ਆਵਾਜ਼ ਤੋਂ ਪਹਿਚਾਣਦਿਆਂ ਉਹ ਮੇਰੀ ਆਮਦ ਤੋਂ ਹੈਰਾਨ ਪਰ ਬੇਹੱਦ ਖੁਸ਼ ਸੀ….ਸਬਰ ਸੰਤੋਖ ਵਿੱਚ ਸਾ਼ਂਤ ਖਿੜਿਆ ਚਿਹਰਾ ਪਰ ਹੱਥਾਂ ਤੇ ਪਏ ਅੱਟਣ ਅਤੇ ਪੈਰਾਂ ਦੀਆਂ ਵਿਆਈਆਂ ਅੱਜ ਵੀ ਉਸਦੇ ਮਿਹਨਤੀ ਹੋਣ ਦੀ ਗਵਾਹੀ ਭਰ ਰਹੀਆਂ ਸਨ। ਨੇੜੇ ਕਿਸੇ ਦੁਕਾਨ ਤੋਂ ਲਿਆਂਦੇ ਬਿਸਕੁਟ ਜਦੋਂ ਚਾਹ ਦੇ ਕੱਪ ਨਾਲ ਉਸ ਮੇਰੇ ਅੱਗੇ ਕੀਤੇ ਤਾਂ ਬਿਸਕੁਟਾਂ ਵਿੱਚੋਂ ਉਠਦੀ ਮਹਿਕ ਬਚਪਨ ਦੀਆਂ ਯਾਦਾਂ ਵਿੱਚ ਲੈ ਗਈ ਪਲ ਭਰ ਲਈ ਜਾਪਿਆ ਜਿਵੇਂ ਅੱਜ ਵੀ ਮੈਂ ਉਸਦੇ ਮੋਢਿਆਂ ਤੇ ਬੈਠਾ ਸਾਂ। ਚਾਹ ਪੀਂਦਿਆਂ ਉਸਦੇ ਹੱਥਾਂ ਵੱਲ ਨਜਰ ਮਾਰੀ ਉਂਗਲਾਂ ਸੱਖਣੀਆਂ ਸਨ ਸਾ਼ਇਦ ਉਹੀ ਇੱਕ ਮੁੰਦਰੀ ਸੀ ਜੋ ਮੈ ਬਚਪਨ ਵਿੱਚ…. ਸੋਚ ਕੇ ਮਨ ਭਰ ਆਇਆ, ਮੈਂ ਤੁਰੰਤ ਜੇਬ ਵਿੱਚੋ ਮੁੰਦਰੀ ਕੱਢਕੇ ਉਸਦੀ ਉਂਗਲੀ ਵਿੱਚ ਪਾ ਦਿੱਤੀ, ਉਹ ਕਦੇ ਮੁੰਦਰੀ ਵੱਲ ਕਦੇ ਮੇਰੇ ਮੂੰਹ ਵੱਲ ਆਵਾਕ ਵੇਖ ਰਿਹਾ ਸੀ…ਭਾਊ ਤੇਰੀ ਮੁੰਦਰੀ… ਮੈਂ ਛੋਟੇ ਹੁੰਦਿਆਂ ਗਵਾ ਦਿੱਤੀ ਸੀ ਨਾ…ਸਮਝ ਲੈ ਅੱਜ ਲੱਭ ਲਿਆਇਆਂ…ਉਏ ਤੈਂਨੂੰ ਕਿਨ ਦੱਸਿਆ…..ਮੈਂਨੂੰ ਘੁੱਟਕੇ ਗਲ ਨਾਲ ਲਾਉਂਦਿਆਂ ਖੁਸੀ਼ ਅਤੇ ਮੋਹ ਦੇ ਅੱਥਰੂ ਉਸਦੀਆਂ ਅੱਖਾਂ ਵਿੱਚ ਛਲਕ ਆਏ ਸਨ । ਅਨਭੋਲ ਉਮਰ ਦਾ ਕਰਜ ਉਤਾਰ ਕੇ ਮੈ ਅੰਤਾਂ ਦਾ ਸਕੂਨ ਮਹਿਸੂਸ ਕਰ ਰਿਹਾ ਸਾਂ
ਸੁਖਜੀਤ ਸਿੰਘ ਵਿਰਕ
ਮੋਬਾਇਲ 9815897878
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



