ਤੇ ਅੱਜ ਸਿੱਖੀ ਸਰੂਪ ਵਿੱਚ ਵੀ ਲੋਕਾਂਦੇ ਸਾਹਮਣੇ ਹਾਂ_ ਅਮਰਦੀਪ ਸਿੰਘ ਗਿੱਲ
ਫਰੀਦਕੋਟ/ਭਲੂਰ 3 ਜਨਵਰੀ (ਬੇਅੰਤ ਗਿੱਲ ਭਲੂਰ)- ‘ਅੱਖਰ ਪੁਸਤਕ ਪਰਿਵਾਰ’ ਬੁਰਜ ਹਰੀਕਾ ਵੱਲੋਂ ਇਕ ਵਿਸ਼ਾਲ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਉੱਘੇ ਫ਼ਿਲਮ ਡਾਇਰੈਕਟਰ ਤੇ ਸ਼ਾਇਰ ਅਮਰਦੀਪ ਸਿੰਘ ਗਿੱਲ ਵੱਲੋਂ ਇਸ ਸਮਾਗਮ ਵਿੱਚ ‘ਮੁੱਖ ਮਹਿਮਾਨ’ ਵਜੋਂ ਸ਼ਿਰਕਤ ਕੀਤੀ ਗਈ। ਉੱਘੇ ਸ਼ਾਇਰ ਦੇਵਿੰਦਰ ਸੈਫ਼ੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇੱਥੇ ਇਹ ਗੱਲ ਵਿਸ਼ੇਸ਼ ਜ਼ਿਕਰਯੋਗ ਹੈ ਕਿ ਬੁਰਜ ਹਰੀਕਾ ਵਾਸੀਆਂ ਨੇ ਪਿੰਡ ਵਿੱਚ ਸਾਹਿਤਕ ਸਮਾਗਮਾਂ ਦੀ ਸ਼ੁਰੂਆਤ ਸਰਦਾਰ ਅਮਰਦੀਪ ਸਿੰਘ ਗਿੱਲ ਦੇ ਰੂ-ਬ-ਰੂ ਸਮਾਗਮ ਨਾਲ ਕਰਦਿਆਂ ‘ਅੱਖਰ ਪੁਸਤਕ ਪਰਿਵਾਰ’ ਦੇ ਪਲੇਠੇ ਸਮਾਗਮ ਨੂੰ ਹੀ ਲੋਕ ਚੇਤਿਆਂ ਦੀ ਮਿੱਠੀ ਤੇ ਮਹਿਕਦੀ ਯਾਦ ਬਣਾ ਦਿੱਤਾ ਹੈ। ਨੌਜਵਾਨ ਸਤਨਾਮ ਬੁਰਜ ਹਰੀਕਾ ਦੀ ਸਾਹਿਤਕ ਰੁਚੀ ਨੇ ਇਸ ਖੂਬਸੂਰਤ ਸਮਾਗਮ ਨੂੰ ਜਨਮ ਦਿੱਤਾ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਮਾਗਮ ਦੇ ਮੁੱਖ ਹੀਰੋ ਸਰਦਾਰ ਅਮਰਦੀਪ ਸਿੰਘ ਗਿੱਲ, ਉੱਘੇ ਸ਼ਾਇਰ ਡਾ. ਦੇਵਿੰਦਰ ਸੈਫ਼ੀ , ਸਾਹਿਤਕਾਰ ਖੁਸ਼ਵੰਤ ਬਰਗਾੜੀ ਤੇ ਹਰਮਿੰਦਰ ਸਿੰਘ ਬਰਾੜ ਸੁਸ਼ੋਭਿਤ ਹੋਏ। ਇਸ ਦੌਰਾਨ ਫ਼ਿਲਮ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਪਾਠਕਾਂ, ਲੇਖਕਾਂ ਤੇ ਪਿੰਡ ਵਾਸੀਆਂ ਦੇ ਰੂ-ਬ-ਰੂ ਹੁੰਦਿਆਂ ਬਹੁਤ ਹੀ ਖੂਬਸੂਰਤ ਤੇ ਪ੍ਰਭਾਵਸ਼ਾਲੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਆਖਿਆ ਕਿ ਮੈਂ ਸਾਹਿਤ ਤੇ ਸੰਗੀਤ ਦਾ ਵੀ ਬੰਦਾ ਹਾਂ ਪਰ ਮੁੱਖ ਰੂਪ ਵਿੱਚ ਮੇਰੀਆਂ ਸਰਗਰਮੀਆਂ ਸਿਨੇਮਾ ਨਾਲ ਜੁੜੀਆਂ ਹੋਈਆਂ ਹਨ। ਮੈਨੂੰ ਕਵੀ, ਸ਼ਾਇਰ ਤੇ ਗੀਤਕਾਰ ਵਜੋਂ ਵੀ ਸੱਦਿਆ ਜਾਂਦਾ ਪਰ ਮੈਨੂੰ ਫ਼ਿਲਮਕਾਰ ਕਹਾਉਣਾ ਵਧੇਰੇ ਪਸੰਦ ਹੈ। ਉਨ੍ਹਾਂ ਬੜੀ ਸੁਹਿਰਦਤਾ ਨਾਲ ਗੱਲਾਂ ਕਰਦਿਆਂ ਕਿਹਾ ਕਿ ਉਹ ਪੰਜਾਬੀ ਸਿਨੇਮਾ ਨੂੰ ਦੁਨੀਆਂ ਦਾ ਬਿਹਤਰ ਸਿਨੇਮਾ ਬਣਾਉਣਾ ਚਾਹੁੰਦੇ ਹਨ। ਸਾਡੇ ਗੀਤ ਸੰਗੀਤ ਤੋਂ ਬਿਨਾਂ ਕੋਈ ਹਿੰਦੀ ਮੂਵੀ ਪੂਰੀ ਨਹੀਂ ਹੁੰਦੀ, ਪਰ ਜਦੋਂ ਇੰਡੀਆ ਦੇ ਵੱਖ -ਵੱਖ ਭਾਸ਼ਾਵਾਂ ਦੇ ਡਾਇਰੈਕਟਰ ਬੈਠ ਕੇ ਸਾਰਥਿਕ ਸਿਨੇਮਾ ਜਾਂ ਗੰਭੀਰ ਸਿਨੇਮਾ ਦੀ ਗੱਲ ਕਰਦੇ ਹਨ ਤਾਂ ਪੰਜਾਬੀ ਦਾ ਕੋਈ ਡਾਇਰੈਕਟਰ ਉੱਥੇ ਨਹੀਂ ਹੁੰਦਾ। ਇਹ ਗੱਲ ਨੂੰ ਪੂਰਾ ਕਰਨਾ ਮੇਰਾ ਮਕਸਦ ਹੈ। ਇਸੇ ਲਈ ਮੈਂ ਨਿਰੰਤਰ ਪੰਜਾਬੀ ਸਿਨੇਮਾ ਨੂੰ ਉੱਚਾ ਚੁੱਕਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹਾਂ। ਉਨ੍ਹਾਂ ਆਪਣੇ ਬਾਰੇ ਬਹੁਤ ਹੀ ਖੁੱਲ੍ਹਦਿਲੀ ਨਾਲ ਗੱਲਾਂ ਕਰਦਿਆਂ ਕਿਹਾ ਕਿ ਉਹ ਕੱਲ੍ਹ ਵਾਲ ਕੱਟੇ ਹੁੰਦਿਆਂ ਵੀ ਲੋਕਾਂ ਵਿਚ ਸੀ ਅਤੇ ਅੱਜ ਸਿੱਖੀ ਸਰੂਪ ਵਿੱਚ ਵੀ ਲੋਕਾਂ ਦੇ ਸਾਹਮਣੇ ਹੈ। ਉਨ੍ਹਾਂ ਪਿੰਡ ਬੁਰਜ ਹਰੀਕਾ ਦੇ ਲੋਕਾਂ ਨੂੰ ਨਵੀਂ ਲਾਇਬ੍ਰੇਰੀ ਬਣਨ ਦੀ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸਭ ਤੋਂ ਖੂਬਸੂਰਤ ਕਾਰਜ ਹੁੰਦਾ ਹੈ ਪਿੰਡ ਵਿੱਚ ਲਾਇਬ੍ਰੇਰੀ ਦਾ ਹੋਣਾ। ਉਨ੍ਹਾਂ ਇਹ ਵੀ ਕਿਹਾ ਉਸ ਲਈ ਉਹ ਕੋਠੀਆਂ ਵੀ ਕੁਝ ਨਹੀਂ, ਜਿੰਨ੍ਹਾਂ ਵਿੱਚ ਕਿਤਾਬਾਂ ਮੌਜੂਦ ਨਹੀਂ। ਨੌਜਵਾਨਾਂ ਦੇ ਹੱਥਾਂ ਵਿਚ ਕਿਤਾਬਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਆਪਣੀ ਕਿਤਾਬ ‘ਤੁਰਾਂਗੇ ਤਾਂ ਪਹੁੰਚਾਂਗੇ’ ਦੀਆਂ ਦੋ ਕਾਪੀਆ ‘ਗੁਰਮੁਖੀ ਸੱਥ ਲਾਇਬ੍ਰੇਰੀ’ ਬੁਰਜ ਹਰੀਕਾ ਨੂੰ ਸੌਂਪੀਆਂ। ਇਸ ਸਮਾਗਮ ਵਿੱਚ ਭਰਵੀਂ ਇਕੱਤਰਤਾ ਵਿੱਚ ਪਹੁੰਚੇ ਪਿੰਡ ਵਾਸੀਆਂ ਅਤੇ ਹੋਰ ਅਲੱਗ- ਅਲੱਗ ਥਾਵਾਂ ਤੋਂ ਆਏ ਨੌਜਵਾਨ ਲੇਖਕਾਂ ਨੇ ਅਮਰਦੀਪ ਸਿੰਘ ਗਿੱਲ ਦੇ ਵਿਚਾਰਾਂ ਨੂੰ ਬਹੁਤ ਹੀ ਸੰਜੀਦਗੀ ਤੇ ਖ਼ੂਬਸੂਰਤੀ ਨਾਲ ਮਾਣਿਆ। ਇਸ ਮੌਕੇ ‘ਨੌਜਵਾਨ ਸਾਹਿਤ ਸਭਾ ਭਲੂਰ’ ਦੀ ਕਵਿੱਤਰੀ ਅਨੰਤ ਗਿੱਲ ਨੇ ਅਮਰਦੀਪ ਸਿੰਘ ਗਿੱਲ ਨੂੰ ਦਿੱਤੇ ਜਾਣ ਵਾਲੇ ਸਨਮਾਨ ਪੱਤਰ ਨੂੰ ਬਾਖ਼ੂਬੀ ਨਾਲ ਪੜ੍ਹਿਆ ਅਤੇ ਨਾਲ ਹੀ ਉਨ੍ਹਾਂ ਨੇ ਬਾਪੂ ਕਾਮਰੇਡ ਸੁਰਜੀਤ ਗਿੱਲ ਘੋਲੀਆ ਕਲਾਂ ਨੂੰ ਉਚੇਚੇ ਤੌਰ ‘ਤੇ ਯਾਦ ਕਰਦਿਆਂ ਉਨ੍ਹਾਂ ਦੀਆਂ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਮੌਕੇ ‘ਅੱਖਰ ਪੁਸਤਕ ਪਰਿਵਾਰ’ ਦੀ ਤਰਫੋਂ ਉੱਘੇ ਸ਼ਾਇਰ ਦੇਵਿੰਦਰ ਸੈਫ਼ੀ, ਗੀਤਕਾਰ ਦੀਪ ਕੰਡਿਆਰਾ, ਖੁਸ਼ਵੰਤ ਬਰਗਾੜੀ, ਪ੍ਰਧਾਨ ਸਤਨਾਮ ਬੁਰਜ ਹਰੀਕਾ, ਗਾਇਕ ਦਿਲਬਾਗ ਚਹਿਲ, ਜਸਕਰਨ ਲੰਡੇ, ਬੇਅੰਤ ਗਿੱਲ, ਅਨੰਤ ਗਿੱਲ, ਸਤਨਾਮ ਸ਼ਦੀਦ ਸਮਾਲਸਰ, ਕੁਲਵਿੰਦਰ ਸਿੰਘ ਬਰਗਾੜੀ, ਮਨਪ੍ਰੀਤ ਸਿੰਘ ਬਰਗਾੜੀ, ਸੁਖਵੀਰ ਸਿੰਘ , ਹਰਮਿੰਦਰ ਸਿੰਘ ਸਰਪ੍ਰਸਤ, ਭੁਪਿੰਦਰ ਸਿੰਘ ਬਰਾੜ, ਜਰਮਨਜੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਖ਼ਾਲਸਾ, ਮਾਸਟਰ ਜਸਵਿੰਦਰ ਸਿੰਘ, ਚਮਕੌਰ ਸਿੰਘ, ਸਵਰਨ ਸਿੰਘ, ਨਿਰਮਲ ਸਿੰਘ ਖ਼ਾਲਸਾ, ਸੁਰਿੰਦਰ ਸਿੰਘ ਪ੍ਰਧਾਨ, ਮਾਸਟਰ,ਜਗਸੀਰ ਸਿੰਘ, ਬਲੌਰ ਸਿੰਘ, ਕਰਮਜੀਤ ਸਿੰਘ, ਸਤਪਾਲ ਸਿੰਘ, ਗੁਰਮੇਲ ਸਿੰਘ, ਜਸਵਿੰਦਰ ਸਿੰਘ, ਸੁਖਚੈਨ ਸਿੰਘ, ਮਨਪ੍ਰੀਤ ਸਿੰਘ, ਹਰਦੀਪ ਸਿੰਘ, ਨੰਬਰਦਾਰ ਨਛੱਤਰ ਸਿੰਘ, ਗੁਰਵਿੰਦਰ ਸਿੰਘ, ਰਿੰਕੂ ਸਿੰਘ, ਸਰਪੰਚ ਸ਼ਵੇਤਾ ਗਿੱਲ,ਗੁਰਪ੍ਰੀਤ ਸਿੰਘ, ਗੁਰਪਿਆਰ ਹਰੀ ਨੌਂ, ਜਸਵੀਰ ਫੀਰਾ, ਗੋਰਾ ਸਮਾਲਸਰ, ਹਰਮੇਲ ਪ੍ਰੀਤ, ਇਕਬਾਲ ਸ਼ਰਮਾ, ਕੋਮਲ ਭੱਟੀ ਰੋਡੇ, ਈਸ਼ਰ ਸਿੰਘ ਲੰਭਵਾਲੀ, ਸੁਖਰਾਜ ਮੱਲਕੇ, ਜਸਕਰਨ ਮੱਤਾ, ਰਾਜਵੀਰ ਮੱਤਾ ਆਦਿ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਹਾਜ਼ਿਰ ਕਵੀਆਂ, ਲੇਖਕਾਂ ਤੇ ਪਿੰਡ ਵਾਸੀਆਂ ਵੱਲੋਂ ਫ਼ਿਲਮਕਾਰ ਤੇ ਸ਼ਾਇਰ ਅਮਰਦੀਪ ਸਿੰਘ ਗਿੱਲ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਇਸ ਸਮਾਗਮ ਦੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਕਹਾਣੀਕਾਰ ਜਸਕਰਨ ਲੰਡੇ ਨੇ ਬਾਖੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly