ਏਹੁ ਹਮਾਰਾ ਜੀਵਣਾ ਹੈ -347

ਬਰਜਿੰਦਰ ਕੌਰ ਬਿਸਰਾਓ...

(ਸਮਾਜ ਵੀਕਲੀ)- ਸਾਡੇ ਦੇਸ਼ ਵਿੱਚ ਵਿੱਚ ਹਰ ਦਿਨ,ਹਰ ਤਿੱਥ ਅਤੇ ਹਰ ਤਿਉਹਾਰ ਦੀ ਬਹੁਤ ਮਹੱਤਤਾ ਹੁੰਦੀ ਹੈ। ਅੱਜਕਲ੍ਹ ਚਾਹੇ ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ ਹੀ ਸਾਡਾ ਜੀਵਨ ਚੱਕਰ ਅਤੇ ਘਰੇਲੂ ਜਾਂ ਸਾਰੇ ਦਫ਼ਤਰੀ ਕੰਮ ਕਾਜ  ਚੱਲਦੇ ਹਨ ।ਪਰ ਪਹਿਲਾਂ ਪਹਿਲ ਕੁਦਰਤ ਦੇ ਨਿਯਮਾਂ ਨਾਲ ਦੁਨੀਆਂ ਚੱਲਦੀ ਸੀ।ਅਕਸਰ ਤਾਰਿਆਂ ਦੀ ਛਾਵੇਂ ਉੱਠਣਾ , ਤਾਰਿਆਂ ਦੀ ਛਾਵੇਂ ਸੌਣਾ,ਪਹੁ ਫੁਟਾਲੇ ਤੋਂ ਪਹਿਲਾਂ ਕੰਮਾਂ ਕਾਰਾਂ ਲਈ ਤੁਰ ਪੈਣਾ, ਚੜ੍ਹਦੀ ਧੁੱਪ ਦੇ ਹਿਸਾਬ ਨਾਲ ਸੁਆਣੀਆਂ ਨੇ ਘਰ ਦੇ ਕੰਮ ਨਿਬੇੜ ਦੇਣੇ,ਤਿੱਖੜ ਦੁਪਹਿਰੇ,ਢਲਦੇ ਪਰਛਾਵੇਂ, ਤਾਰਿਆਂ ਦਾ ਟੁੱਟਣਾ, ਬੋਦੀ ਵਾਲ਼ੇ ਤਾਰੇ ਦਾ ਚੜ੍ਹਨਾ, ਅਕਾਸ਼ ਵਿੱਚੋਂ ਧਰੂ ਤਾਰਾ ਲੱਭਣਾ, ਮੂੰਹ ਨ੍ਹੇਰਾ, ਨ੍ਹੇਰਾ-ਸਵੇਰਾ,ਨ੍ਹੇਰ ਦੀਆਂ ਰਾਤਾਂ ,ਚਾਨਣ ਦੀਆਂ ਰਾਤਾਂ ਆਦਿ ਬਹੁਤ ਸਾਰੇ ਸ਼ਬਦ ਉਸ ਕੁਦਰਤ ਨਾਲ ਗਹਿਰਾਈਆਂ ਤੋਂ ਜੁੜੇ ਹੋਣ ਦਾ ਸਬੂਤ ਹਨ। ਕਿਉਂ ਕਿ ਜਦ ਨਾ ਘੜੀਆਂ ਸਨ ਨਾ ਅੰਗਰੇਜ਼ੀ ਕੈਲੰਡਰ ਵਰਤੋਂ ਵਿੱਚ ਆਇਆ ਸੀ ਉਦੋਂ ਇਹਨਾਂ ਸ਼ਬਦਾਂ ਦੇ ਸਹਾਰੇ ਹੀ ਸਾਰੇ ਕੰਮ ਕਾਜ ਕੀਤੇ ਜਾਂਦੇ ਸਨ,ਦਿਨ ਰਾਤ ਦਾ ਹਿਸਾਬ ਰੱਖਿਆ ਜਾਂਦਾ ਸੀ ਅਤੇ ਤਿਉਹਾਰ ਮਨਾਏ ਜਾਂਦੇ ਸਨ।

                ਅੱਜ ਵੀ ਸਾਡੇ ਦੇਸ਼ ਵਿੱਚ ਦੇਸੀ ਮਹੀਨਿਆਂ ਦੀ ਬਹੁਤ ਮਹੱਤਤਾ ਹੈ। ਬਹੁਤ ਸਾਰੇ ਦਿਨ ਤਿਉਹਾਰ ਪਰੰਪਰਾਗਤ ਤਰੀਕੇ ਨਾਲ ਦੇਸੀ ਮਹੀਨਿਆਂ ਦੇ ਅਧਾਰ ਤੇ ਹੀ ਮਨਾਏ ਜਾਂਦੇ ਹਨ। ਦੇਸੀ ਮਹੀਨਿਆਂ ਦੀ ਚੇਤ ਮਹੀਨੇ ਤੋਂ ਫੱਗਣ ਮਹੀਨੇ ਤੱਕ ਦੇ ਹਰ ਦਿਨ ਦੀ ਆਪਣੀ ਮਹਾਨਤਾ ਹੈ। ਇਹਨਾਂ ਦਾ ਜ਼ਿਕਰ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਰਹਮਾਹ ਵਿੱਚ ਵੀ ਆਉਂਦਾ ਹੈ। ਇਹਨਾਂ ਵਿੱਚ ਗੁਰੂ ਸਾਹਿਬਾਨ ਨੇ ਹਰੇਕ ਮਹੀਨੇ ਦਾ ਮਹੱਤਵ ਰੁੱਤ ਅਤੇ ਮੌਸਮ ਦੇ ਹਿਸਾਬ ਨਾਲ ਅਧਿਆਤਮਵਾਦ ਨਾਲ ਰੰਗ ਕੇ ਰੂਹਾਨੀਅਤ ਨਾਲ ਜੋੜਿਆ ਹੈ। ਇਹ ਬਾਰਾਂ ਮਹੀਨਿਆਂ ਵਿੱਚ ਹਰ ਮਹੀਨਾ ਵੀ ਦੋ ਪੱਖਾਂ ਵਿੱਚ ਵੰਡਿਆ ਹੋਇਆ ਹੈ। ਚੰਦਰਮਾ ਦੇ ਚੜ੍ਹਨ ਭਾਵ ਪਹਿਲੇ ਦਿਨ (ਏਕਮ) ਤੋਂ ਪੂਰਾ ਚੰਨ (ਪੂਰਨਮਾਸ਼ੀ) ਤੱਕ ਨੂੰ ਚੜ੍ਹਦਾ ਜਾਂ ਚਾਨਣ ਪੱਖ ਕਿਹਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਘਟਦੇ ਚੰਦਰਮਾ ਤੋਂ ਲੈਕੇ ਮੱਸਿਆ ਤੱਕ ਪਹੁੰਚਣ ਵਾਲੇ ਅੱਧੇ ਮਹੀਨੇ ਨੂੰ ਹਨੇਰ ਪੱਖ ਕਿਹਾ ਜਾਂਦਾ ਹੈ। ਹਰੇਕ ਮਹੀਨੇ ਵਿੱਚ ਪੰਦਰਾਂ ਤਿਥਾਂ ਹੀ ਦੋ ਦੋ ਵਾਰ ਗਿਣੀਆਂ ਜਾਂਦੀਆਂ ਹਨ ਉਦਾਹਰਣ ਦੇ ਤੌਰ ਤੇ ਜਿਨ੍ਹਾਂ ਨੂੰ ਨ੍ਹੇਰ ਦੀ ਤੀਜ ਚੌਥ ਜਾਂ ਚਾਨਣ ਦੀ ਤੀਜ ਚੌਥ ਆਦਿ ਕਰਕੇ ਹੀ ਗਿਣੀਆਂ ਜਾਂਦੀਆਂ ਹਨ।
                ਹਰ ਮਹੀਨੇ ਵਿੱਚ ਚਾਨਣ ਪੱਖ ਦੇ ਚੌਥ ਦੇ‌ ਚੰਦਰਮਾ ਦੀ ਇੱਕ ਵੱਖਰੀ ਕਿਸਮ ਦੀ ਮਹੱਤਤਾ ਹੈ। ਵੈਸੇ ਤਾਂ ਨ੍ਹੇਰ ਪੱਖ ਦੇ ਚੌਥ ਨੂੰ ਔਰਤਾਂ ਦੀ ਪਤੀ ਪ੍ਰਤੀ ਆਸਥਾ ਦਾ ਤਿਉਹਾਰ ਕਰਵਾ ਚੌਥ ਵੀ ਮਨਾਇਆ ਜਾਂਦਾ ਹੈ, ਗਣੇਸ਼ ਚਤੁਰਥੀ ਉਤਸਵ ਵੀ ਚੌਥ ਨਾਲ ਹੀ ਸਬੰਧ ਰੱਖਦਾ ਹੈ। ਪਰ ਚਾਨਣ ਪੱਖ ਦੇ ਚੌਥ ਦਾ ਭਾਰਤ ਦੇ ਲੋਕਾਂ ਵਿੱਚ ਇੱਕ ਬਹੁਤ ਵੱਖਰੀ ਕਿਸਮ ਦਾ ਹਊਆ ਪਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜੇ ਏਕਮ,ਦੂਜ ਜਾਂ ਤੀਜ ਦਾ ਚੰਦਰਮਾ ਦੇਖ ਕੇ ਮੱਥਾ ਨਾ ਟੇਕਿਆ ਹੋਵੇ ਤਾਂ ਚੌਥ ਦਾ ਚੰਦਰਮਾ ਮੱਥੇ ਲੱਗ ਜਾਵੇ ਤਾਂ ਕਲੰਕ ਲੱਗ ਜਾਂਦਾ ਹੈ। ਭਾਦੋਂ ਮਹੀਨੇ ਦੇ ਚੌਥ ਦੇ ਚੰਦਰਮਾ ਦਾ ਤਾਂ ਬਹੁਤ ਵੱਡਾ ਖ਼ੌਫ਼ ਹੈ। ਪਿਛਲੇ ਮਹੀਨੇ ਦੀ ਗੱਲ ਹੈ, ਮੈਂ ਆਪਣਾ ਫੋਨ ਦੇਖਿਆ ਤਾਂ ਮੈਨੂੰ ਅੱਠ ਦਸ ਮਿਸਡ ਕਾਲਾਂ ਆਈਆਂ ਹੋਈਆਂ ਸਨ‌ ਓਹ ਵੀ ਮੇਰੀ ਭੈਣ ਦੀਆਂ। ਦੇਖਦੇ ਸਾਰ ਮੇਰੇ ਸਾਹ ਫੁੱਲਣ ਲੱਗੇ , ਹੱਥ ਕੰਬਣ ਲੱਗੇ , ਮੈਂ ਕੰਬਦੇ ਹੱਥਾਂ ਨਾਲ ਫੋਨ ਮਿਲਾਇਆ ਤਾਂ ਹੌਲੀ ਦੇਣੇ ਆਖਿਆ,” ਸੁੱਖ ਤਾਂ ਹੈ….?” ਉਹ ਕਹਿਣ ਲੱਗੀ,” ਅੱਜ ਤੀਜ ਦਾ ਚੰਦਰਮਾ ਸਾਫ਼ ਦਿਖਦਾ, ਮੱਥਾ ਟੇਕ ਲੈ।” ਮੈਂ ਫਟਾਫਟ ਕੋਠੇ ਤੇ ਚੜ੍ਹ ਕੇ ਅੱਖਾਂ ਖੋਲ੍ਹ ਖੋਲ੍ਹ ਕੇ ਚੰਦਰਮਾ ਦੇ ਰੱਜ ਰੱਜ ਕੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ,” ਹੇ ਚੰਦਰ ਦੇਵਤਾ….ਸੁੱਖ ਦਾ ਚੜ੍ਹੀਂ…. ਵਿਹੜੇ ਖੁਸ਼ੀਆਂ ਲਿਆਈਂ…. ਜਵਾਕਾਂ ਨੂੰ ਤੰਦਰੁਸਤੀ ਬਖ਼ਸ਼ੀਂ…..!” ਤੇ ਹੋਰ ਬਹੁਤ ਕੁਝ ਜੋ ਜੋ ਅਸੀਂ ਆਪਣੀ ਮਾਂ ਨੂੰ ਕਹਿੰਦੀ ਨੂੰ ਸੁਣ ਸੁਣ ਕੇ ਵੱਡੇ ਹੋਏ ਸੀ।” ਅਗਲੇ ਦਿਨ ਸ਼ਾਮ ਨੂੰ ਮੈਂ ਭੈਣ ਨੂੰ ਫ਼ੋਨ ਕੀਤਾ ਤਾਂ ਉਹ ਹਾਲ ਚਾਲ ਪੁੱਛਣ ਲੱਗੀ ਮੈਂ ਉਹਨੂੰ ਜਵਾਬ ਦਿੱਤਾ,” ਮੈਂ ਛੱਤ ਤੇ ਆਈ ਸੀ …..ਮੈਂ ਤਾਂ ਅੱਖਾਂ ਨੀਵੀਆਂ ਕਰ ਕਰ ਕੇ ਰੱਖਦੀ ਆਂ……ਮੱਲੋਮੱਲੀ ਚੌਥ ਦਾ ਚੰਦਰਮਾ ਮੱਥੇ ਲੱਗੀ ਜਾਂਦਾ…..।”
ਉਹ ਹੱਸ ਕੇ ਆਖਣ ਲੱਗੀ,” ਦੇਖ਼…..ਗੁੱਸਾ ਨਾ ਕਰੀਂ……ਕੱਲ੍ਹ ਮੈਨੂੰ ਭੁਲੇਖਾ ਲੱਗ ਗਿਆ ਸੀ……ਅਸਲ ਵਿੱਚ ਕੱਲ੍ਹ ਹੀ ਚੌਥ ਸੀ ਅੱਜ ਤਾਂ ਪੰਚਵੀਂ ਆ…..।” ਉਹ ਹੱਸ ਰਹੀ ਸੀ‌ ਤੇ ਮੈਨੂੰ ਸਮਝ ਨੀ ਆ ਰਹੀ ਸੀ ਕਿ ਮੈਂ ਹੱਸਾਂ ਕਿ ਅਫਸੋਸ ਮਨਾਵਾਂ। ਫੇਰ ਇੱਕ ਪਲ ਵਿੱਚ ਮਨ ਨੂੰ ਸਮਝਾ ਕੇ ਹੱਸਣ ਵਾਲਾ ਰਾਹ ਚੁਣਿਆ ਤੇ ਅਸੀਂ ਦੋਵੇਂ ਖੂਬ ਹੱਸੀਆਂ।
               ਫੇਰ ਮੈਂ ਇਹ ਸੋਚਿਆ ਕਿ ਕਦੇ ਕਿਸੇ ਦਿਨ ਨੂੰ ਵਹਿਮ ਭਰਮ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਪਰੰਪਰਾਵਾਂ ਨੂੰ ਚੱਲਦਾ ਰੱਖਣਾ ਸਾਡਾ ਧਰਮ ਅਤੇ ਫਰਜ਼ ਹੈ ਨਾ ਕਿ ਡਰ।ਉਸ ਨੂੰ ਸਾਕਾਰਾਤਮਕ ਵਿਕਾਸ ਦੀ ਸੋਚ ਨਾਲ ਜੋੜ ਕੇ ਦੇਖਣਾ ਚਾਹੀਦਾ ਹੈ। ਫਿਰ ਅਸੀਂ ਦੋਵਾਂ ਨੇ ਇਹੀ ਤੱਤ ਕੱਢਿਆ ਕਿ ਚੌਥ ਦੇ ਚੰਦਰਮਾ ਤੋਂ ਪਹਿਲਾਂ ਏਕਮ,ਦੂਜ ਜਾਂ ਤੀਜ ਦਾ ਚੰਦਰਮਾ ਇਸ ਲਈ ਮਾਵਾਂ ਦੇਖ਼ਣ ਨੂੰ ਕਹਿੰਦੀਆਂ ਹੋਣਗੀਆਂ ਕਿਉਂਕਿ ਉਹ ਬਹੁਤ ਪਤਲਾ ਹੋਣ ਕਰਕੇ ਅਕਾਸ਼ ਵਿੱਚੋਂ ਲੱਭਣਾ ਔਖਾ ਹੁੰਦਾ ਹੈ। ਉਹਨਾਂ ਨੂੰ ਲੱਭਣ ਕਰਕੇ ਨਿਗਾਹ ਤੇਜ਼ ਕਰਨ ਦਾ ਅਭਿਆਸ ਹੁੰਦਾ ਹੋਵੇਗਾ ਅਤੇ ਭਾਦੋਂ ਵਿੱਚ ਅਕਾਸ਼ ਵਿੱਚੋਂ ਬੱਦਲਾਂ ਵਿੱਚੋਂ ਲੱਭਣਾ ਹੋਰ ਵੀ ਔਖਾ ਹੁੰਦਾ ਹੋਵੇਗਾ ਤੇ ਉਹ ਇੱਕ ਸਖ਼ਤ ਮਿਹਨਤ ਵਾਲ਼ਾ ਅਭਿਆਸ ਹੁੰਦਾ ਹੋਵੇਗਾ ਜੋ ਸਮਾਂ ਪੈਣ ਤੇ ਇੱਕ ਆਸਥਾ ਅਤੇ ਵਿਸ਼ਵਾਸ ਦਾ ਹਿੱਸਾ ਬਣ ਗਿਆ। ਹਰ ਆਸਥਾ ਵਿੱਚੋਂ ਅਸਲੀਅਤ ਨੂੰ ਸਮਝ ਕੇ ਵਹਿਮਾਂ ਭਰਮਾਂ ਨੂੰ ਦੂਰ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਮਣੀਪੁਰ ਦੀ ਘਟਨਾ ਹਕੂਮਤ ਅਤੇ ਪ੍ਰਸ਼ਾਸਨ ਦੀ ਇੱਕ ਮਿਲੀ ਭੁਗਤ ਯੋਜਨਾ”
Next article“ਪਾਣੀ ਵਾਰ ਬੰਨੇ ਦੀਏ ਮਾਏਂ,”ਪਾਣੀ ਵਾਰ ਬੰਨੇ ਦੀਏ ਮਾਏਂ, ਬੰਨਾ ਤੇਰਾ ਬਾਹਰ ਖੜ੍ਹਾ।