ਨਮਕੀਨ ਲਾੱਲੀਪਾੱਪ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਕੁਝ ਸੱਚਾਈਆਂ ਐਡੀਆਂ ਕੌੜੀਆਂ ਹੁੰਦੀਆਂ ਬਈ ਗੁੜ–ਸ਼ਹਿਦ ਨਾਲ਼ ਵੀ ਨਹੀਂ ਨਿਗਲ਼ੀਆਂ ਜਾਂਦੀਆਂ। ਸੋ ਅਜਿਹੀਆਂ ਕੁੜੱਤਣਾਂ ਨੂੰ ਕੋਈ ਹੱਥ ਨਹੀਂ ਪਾਉਂਦਾ। ਜੇ ਕੋਈ ਮਾਤ੍ਹੜ ਇਹ ਕੌੜੀ ਸੱਚਾਈ ਨੂੰ ਚਖ ਕੇ, ਉਗਲ਼ ਦੇਵੇ ਤਾਂ ਬਹੁਤਿਆਂ ਨੂੰ ਟੱਟੀਆਂ–ਉਲਟੀਆਂ ਲੱਗ ਜਾਂਦੀਆਂ। ਸੱਪ ਦੇ ਮੂੰਹ ਕੋਹੜਕਿਰਲੇ ਆਲ਼ੀ ਸਥਿਤੀ ਹੁੰਦੀ ਐ।

ਅਜਿਹੀ ਇੱਕ ਕੌੜੀ ਸੱਚਾਈ ਐ ‘ਕੱਚ–ਘਰੜ ਲਿਖਣ ਵਾਲ਼ੀਆਂ ਔਰਤ ਲੇਖਿਕਾਵਾਂ ਨੂੰ ਸ਼ੀਸ਼ਾ ਵਿਖਾਉਣਾ’ ਜਿਸ ਤੋਂ ਬਹੁਤੀ ਖ਼ਲਕਤ ਟਲ਼ਦੀ ਐ। ਬਹੁਤੇ ਤਾਂ ਇਸ ਗੱਲੋਂ ਈ ਡਰਦੇ ਚੁੱਪ ਆ ਬਈ ‘ਜੇ ਕੁਛ ਕਹਿਤਾ ਤਾਂ’ ਬੀਬੀਆਂ ਨੇ ਤਾਂ ਭਰਿੰਡਾਂ ਦੇ ਖੱਖਰ ਆਂਗੂੰ ਚਿੰਬੜਨਾ ਈ ਐ, ਬੀਬੀਆਂ ਦੇ ਸੋ ਕਾਲਡ ਕਦਰਦਾਨ, ਔਰਤਾਂ ਦੇ ਹੱਕ ਲਈ ਨਾਹਰੇ ਮਾਰਨ ਵਾਲ਼ੇ ਅਖੌਤੀ ਵਿਦਵਾਨ, ‘ਲੱਡੂ ਫੁੱਟੂ ਤਾਂ ਭੋਰਾ ਸਾਨੂੰ ਵੀ ਮਿਲੂ’ ਸੋਚ ਆਲ਼ੇ ਛਲਾਰੂ ਆਦਿ ਵੀ ਭੂੰਡਾਂ ਆਂਗੂੰ ਪੈ ਜਾਣਗੇ। ਭ– ਭੂੰਡ ਨਾਲ਼ ਇਹ ਵੀ ਸੋਚਦੇ ਆ ਬਈ ਸ਼ਾਇਦ ਭ – ਭਰਿੰਡ ਦੀ ਛਤਰਛਾਇਆ ਹੇਠ ਉਨ੍ਹਾਂ ਦੇ ਠਰਕਪੁਣੇ ਦੀ ਜ਼ਹਿਰ ਉਤਰ ਜਾਵੇ।

ਸੋਸ਼ਲ ਮੀਡੀਆ ਉੱਤੇ ਕੁਝ ਵੀ ਪਰੋਸਣ ਵਾਲ਼ੇ ਇਸ ਦੌਰ ਵਿੱਚ – ਪੰਜਾਬੀ ਵਿੱਚ, ਅਜੋਕੇ ਦੌਰ ਵਿੱਚ ਲੇਖਕਾਂ ਦਾ ਹੜ੍ਹ ਆ ਗਿਆ ਹੈ ਤੇ ਉਸੇ ਹੜ੍ਹ ਵਿੱਚ ਹੜ੍ਹ ਕੇ ਆਈਆਂ ਬਹੁਤੀਆਂ ਲੇਖਿਕਾਵਾਂ ਸਾਨੂੰ ਦੇਖਣ, ਪੜ੍ਹਨ, ਸੁਣਨ ਨੂੰ ਮਿਲਦੀਆਂ ਨੇ।

ਕੱਚ–ਘਰੜ ਲਿਖਤਾਂ ਲਿਖਣ ਵਾਲ਼ੇ ਗੱਭਰੂ ਤਾਂ ਛੇਤੀ ਹੀ ਪੂਛ ਜਿਹੀ ਦੱਬ ਕੇ ਮੈਦਾਨ ਵਿੱਚੋਂ ਤੁਰੀ ਜਾਂਦੇ ਆ ਕਿਉਂਕਿ ਉਨ੍ਹਾਂ ਨੂੰ ਗਲ਼ੇ ਮਰੂਦਾਂ ਵੱਟੇ ਵੀ ਕੋਈ ਨਹੀਂ ਪੁੱਛਦਾ ਪਰ ਕੱਚ–ਘਰੜ ਲਿਖਤਾਂ ਵਾਲ਼ੀਆਂ ਬੀਬੀਆਂ ਇੱਕ ਵਾਰੀ ਆ ਕੇ, ਬਰੋਬਰ ਵੰਝ ਗੱਡ ਕੇ ਕੇਰਾਂ ਖੜ੍ਹ ਗਈਆਂ ਤਾਂ ਬੱਸ ਖੜ੍ਹ ਗਈਆਂ…. ਉਨ੍ਹਾਂ ਦੀ ਝੰਡੀ ਕੋਈ ਨਹੀਂ ਪੱਟ ਸਕਦਾ।

ਕੱਚ–ਘਰੜ ਲਿਖਤਾਂ ਲਿਖਣ ਤੋਂ ਬਾਅਦ ਵੀ ਬੁਲੰਦੀ ਨੂੰ ਛੂਹਣ ਵਾਲ਼ੀਆਂ ਬੀਬੀਆਂ ਦੀ ਅਸਲੀ ਤਾਗਤ ਹੁੰਦੇ ਆ, ਉਹ ‘ਬੀਬੇ’, ‘ਬਾਬੇ’, ‘ਬਰੋ’, ‘ਬਾਈ’ ਜਿਹੜੇ ਗਿੱਦੜੀਆਂ ਦਾ ਗੂੰਹ ‘ਸਮਾਨ ਵਿੱਚ ਚੜ੍ਹਾਉਣ ਅਤੇ ਫਿਰ ਚਮਕਾਉਣ ਲਈ ਲਟਾ–ਪੀਂਘ ਹੁੰਦੇ ਰਹਿੰਦੇ ਆ। ਇਹ ‘ਬੀਬੇ’, ‘ਬਾਬੇ’, ‘ਬਰੋ’, ‘ਬਾਈ’ ਜਦੋਂ ਆਪਣੇ ਕੀਤੇ ਦਮ–ਚੜ੍ਹਾਊ ਕਾਰਜਾਂ ਦਾ ਸਿਲਾ ਨਿੱਜੀ ਰੂਪ ਵਿੱਚ ਇਨਬਾਕਸੀ ਮੰਗਦੇ ਆ ਤਾਂ ਬਹੁਤਿਆਂ ਨਾਲ਼ ‘ਕੁੱਤੇਖਾਣੀ’ ਹੁੰਦੀ ਐ। ਸਿਆਣੇ ਤਾਂ ਪੂਛ ਜੀ ਦੱਬ ਕੇ, ਮੱਲ੍ਹਕ ਦੇਣੀ ਖਿਸਕ ਜਾਂਦੇ ਆਂ ਪਰ ਜਿਨ੍ਹਾਂ ਦੇ ਬੇ–ਸ਼ਰਮੀ, ਬੇ–ਗ਼ੈਰਤੀ, ਬੇ–ਹਯਾਈ ਦੇ ‘ਮਾਊਂ’ ਲੜਦੇ ਆ, ਉਨ੍ਹਾਂ ਨੂੰ ‘ਬਲੌਕ–ਨੁਮਾ’ – ‘ਕੋਸੀ ਸਵਾਹ ਦਾ ਚੁਟਕਾ’ ਸੁਡਵਾ ਕੇ ਈ ਰਾਹਤ ਮਿਲਦੀ ਐ।

ਮੇਰਾ ਇੱਕ ਮਿੱਤਰ–ਪਿਆਰਾ ਸੀ, (ਹੁਣ ਉਹ ਆਪਣਾ ‘ਅਸਲੀ ਤੇ ਪੁਰਾਣਾ’ ਅਕਾਊਂਟ ਪਰਮਾਨੈਂਟ ਬੰਦ ਕਰ ਗਿਐ।) ਉਹ ਬਹੁਤੇ ਮਾੜਿਆਂ ਤੋਂ ਰਤਾ ਕੁ ਚੰਗਾ ਲਿਖ ਲੈਂਦਾ ਸੀ ਪਰ ਉਹਦੀ ਲੇਖਣੀ ਅਭਿਧਾਮਈ, ਉਪਭਾਵੁਕੀ, ਤਰਲ–ਮਾਨਸਿਕਤਾ ਤੋਂ ਉਤਾਂਹ ਨਾ ਉੱਠ ਸਕੀ ਸੋ ਉਹਨੂੰ ਸੋਸ਼ਲ ਮੀਡੀਆ ਉੱਤੇ ਕਿਸੇ ਚਿਮਟੇ ਨਾਲ਼ ਵੀ ਨਾ ਚੁੱਕਿਆ।

‘ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ…’ ਕਹਿਣ ਨੂੰ ਉਹਦਾ ਦਿਲ ਨਹੀਂ ਸੀ ਕਰਦਾ ਸੋ ਉਹਨੇ ਫ੍ਰੀ ਆਫ਼ ਕੋਸਟ ਲਿੰਗ–ਬਦਲਾਊ ਅਪਰੇਸ਼ਨ ਕਰਵਾ ਲਿਆ ਤੇ ਬੜੇ ਹੀ ਸੋਹਣੇ ਨਾਂ ਆਲ਼ੀ ਬੀਬੀ ਬਣ ਕੇ ਸੋਸ਼ਲ ਮੀਡੀਆ ਉੱਤੇ ਪਰਗਟ ਹੋ ਗਿਆ। ਉਹਨੇ ਆਪਣੀਆਂ ਕਬਾੜ–ਨੁਮਾ ਲਿਖਤਾਂ ਜਿਨ੍ਹਾਂ ਨੂੰ ਉਹ ‘ਸਾਹਿਤ’ ਆਖਦਾ ਸੀ ਜਾਂ ਆਖਦੀ ਹੈ, ਆਪਣੀ ਬੀਬੀ ਵਾਲ਼ੀ ਆਈ.ਡੀ. ‘ਤੇ ਥੱਪਣੀਆਂ ਸ਼ੁਰੂ ਕਰ ਦਿੱਤੀਆਂ।

ਮੈਨੂੰ ਕੋਈ ਹੈਰਾਨੀ ਨਹੀਂ ਹੋਈ ਕਿ ਦਿਨਾਂ ਵਿੱਚ ਹੀ ਉਹਦੇ ਫਰੈਂਡਾਂ ਦੀ ਗਿਣਤੀ 5000 ਹੋ ਗਈ ਤੇ ਉਹਨੇ ਪੇਜ ਬਣਾ ਲਿਆ। ਸਾਡੇ ‘ਬੀਬੇ’, ‘ਬਾਬੇ’, ‘ਬਰੋ’, ‘ਬਾਈ’ ਨੁਮਾ ਸੱਜਣਾ ਨੇ, ਉਹਦੀ ਬੱਲੇ–ਬੱਲੇ ਕਰਵਾਤੀ। ਬੀਬੀ ਦੀਆਂ ਲਿਖਤਾਂ ਨੂੰ ‘ਬੀਬੇ’, ‘ਬਾਬੇ’, ‘ਬਰੋ’, ‘ਬਾਈ’ ਨੁਮਾ ਸੱਜਣਾ ਨੇ, ਕੰਪਿਊਟਰ ਰਾਹੀਂ ਬਣਾ–ਬਣਾ, ਸਜਾ–ਸਜਾ ਪੇਸ਼ ਕੀਤਾ। ਜੇ ਉਹ ਬੀਬੀ ਨੂੰ ਕੋਈ ਫੇਕ ਕਹਿੰਦੈ ਤਾਂ ਉਹਦੇ ਆਹੀ ਦੋਸਤ ਸਿਰ ਪਾੜਨ ਤੱਕ ਜਾਂਦੇ ਨੇ। ਉਹ ਬੀਬੀ ਨਾਲ਼ ਦੇਰ ਰਾਤ ਤੱਕ ਚੈਟਿੰਗਾਂ ਚਲਦੀਆਂ ਨੇ। ‘ਬੀਬੇ’, ‘ਬਾਬੇ’, ‘ਬਰੋ’, ‘ਬਾਈ’ ਬਾਅਦ ਸ਼ਾਮ ਆਪਣੇ ਅਸਲੀ ਰੰਗ ਵਿੱਚ ਆਉਂਦੇ ਨੇ। ਬੀਬੀ ਨੇ ਚੈਟਿੰਗਾਂ ਸਾਂਭ–ਸਾਂਭ ਰੱਖੀਆਂ ਨੇ।

ਹੁਣ ਉਹ ਬੀਬਾ ‘ਨਮਕੀਨ ਲਾੱਲੀਪਾੱਪ’ ਤੋਂ ‘ਖੰਡ ਦੀ ਬੋਰੀ’ ਬਣ ਗਿਆ ਜਿਹਨੂੰ ਕੁੱਤੇ ਘੜੀਸੀ ਫਿਰਦੇ ਨੇ।
(ਅ–ਸਤਯ ਘਟਨਾਓ ਪਰ ਅਧਾਰਿਤ। ਵੀਰਿਆਂ ਨੂੰ ਬੇਨਤੀ ਹੈ, ਬਾਈ ਬਚੋ। ਪਤਾ ਨਹੀਂ ਕੀਹਦੀ ਨਵਜੋਤ ਸਿੱਧੂ ਆਂਗੂੰ ਫਾਈਲ ਤਿਆਰ ਹੋਈ ਜਾਂਦੀ ਹੋਵੇ। ਮੁੜਕੇ ਇੱਕੋ ਐਂਟਰ ਨਾਲ਼ ਸਾਰੇ ਰਿਕਾਰਡ ਦਾ ਪ੍ਰਿੰਟ ਆਊਟ ਬਾਹਰ ਆ ਜਾਣੈ। ਫੇਰ ਨਾ ਕਿਹੋ, ਸਵਾਮੀ ਨੇ ਦੱਸਿਆ ਨ੍ਹੀ ਤੀ।)
– ਜੈ ਹੋ

ਡਾ. ਸਵਾਮੀ ਸਰਬਜੀਤ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਸ਼ ਤੇ ਜੇ ?
Next articleਗੁਨਾਹ ਮੁਆਫ਼ ਕਰਨ ਵਾਲ਼ੀ ਗੁਫਾ