ਔਰਤ

ਵਿਸ਼ਾਲ ਖੈਹਿਰਾ

 (ਸਮਾਜ ਵੀਕਲੀ) ਔਰਤ ਅਤੇ ਉਸਦਾ ਯੋਗਦਾਨ – ਇੱਕ ਔਰਤ ਦਾ, ਇੱਕ ਲੇਖ ਵਿੱਚ ਸਮਾਜ ਲਈ ਸੰਪੂਰਨ ਯੋਗਦਾਨ ਲਿਖਣਾ/ਬਿਆਨ ਕਰਨਾ ਅਸੰਭਵ ਹੀ ਨਹੀਂ ਇਹ ਨਾ-ਮੁਮਕਿਨ ਹੀ ਹੈ ਪਰ ਫਿਰ ਵੀ ਜੇਕਰ ਕੋਈ ਚੰਗਾ/ਸੂਝਵਾਨ ਲੇਖਕ ਇੱਕ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੀ ਕੋਸ਼ਿਸ ਕਰੇ ਤਾਂ ਇਹ ਵੀ ਇੱਕ ਕੋਸ਼ਿਸ ਹੀ ਕਹਿ ਸਕਾਂਗੇ।ਤਿਆਗ, ਸ਼ਹਿਣਸ਼ੀਲਤਾ ਅਤੇ ਦਇਆ ਦੇ ਸਮੁੰਦਰ ਦੀ ਜੇ ਕੋਈ ਉਦਾਹਰਣ ਪੁੱਛੇ ਤਾਂ ਉਹ ਇੱਕ ਔਰਤ ਤੋਂ ਵੱਧ ਕੁੱਝ ਵੀ ਨਹੀਂ ਹੋ ਸਕਦੀ। ਦੁਨੀਆਂ ਦੇ ਹਰ ਮਨੁੱਖ ਜਾਂ ਜੀਵ ਦੀ ਸਭ ਤੋਂ ਪਹਿਲੀ ਉਸਤਾਦ ਜਾਂ ਗੁਰੂ ਔਰਤ (‘ਮਾਂ’) ਹੀ ਹੁੰਦੀ ਹੈ। ਸੰਪੂਰਨ ਦੁਨੀਆ ਦੀ ਖੇਡ ਨੂੰ ਆਪਣੇ ਆਲੇ-ਦੁਆਲੇ ਘੁਮਾਉਣ ਵਾਲੀ ਔਰਤ, ਮਨੁੱਖ ਦੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਇੱਕ ਪ੍ਰਬੰਧ ਹੇਠ ਲੈ ਕੇ ਆਉਂਦੀ ਹੈ। ਇਹ ਔਰਤ ਕਿਸੇ ਲਈ ਬੇਟੀ, ਭੈਣ, ਪਤਨੀ, ਮਾਂ ਅਤੇ ਕਿਸੇ ਲਈ ਪਵਿੱਤਰ ਪਿਆਰ ਦਾ ਅਹਿਸਾਸ ਕਰਵਾਉਣ ਵਾਲੀ ਔਰਤ ਦੁਨੀਆਂ, ਸਮਾਜ ਅਤੇ ਆਪਣੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਨੂੰ ਬੜੀ ਸੰਜੀਦਗੀ ਨਾਲ ਨਿਭਾਉਂਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਔਰਤ ਦੀ ਅਪਣੱਤ ਤੋਂ ਬਿਨਾਂ ਮਨੁੱਖ ਦਾ ਜੀਵਨ ਕਦੇ ਪੂਰਨ ਅਤੇ ਖ਼ੁਸ਼ਹਾਲ ਨਹੀਂ ਹੋ ਸਕਦਾ। ਔਰਤ ਸਮਾਜ ਪ੍ਰਤੀ ਫ਼ਰਜ਼ਾਂ ਤੋਂ ਇਲਾਵਾ ਸਮਾਜਿਕ ਰਿਸ਼ਤੇ ਦੀ ਹਰੇਕ ਨਬਜ਼ ਨੂੰ ਸਮਝਦੀ ਹੈ ਅਤੇ ਨਿਭਾੳਦੀ ਵੀ ਹੈ।ਕਿਸੇ ਲੇਖਕ ਨੇ ਬਹੁਤ ਖੂਬ ਲਿਖਿਆ ਹੈ ਕਿ ਕੁਦਰਤ ਨੇ ਬੜੇ ਸੋਚ ਵਿਚਾਰ ਕੇ ਔਰਤ ਦੇ ਜਿੰਮੇ ਗਰਭ ਧਾਰਣ ਦਾ ਜਿਮ੍ਹਾਂ ਸੌਂਪਿਆ ਹੈ, ਕਿਉਂਕਿ ਉਹ ਜਾਣਦੀ ਹੈ ਕਿ ਸਹਿਣਸ਼ੀਲਤਾ, ਪਿਆਰ ਅਤੇ ਭਾਵਨਾਤਮਕ ਪੱਧਰ ਉੱਤੇ ਵਿਚਰਨ ਵਾਲੀ ਔਰਤ ਹੀ ਜਗਤ ਦੀ ਪੁਨਰ ਉਤਪਾਦਨ ਪ੍ਰਕਿਰਿਆ ਨੂੰ ਬੜੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹ ਸਕਦੀ ਹੈ।
ਮਰਦ ਪ੍ਰਧਾਨ ਸਮਾਜ ਅਤੇ ਔਰਤ ਦੀ ਦਸ਼ਾ –  ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਇਨੇ ਤਿਆਗ ਅਤੇ ਯੋਗਦਾਨ ਵਾਲੀ ਔਰਤ ਨੂੰ ਕੀ ਇਸ ਮਰਦ ਪ੍ਰਧਾਨ ਸਮਾਜ ਅਤੇ ਧਰਮਾਂ ਨੇ ਸਮਾਜ ਅੰਦਰ ਉਹ ਜਗ੍ਹਾ ਪ੍ਰਦਾਨ ਕੀਤੀ ਹੈ, ਜੋ ਇੱਕ ਔਰਤ ਦਾ ਹੱਕ ਬਣਦਾ ਸੀ ਜਾਂ ਜਿਨ੍ਹਾਂ ਉਸਦਾ ਸਮਾਜ ਅੰਦਰ ਉਸਦਾ ਯੋਗਦਾਨ ਹੈ ? ਔਰਤ ਦਾ ਇਨ੍ਹਾਂ ਵੱਡਾ ਯੋਗਦਾਨ ਹੋਣ ਕਰਕੇ ਵੀ ਭਾਰਤੀ ਸੰਵੀਧਾਨ ਤਿਆਰ ਹੋਣ ਤੋਂ ਪਹਿਲਾਂ ਕੋਈ ਸਮਾਂ ਸੀ ਜਦੋਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ।ਉਸਨੂੰ ਆਪਣਾ ਪ੍ਰਾਈਵੇਟ ਪਾਰਟ ਢਕਣ ਦਾ ਵੀ ਹੱਕ ਨਹੀਂ ਸੀ, ਪਤੀ ਦੇ ਮਰ ਜਾਣ ਤੇ ਦੂਜਾ ਵਿਆਹ ਕਰਵਾਉਣ ਦਾ ਹੱਕ ਨਹੀਂ ਸੀ  ਅਤੇ ਬੱਚਾ ਗੋਦ ਲੈਣ ਤੱਕ ਦਾ ਹੱਕ ਵੀ ਨਹੀਂ ਸੀ , ਪਿਤਾ ਦੀ ਜਾਇਦਾਦ ਵਿੱਚੋਂ ਹਿੱਸਾ ਲੈਣ ਦਾ ਹੱਕ ਨਹੀ ਸੀ। ਇੱਥੋ ਤੱਕ ਉਸਦੇ ਪਤੀ ਦੇ ਮਰ ਜਾਣ ਤੇ ਉਸਨੂੰ ਇਹੀ ਸਮਾਜ ਵੱਲੋਂ ਜਿਉਂਦੇ ਜੀ ਸਾੜਿਆ ਜਲਾਇਆ ਜਾਂਦਾ ਸੀ,ਦਾਸੀ ਪ੍ਰਥਾ ਆਦਿ। ਇਹਨਾ ਕਾਰਨਾ ਕਰਕੇ ਹੀ ਲੋਕ ਬੇਟੀ ਪੈਦਾ ਹੋਣ ਤੋਂ ਖੌਫ ਲੈਣ ਲੱਗ ਗਏ ਅਤੇ ਜਿਉਂਦੇ ਜੀਅ ਬੇਟੀ ਪੈਦਾ ਹੋਣ ਤੋਂ ਪਹਿਲਾਂ ਹੀ ਉਸਨੂੰ ਪੇਟ ਵਿੱਚ ਮਾਰਨ ਲੱਗ ਗਏ ਸੀ ਜਿਸ ਦੀਆਂ ਉਦਾਹਰਣਾ ਅੱਜ ਵੀ ਕਿਤੇ ਨਾ ਕਿਤੇ ਜਰੂਰ ਦੇਖਣ ਨੂੰ ਮਿਲਣ ਰਹੀਆਂ ਹਨ।
ਕਰਾਂਤੀਕਾਰੀ ਮਹਾਂਪੁਰਸ਼ਾਂ ਦਾ ਔਰਤਾਂ ਨੂੰ ਮਾਨਸਿਕ ਅਤੇ ਸਰੀਰਕ ਗੁਲਾਮੀ ਚੋਂ ਬਾਹਰ ਕੱਢਣ ਲਈ ਯੋਗਦਾਨ ਅਤੇ ਉਪਰਾਲੇ:- ਭਾਰਤ ਦੀ ਧਰਤੀ ਤੇ ਅਨੇਕਾ ਸਾਧੂ,ਸੰਤ ਪੀਰ਼ –ਫਕੀਰ,ਪਗੰਬਰ, ਅਲੀ ਔਲੀਏ ਅਤੇ ਅਨੇਕ ਹੋਰ ਮਹਾਂਪੁਰਸ਼ ਹਨੇਰੀ ਵਾਂਗ ਆਏ ਵੀ ਅਤੇ ਹਨੇਰੀ ਵਾਂਗ ਚਲੇ ਵੀ ਗਏ ਪਰ ਔਰਤ ਦੀ ਸਦੀਆਂ ਪੁਰਾਣੀ ਗੁਲਾਮੀ ਜਿਉਂ ਦੀ ਤਿਉਂ ਬਰਕਰਾਰ ਰਹੀ। ਸਕੂਲ ਅਤੇ ਕਾਲਜ ਤਾਂ ਦੂਰ ਅਤੇ ਔਰਤ ਨੂੰ ਘਰ ਦੀ ਦਹਿਲੀਜ ਤੋਂ ਬਾਹਰ ਕਦਮ ਰੱਖਣ ਦਾ ਮੌਕਾ ਨਾ ਮਿਲਿਆ। ਬਾਬਾ ਸਾਹਿਬ ਡਾ: ਅੰਬੇਡਕਰ ਕਿਹਾ ਕਰਦੇ ਸਨ ਕਿ ਮੈਂ ਕਿਸੇ ਵੀ ਸਮਾਜ ਦੀ ਤਰੱਕੀ ਨੂੰ ਉਸ ਸਮਾਜ ਦੀਆਂ ਔਰਤਾਂ ਦੁਆਰਾ ਕੀਤੀਆਂ ਪ੍ਰਾਪਤੀਆਂ ਤੋਂ ਮਾਪਦਾ ਹਾਂ। ਮੁੰਬਈ ਵਿੱਚ ਇੱਕ ਵਾਰ ਮਹਿਲਾ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਔਰਤਾਂ ਰਾਸ਼ਟਰ ਦੀਆਂ ਨਿਰਮਾਤਾ ਹੁਦੀਆ ਹਨ। ਹਰ ਨਾਗਰਿਕ ਉਸਦੀ ਗੋਦ ਵਿੱਚ ਪਲ ਕੇ ਹੀ ਵੱਡਾ ਹੁੰਦਾ ਹੈ। ਦੇਸ਼ ਦਾ ਵਿਕਾਸ ਔਰਤਾਂ ਦੀ ਜਾਗ੍ਰਿਤੀ ਤੋਂ ਬਿਨਾਂ ਕਦੇ ਵੀ ਸੰਭਵ ਨਹੀਂ ਹੈ। ਆਧੁਨਿਕ ਭਾਰਤ ਵਿੱਚ ਔਰਤਾਂ ਦੀ ਬਰਾਬਰ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਦੀ ਬਹੁਤ ਵੱਡੀ ਭੂਮਿਕਾ ਸੀ। ਵਿਗਿਆਨਕ ਮਹਾਨ ਗ੍ਰੰਥ “ ਬੁੱਧ ਅਤੇ ਉਨ੍ਹਾਂ ਧੰਮ ” ਦੀ ਰਚਨਾ ਦੌਰਾਨ ਉਨਾ ਨੇ ਤਥਾਗਤ ਬੁੱਧ ਦੀ ਇੱਕ ਬਹੁਤ ਗਿਆਨਵਾਨ ਉਦਾਹਰਣ ਦਿੱਤੀ ਕਿ “ ਜਿਸ ਸਮੇਂ ਉਹ ਸਰਾਵਸਤੀ ਵਿਖੇ ਠਹਿਰੇ ਹੋਏ ਸਨ ਤਾਂ ਉਸ ਵਕਤ ਕੌਸ਼ਲ-ਨਰੇਸ਼ ਪ੍ਰਸੇਨਜਿੱਤ ਉਨ੍ਹਾਂ ਦੇ ਦਰਸ਼ਨ ਕਰਨ ਲਈ ਆਇਆ , ਜਦੋਂ ਕੌਸ਼ਲ-ਨਰੇਸ਼ ਤਥਾਗਤ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਉਦੋਂ ਰਾਜ-ਮਹਿਲ ਤੋਂ  ਇੱਕ ਦੂਤ ਆਇਆ। ਉਸਨੇ ਆ ਕੇ ਰਾਜੇ ਦੇ ਕੰਨ ਵਿੱਚ ਸੂਚਨਾ ਦਿੱਤੀ ਕਿ ਰਾਜਕੁਮਾਰੀ ਨੇ ਇੱਕ ਪੁੱਤਰੀ ਨੂੰ ਜਨਮ ਦਿੱਤਾ ਹੈ।ਰਾਜਾ ਬਹੁਤ ਦੁਖੀ ਅਤੇ ਉਦਾਸ ਦਿਖਾਈ ਦੇਣ ਲੱਗਾ। ਤਦ ਤਥਾਗਤ ਨੇ ਰਾਜਾ ਤੋਂ ਉਸ ਦੀ ਉਦਾਸੀ ਦਾ ਕਾਰਣ ਪੁੱਛਿਆ।ਤਦ ਰਾਜਾ ਨੇ ਜਵਾਬ ਦਿੱਤਾ ਕਿ ਹੁਣੇ-ਹੁਣੇ ਉਸ ਨੂੰ ਇਹ ਦੁੱਖਦਾਈ ਖ਼ਬਰ ਮਿਲੀ ਹੈ ਕਿ ਰਾਜਕੁਮਾਰੀ ਨੇ ਇੱਕ ਪੁੱਤਰੀ ਨੂੰ ਜਨਮ ਦਿੱਤਾ ਹੈ ।ਸਿੱਟੇ ਵਜੋਂ, ਤਥਾਗਤ ਨੇ ਮਾਮਲੇ ਨੂੰ ਸਮਝਦਿਆਂ ਕਿਹਾ—“ਮਹਾਰਾਜ ! ਹੋ ਸਕਦਾ ਹੈ ਕਿ ਪੁੱਤਰੀ ਪੁੱਤਰ ਨਾਲੋਂ ਚੰਗੀ ਹੋਵੇ । ਉਹ ਲੜਕੀ ਬੜੀ ਹੋ ਕੇ ਸੂਝਵਾਨ ਅਤੇ ਨੇਕ ਹੋਵੇ, ਪਤੀ ਦੇ ਮਾਂ-ਬਾਪ ਦੀ ਸੇਵਾ ਕਰਨ ਵਾਲੀ ਹੋਵੇ ਅਤੇ ਹੋ ਸਕਦਾ ਹੈ, ਜਿਸ ਪੁੱਤਰ ਨੂੰ ਉਹ ਜਨਮ ਦੇਵੇ ਉਹ ਵੱਡਾ ਹੋ ਕੇ ਪਰਉਪਕਾਰੀ ਹੋਵੇ ਅਤੇ ਵੱਡੇ ਰਾਜਾਂ ਉਤੇ ਰਾਜ ਕਰੇ  ਜਾਂ ਹੋ ਸਕਦਾ ਹੈ, ਅਜਿਹੀ ਸਾਊ ਪਤਨੀ ਦਾ ਅਜਿਹਾ ਸਾਊ ਪੁੱਤਰ ਆਪਣੇ ਦੇਸ਼ ਦਾ ਮਾਰਗ ਦਰਸ਼ਕ ਬਣੇ। ਇਹ ਸੁਣ ਕੇ ਕੌਸ਼ਲ-ਨਰੇਸ਼ ਪ੍ਰਸੇਨਜਿੱਤ ਬਹੁਤ ਪ੍ਰਸੰਨ ਵੀ ਹੋਇਆ ਅਤੇ ਤਥਾਗਤ ਬੁੱਧ ਨੂੰ ਪ੍ਰਣਾਮ ਕੀਤਾ ਅਤੇ ਉਸਨੇ ਆਪਣੇ ਰਾਜ ਪ੍ਰਬੰਧ ਵਿੱਚ ਬਹੁਤ ਸਾਰੇ ਕਨੂੰਨ ਔਰਤਾਂ ਲਈ ਬਣਵਾਏ। ਇਸ ਤਰਾਂ ਬਾਅਦ ਵਿੱਚ ਕਈ ਮਹਾਂਪੁਰਸ਼ਾਂ ਨੇ ਔਰਤਾਂ ਦੀ ਅਜਾਦੀ ਲਈ ਸੰਘਰਸ਼ ਕੀਤਾ।
ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ –  ਇਹ ਸ਼ਬਦ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਤੋਂ ਉਚਾਰੇ ਗਏ ਹਨ, ਜਿਨ੍ਹਾਂ ਦਾ ਭਾਵ ਹੈ ਕਿ ਜਿਸ ਇਸਤਰੀ ਨੇ ਰਾਜਿਆਂ, ਯੋਧਿਆਂ, ਸੰਤਾਂ ਅਤੇ ਅਵਤਾਰਾਂ ਨੂੰ ਜਨਮ ਦਿੱਤਾ ਹੈ ਉਸ ਨੂੰ ਕਿਉਂ ਅਪਮਾਣਿਤ ਕੀਤਾ ਜਾਂਦਾ ਹੈ? ਆਪ ਨੇ ਇਸਤਰੀ ਦੀ ਆਜ਼ਾਦੀ ਲਈ ਕ੍ਰਾਂਤੀਕਾਰੀ ਆਵਾਜ਼ ਉਠਾਈ। ਇਨਾ ਤੋਂ ਇਲਾਵਾ ਕਰਾਤੀਕਾਰੀ ਸ੍ਰੀ ਗੂਰੂ ਰਵਿਦਾਸ ਮਹਾਰਾਜ ਅਤੇ ਕਬੀਰ ਮਹਾਰਾਜ ਜੀ ਨੇ ਵੀ ਇਸਤਰੀ ਦੀ ਆਜ਼ਾਦੀ ਲਈ ਕ੍ਰਾਂਤੀਕਾਰੀ ਆਵਾਜ਼ ਉਠਾਈ ਸੀ।
ਅੱਜ ਦੀ ਔਰਤ-  ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ 02 ਸਾਲ 11 ਮਹੀਨੇ 18 ਦਿਨ ਲਗਾਕੇ ,24-24 ਘੰਟੇ ਲਗਾ ਕੇ ਭਾਰਤੀ ਸੰਵਿਧਾਨ ਤਿਆਰ ਕੀਤਾ, ਜਿਸ ਵਿੱਚ ਹਿੰਦੂ ਕੋਡ ਬਿੱਲ ਦੁਆਰਾ ਔਰਤ ਨੂੰ ਘਰੋਂ ਬਾਹਰ ਨਿਕਲਣ ਅਤੇ ਆਪਣੇ ਅੰਦਰ ਦੀ ਕਲਾ ਦਿਖਾਉਣ ਦਾ ਮੌਕਾ ਅਤੇ ਲਿੱਖਤੀ ਹੱਕ ਮਿਲਿਆ ਸੀ।ਇਹ ਹੀ ਕਾਰਨ ਹੈ ਅੱਜ ਦੀ ਔਰਤ ਡਾਕਟਰ, ਵਕੀਲ, ਇੰਜੀਨੀਅਰ, ਪੁਲਿਸ, ਜੱਜ ਆਪਣੇ ਮਨਭਾਉਂਦੇ ਹਰ ਖੇਤਰ ਵਿੱਚ ਮੁਕਾਮ ਹਾਸਿਲ ਕਰਨ ਵਿੱਚ ਕਾਮਯਾਬ ਰਹੀ ਹੈ। ਇਸ ਤੋਂ ਇਲਾਵਾ ਰਾਜਨੀਤੀ ਵਿੱਚ ਇੱਕ ਪਿੰਡ ਦੀ ਪੰਚੀ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਤੱਕ ਦੇ ਵੀ ਮੁਕਾਮ ਹਾਸਿਲ ਕਰਨ ਵਿੱਚ ਕਾਮਯਾਬ ਰਹੀ ਹੈ, ਜਿਸ ਨਾਲ ਸਮਾਜਿਕ ਮਰਦ ਪ੍ਰਧਾਨ ਵਿਵੱਸਥਾ ਖਤਮ ਹੋ ਰਹੀ ਹੈ ਪਰ ਜੇ ਗੱਲ ਕਰੀਏ ਪਿਛਲੇ ਸਮੀਆਂ ਦੌਰਾਨ ਦੀਆਂ ਕੁਰੀਤੀਆਂ /ਕੁੱਝ ਧਰਮਾਂ ਅਤੇ ਰੀਤੀ ਰਿਵਾਜਾਂ ਦੀ ਉਨ੍ਹਾਂ ਨੇ ਤਾਂ ਔਰਤ ਨੂੰ ਘਰ ਦੀ ਚਾਰ ਦੀਵਾਰੀ ਦੀ ਮੂਰਤ ਹੀ ਬਣਾ ਕੇ ਰੱਖਿਆ ਸੀ। ਜਿਵੇਂ ਇੱਕ ਸ਼ਾਇਰ ਨੇ ਲਿਖਿਆ ਹੈ ਕਿ:-
“ ਮੈਂ ਕਿ ਲਿਖਾਂਗਾ ਔਰਤ ਦੇ ਲਈ,
ਮੇਰੇ ਸਾਰੇ ਸ਼ਬਦ ਹੀ ਬੌਨੇ ਨੇ,
ਅਸੀਂ ਸਿਫਤਾਂ ਤਾ ਕਰਦੇ ਹਾਂ ਬੁਹਤੀਆਂ,
ਸਾਡਾ ਆਦਰ ਪਿਆਰ ਅਜੇ ਸੀਮਤ ਹੈ,
ਸਨਮਾਨ ਕਾਨੂੰਨ ਹੈ ਪੂਰਾ ਦਿੰਦਾ,
ਬਸ ਧਰਮਾਂ ਦੇ ਹੀ ਰੋਣੇ ਨੇ,
ਮੈਂ ਕਿ ਲਿਖਾਂਗਾ ਔਰਤ ਦੇ ਲਈ ,
ਮੇਰੇ ਸਾਰੇ ਸਬਦ ਹੀ ਬੌਨੇ ਨੇ।
 ਅੱਜ ਹਰ ਨਾਗਰਿਕ ਨੂੰ ਚਾਹਿਦਾ ਹੈ ਕੀ ਉਹ ਔਰਤ ਨੂੰ ਹੋਰ ਚੰਗੇ ਵਿਗਿਆਨਕ ਵਿਸ਼ੇ ਪੜ੍ਹਾ ਕੇ ਅਤੇ ਗੈਰ ਜਰੂਰੀ ਧਾਰਮਿਕ ਰਸਮ ਰਿਵਾਜਾ ਤੋਂ ਦੂਰ ਕਰਕੇ ਤਕਨੀਕੀ ,ਰਾਜਨੀਤੀ ਅਤੇ ਵਪਾਰਕ ਪੱਧਰ ਤੇ ਸਿਖਿਆ ਦੇ ਕੇ ਅੱਗੇ ਲੈ ਕੇ ਆਵੇ । ਸਦੀਆਂ ਪਹਿਲਾਂ ਜਦੋਂ ਸਮਾਜ ਔਰਤ ਨੂੰ ਸਕੂਲ ਜਾਣ ਤੋਂ ਵਰਜਦਾ ਸੀ ਤਾਂ ਸਮਾਜ ‘ਚ ਔਰਤਾਂ ਦੀ ਸਰਦਾਰੀ ਦੀ ਕਲਪਨਾ ਕਰਨ ਵਾਲੀ ਔਰਤ ਮਾਤਾ ਸਵਿਤਰੀ ਬਾਈ ਫੂਲੇ ਨੇ ਹਰ ਸਮਾਜ ਦੀਆਂ ਔਰਤਾਂ ਲਈ ਸੱਭ ਤੋਂ ਪਹਿਲਾਂ 1848 ਵਿੱਚ ਸਕੂਲ ਖੋਲਿਆ ਅਤੇ ਭਾਰਤ ਦੀ ਪਹਿਲੀ ਔਰਤ ਅਧਿਆਪਕਾ ਬਣੀ । ਸਕੂਲ ਜਾਣ ਸਮੇਂ ਲੋਕ ਉਸ ਤੇ ਗੋਹਾ ਕੂੜਾ ਸੁਟਦੇ ਸੀ। ਇਸੇ ਕਾਰਨ ਉਹ ਆਪਣੇ ਨਾਲ ਦੋ ਸਾੜੀਆਂ ਲੈ ਕੇ ਜਾਇਆ ਕਰਦੀ ਸੀ। ਇਸ ਕਰਕੇ ਅੱਜ ਦੀ ਹਰ ਵਰਗ ਦੀ ਔਰਤ ਪੜੀ ਲਿਖੀ ਹੈ।ਸਮਾਜ ਵਿੱਚ ਮਰਦ ਭਾਵੇਂ ਪੜੇ ਜਾਂ ਨਾ ਪੜੇ ਪਰ ਇੱਕ ਘਰ ਦੀ ਔਰਤ ਜਰੂਰ ਪੜੀ ਲਿਖੀ ਹੋਣੀ ਚਾਹਿਦੀ ਹੈ,ਕਿਉਂਕਿ ਅੱਜ਼ ਘਰ ਦੀ ਪੜੀ ਲਿਖੀ ਔਰਤ ਕਰਕੇ ਹੀ ਸਮਾਜ ਪੀੜੀ ਦਰ ਪੀੜੀ ਪੜ੍ਹ ਲਿੱਖ ਸਕਿਆ ਹੈ, ਜਦਕਿ ਇੱਕ ਮਰਦ ਦੀ ਸਿਖਿਆ ਇੱਕ ਮਰਦ ਤੱਕ ਹੀ ਸੀਮਿਤ ਰਹੀਂ ਜਾਂਦੀ ਹੈ। ਦੂਜੇ ਦੇਸ਼ਾਂ ਵਿੱਚ ਇਸ ਗੱਲ ਨੂੰ ਮੁੱਖ ਰੱਖਕੇ ਹੀ ਔਰਤਾਂ ਨੂੰ ਸਿਖਿਆ ਪ੍ਰਦਾਨ ਕਰਵਾਈ ਜਾ ਰਹੀ ਹੈ, ਜਿਸ ਕਾਰਨ ਉਹ ਦੇਸ਼ ਤਰੱਕੀ ਵਿੱਚ ਵੀ ਬਾਕੀ ਦੇਸ਼ਾਂ ਨਾਲੋਂ ਅੱਗੇ ਹਨ। ਭਾਵੇਂ ਅੱਜ ਔਰਤ ਹਰ ਖੇਤਰ ਵਿੱਚ ਸਿਖਰਾਂ ਤੇ ਪਹੁੰਚ ਗਈ ਹੈ, ਭਾਵੇਂ ਦੇਸ ਦੀ ਪ੍ਰਧਾਨ ਮੰਤਰੀ ਹੋਵੇ,ਚੰਦ ਦੀ ਧਰਤੀ ਹੋਵੇ,ਹਿਮਾਲੀਆਂ ਪਰਬਤ ਦੀ ਚੋਟੀ,ਜਹਾਜ਼ਾ ਦੀ ਪਾਇਲਟ ਜਾਂ ਟੈਕਸੀ ਡਰਾਈਵਰ ਹੋਵੇ,ਔਰਤਾਂ ਦੀ ਮਹੱਤਤਾ ਸਭ ਦੇ ਸਾਹਮਣੇ ਹੈ ਅੱਜ ਪੜ੍ਹਾਈ ਦੇ ਵਿੱਚ ਵੀ ਔਰਤਾਂ ਸਭ ਤੋਂ ਅੱਗੇ ਨਿਕਲ ਰਹੀਆਂ ਹਨ |ਸ਼ੁਰੂ ਤੋਂ ਹੁਣ ਤੱਕ ਔਰਤਾਂ ਨੂੰ ਕਈ ਪੀਰਾਂ ਫਕੀਰਾਂ ਨੇ ਚੰਗਾ ਕਿਹਾ ਤੇ ਕਈਆਂ ਨੇ ਬੁਰਾ ਭਲਾ ਪਰ ਸਭ ਕੁੱਝ ਦੇ ਬਾਵਜੂਦ ਅੱਜ ਦੀ ਔਰਤ ਆਜ਼ਾਦ ਹੋ ਕੇ ਬੁਲੰਦੀਆਂ ਨੂੰ ਛੂੰਹ ਰਹੀ ਹੈ|
         ਕਿਸੇ ਵੀ ਦੇਸ਼ ਦੇ ਚੰਗੇ ਅਤੇ ਉੱਤਮ ਵਿਕਾਸ ਲਈ ਅਤੇ ਉੱਥੋਂ ਦੇ ਸਮਾਜ ਦੇ ਚੰਗੇ ਭਵਿੱਖ ਲਈ, ਇੱਕ ਔਰਤ ਨੂੰ ਸਮਾਜ ਵਿੱਚ ਹਰ ਵਿਸ਼ੇ ਅਤੇ ਪ੍ਰਬੰਧਕੀ ਸਿਸਟਮ ਵਿੱਚ ਬਾਰਬਰ ਦਾ ਹੱਕ ਦੇਣਾ ਅਤੇ ਮਰਦ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੇਣਾ ਉੱਥੋ ਦੇ ਕਨੂੰਨ ਦਾ ਹਿੱਸਾ ਹੋਣਾ ਲਾਜਮੀ ਹੋਣਾ ਚਾਹਿਦਾ ਹੈ, ਜਿਸ ਨਾਲ ਅਜੀਹੇ ਸਮਾਜ ਅਤੇ ਇੱਕ ਅਜਿਹੀ ਦੁਨੀਆਂ ਦੀ ਸਿਰਜਣਾ ਕਰੀਏ, ਜਿੱਥੇ ਸਾਰੇ ਮਿਲ ਕੇ ਰਹਿਣ, ਔਰਤਾਂ ਖ਼ੁਦ-ਮੁਖ਼ਤਿਆਰ ਹੋਣ ਅਤੇ ਉਨ੍ਹਾਂ ਦੇ ਹੱਥ ‘ਚ ਵੀ ਵਿਸ਼ਵ ਦਾ ਕਾਰੋਬਾਰ ਹੋਵੇ।
( ਇੰਜ: ਵਿਸ਼ਾਲ ਖੈਹਿਰਾ ਵਾਸਤਵਿਕ ਕਲਮ ਤੋਂ 99889-13417)
Previous articleਇਕ ਬੇਨਤੀ
Next articleਦਿਹਾਤੀ ਮਜਦੂਰ ਸਭਾ ਤਹਿਸੀਲ ਫਿਲੌਰ ਵਲੋਂ ਦਿਹਾਤੀ ਮਜਦੂਰਾਂ ਤੇ ਮਨਰੇਗਾ ਕਾਮਿਆਂ ਦੀਆਂ ਮੰਗਾਂ ਸਬੰਧੀ 12 ਜੁਲਾਈ ਨੂੰ ਹਲਕਾ ਵਿਧਾਇਕ ਤੇ 15 ਜੁਲਾਈ ਨੂੰ ਮੈਬਰ ਪਾਰਲੀਮੈਂਟ ਨੂੰ ਮੰਗ ਪੱਤਰ ਦੇਣ ਦਾ ਫੈਸਲਾ