ਇਸਲਾਮਾਬਾਦ (ਸਮਾਜ ਵੀਕਲੀ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਦੋਸ਼ ਲਾਇਆ ਕਿ ਭਾਰਤ ਵਿਚ ਘੱਟਗਿਣਤੀ ਫ਼ਿਰਕਿਆਂ ਨੂੰ ਕੱਟੜਵਾਦੀ ਗਰੁੱਪ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦਾ ਏਜੰਡਾ ਖੇਤਰੀ ਸ਼ਾਂਤੀ ਲਈ ‘ਅਸਲ ਖ਼ਤਰਾ ਹੈ।’ ਭਾਰਤ ਦੇ ਉੱਤਰਾਖੰਡ ਸੂਬੇ ਦੇ ਹਰਿਦੁਆਰ ਵਿਚ ਹਾਲ ਹੀ ’ਚ ਦਿੱਤੇ ਗਏ ਨਫ਼ਰਤੀ ਭਾਸ਼ਣਾਂ ਦੇ ਸੰਦਰਭ ਵਿਚ ਟਵਿੱਟਰ ’ਤੇ ਇਮਰਾਨ ਨੇ ਸਵਾਲ ਕੀਤਾ, ‘ਕੀ ਭਾਜਪਾ ਸਰਕਾਰ ਘੱਟਗਿਣਤੀਆਂ, ਖਾਸ ਕਰ ਕੇ 20 ਕਰੋੜ ਮੁਸਲਮਾਨਾਂ ਦੇ ਕਤਲੇਆਮ ਲਈ ਦਿੱਤੇ ਗਏ ਸੱਦੇ ਦਾ ਸਮਰਥਨ ਕਰਦੀ ਹੈ? ਸਮਾਂ ਆ ਗਿਆ ਹੈ ਕਿ ਕੌਮਾਂਤਰੀ ਭਾਈਚਾਰਾ ਇਸ ਦਾ ਨੋਟਿਸ ਲਏ ਤੇ ਕਾਰਵਾਈ ਕਰੇ।’
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਤਲਬ ਕਰ ਕੇ ਹਰਿਦੁਆਰ ਦੇ ਸੰਮੇਲਨ ਵਿਚ ਦਿੱਤੇ ਗਏ ਨਫ਼ਰਤੀ ਭਾਸ਼ਣਾਂ ’ਤੇ ਇਤਰਾਜ਼ ਜਤਾਇਆ ਸੀ। ਪਾਕਿਸਤਾਨ ਨੇ ਭਾਰਤੀ ਧਿਰ ਨੂੰ ਕਿਹਾ ਸੀ ਕਿ ਇਨ੍ਹਾਂ ਭਾਸ਼ਣਾਂ ਦਾ ਸਿਵਲ ਸੁਸਾਇਟੀ ਤੇ ਦੇਸ਼ ਦੇ ਹਰ ਵਰਗ ਦੇ ਲੋਕਾਂ ਨੇ ਸਖ਼ਤ ਨੋਟਿਸ ਲਿਆ ਹੈ। ਜ਼ਿਕਰਯੋਗ ਹੈ ਕਿ 17 ਤੋਂ 20 ਦਸੰਬਰ ਤੱਕ ਹਰਿਦੁਆਰ ਵਿਚ ‘ਧਰਮ ਸੰਸਦ’ ਸੰਮੇਲਨ ਕੀਤਾ ਗਿਆ ਸੀ। ਇਸ ਦਾ ਪ੍ਰਬੰਧ ਜੂਨਾ ਅਖਾੜਾ ਦੇ ਯਤੀ ਨਰਸਿਮ੍ਹਾਨੰਦ ਗਿਰੀ ਵੱਲੋਂ ਕੀਤਾ ਗਿਆ ਸੀ। ਗਿਰੀ ਖ਼ਿਲਾਫ਼ ਕੇਸ ਦਰਜ ਹੋ ਚੁੱਕਾ ਹੈ ਤੇ ਜਾਂਚ ਚੱਲ ਰਹੀ ਹੈ।
ਇਸ ਸੰਮੇਲਨ ਵਿਚ ਕਈਆਂ ਨੇ ਬੇਹੱਦ ਭੜਕਾਊ ਭਾਸ਼ਣ ਦਿੱਤੇ ਸਨ। ਪੰਦਰਾਂ ਜਣਿਆਂ ਖ਼ਿਲਾਫ਼ ਇਸ ਮਾਮਲੇ ਵਿਚ ਦੋ ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਮਾਮਲੇ ਦੀ ਜਾਂਚ ਲਈ ‘ਸਿਟ’ ਵੀ ਬਣਾਈ ਗਈ ਹੈ। ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚ ਗਿਆ ਹੈ ਜਿੱਥੇ ਕਾਰਵਾਈ ਦੀ ਮੰਗ ਲਈ ਪਟੀਸ਼ਨ ਪਾਈ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly