ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਡਾ. ਬੀ. ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਰਜਿ: ਪਿੰਡ ਖੋਜੇਵਾਲ ਕਪੂਰਥਲਾ ਵੱਲੋਂ ਯੁੱਗ ਪੁਰਸ਼, ਨਾਰੀ ਜਾਤੀ ਦੇ ਮੁਕਤੀਦਾਤਾ, ਗਿਆਨ ਦੀ ਪ੍ਰਤੀਕ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ 20ਵੀਂ ਸਦੀ ਦੇ ਮਹਾਨ ਨਾਇਕ ਡਾ. ਬੀ. ਆਰ. ਅੰਬੇਡਕਰ ਦਾ 132 ਵਾਂ ਜਨਮ ਦਿਨ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਮਾਸਟਰ ਗੁਰਮੇਜ ਸਿੰਘ ਖੋਜੇਵਾਲ, ਬਾਬਾ ਸਾਹਿਬ ਡਾ. ਬੀ. ਆਰ. ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ, ਸਾ ਬੰਗੜ ਰਾਏਪੁਰੀ ਅਤੇ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਕਰੜਾ ਆਦਿ ਨੇ ਸਾਂਝੇ ਤੌਰ ‘ਤੇ ਕੀਤਾ | ਪ੍ਰਧਾਨਾਗੀ ਮੰਡਲ ਵੱਲੋਂ ਬਾਬਾ ਸਾਹਿਬ ਦੀ ਤਸਵੀਰ ਅੱਗੇ ਫੁੱਲ ਮਾਲਾ ਅਰਪਿਤ ਕੀਤੀਆਂ ਗਈਆਂ । ਸਮਾਜ ਸੇਵਕ ਅਤੇ ਮਿਸ਼ਨਰੀ ਸਾਥੀ ਅਮਰਜੀਤ ਬੰਗੜ ਨਿਊਜ਼ੀਲੈਂਡ ਵਾਲਿਆਂ ਨੇ ਮੋਮਬੱਤੀ ਜਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਡਾ: ਪ੍ਰੇਮ ਕੁਮਾਰ ਧਨਾਲ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਉਂਦੇ ਹੋਏ ਕਾਰਵਾਈ ਨੂੰ ਅੱਗੇ ਤੋਰਿਆ।
ਇਸ ਸ਼ੁਭ ਅਵਸਰ ‘ਤੇ ਬਾਬਾ ਸਾਹਿਬ ਜੀ ਦੇ 132ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਅਮਰਜੀਤ ਬੰਗੜ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਵਿਸ਼ਵ ਦੀ ਉਹ ਮਹਾਨ ਸ਼ਖਸੀਅਤ ਹਨ, ਜਿਨ੍ਹਾਂ ਨੇ ਹਜ਼ਾਰਾਂ ਸਾਲਾਂ ਤੋਂ ਪੀੜਿਤ ਲੋਕਾਂ ਨੂੰ ਬਿਨਾਂ ਖੂਨ ਵਹਾਏ ਮਨੁੱਖੀ ਅਧਿਕਾਰਾਂ ਲੈ ਕੇ ਦਿੱਤੇ । ਜਿਸ ਮਹੀਨੇ ਨੂੰ ਸਾਡੇ ਦੇਸ਼ ਦੇ ਲੋਕ ਮੂਰਖਾਂ ਦਾ ਮਹੀਨਾ ਕਹਿੰਦੇ ਹਨ, ਉਹ ਅਸਲ ਵਿੱਚ ਭਾਰਤੀ ਇਤਿਹਾਸ ਵਿੱਚ ਇੱਕ ਸੁਨਹਿਰੀ ਮਹੀਨਾ ਹੈ। ਕਿਉਂਕਿ ਇਸ ਮਹੀਨੇ ਵਿੱਚ ਰਾਸ਼ਟਰ ਪਿਤਾ ਮਹਾਤਮਾ ਜੋਤੀ ਰਾਓ ਫੂਲੇ, ਮਹਾਂਮਾਨਵ ਡਾ. ਬੀ. ਆਰ ਅੰਬੇਡਕਰ, ਖ਼ਾਲਸਾ ਪੰਥ ਦੀ ਸਾਜਨਾ ਅਤੇ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਨੇ ਗਿਆਨ ਦੇ ਪ੍ਰਤੀਕ ਦਾ ਖਿਤਾਬ ਦਿੱਤਾ। ਬੰਗੜ ਨੇ ਸਮਾਗਮ ਲਈ 5000 ਰੁਪਏ ਦੀ ਵਿੱਤੀ ਸਹਾਇਤਾ ਅਤੇ ਲਾਇਬਰੇਰੀ ਲਈ 10,000 ਰੁਪਏ ਦੀਆਂ ਮਿਸ਼ਨਰੀ ਕਿਤਾਬਾਂ ਦਾ ਸੈੱਟ ਦਿੱਤਾ।
ਸਮਾਗਮ ਦੇ ਮੁਖੀ ਬੁਲਾਰੇ ਬੋਧੀਸਤਵਾ ਡਾ. ਬੀ. ਆਰ. ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ ਪ੍ਰਿੰਸੀਪਲ ਚੰਚਲ ਬੋਧ ਨੇ ਕਿਹਾ ਕਿ ਬਾਬਾ ਸਾਹਿਬ ਨੂੰ ਪੂਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ। ਅੱਜ ਲੋਕ ਬਾਬਾ ਸਾਹਿਬ ਦੀ ਤਸਵੀਰ ਦੀ ਪੂਜਾ ਕਰ ਰਹੇ ਹਨ ਜੋ ਕਿ ਗਲਤ ਹੈ। ਸਾਨੂੰ ਪੂਜਾ ਕਰਨ ਦੀ ਬਜਾਏ ਉਨ੍ਹਾਂ ਦੇ ਵਿਚਾਰਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਕਾਸ ਚਾਹੁੰਦੇ ਹੋ ਤਾਂ ਤੁਹਾਨੂੰ ਅੰਬੇਡਕਰ ਨੂੰ ਜਾਣਨਾ ਹੋਵੇਗਾ।
ਸਾਨੂੰ ਕਰਮ ਫਲਸਫੇ ਨੂੰ ਛੱਡ ਕੇ ਕੁੜੀਆਂ ਪ੍ਰਤੀ ਆਪਣੀ ਮਾੜੀ ਸੋਚ ਨੂੰ ਬਦਲਣਾ ਪਵੇਗਾ। ਅੰਤ ਵਿੱਚ ਪ੍ਰਿੰਸੀਪਲ ਚੰਚਲ ਨੇ ਕਿਹਾ ਕਿ ਸਾਡੇ ਸਮਾਜ ਦੀਆਂ ਲੜਕੀਆਂ ਜਦੋਂ ਉੱਚ ਵਿੱਦਿਆ ਪ੍ਰਾਪਤ ਕਰਨ ਜਾਂਦੀਆਂ ਹਨ ਤਾਂ ਉਹ ਜਾਤੀਵਾਦੀ ਮਾਨਸਿਕਤਾ ਦਾ ਸ਼ਿਕਾਰ ਹੋ ਕੇ ਖੁਦਕੁਸ਼ੀ ਕਰ ਲੈਂਦੀਆਂ ਹਨ, ਜੋ ਕਿ ਗਲਤ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਲੜਕੀਆਂ ਨੂੰ ਹਰ ਸਥਿਤੀ ਦਾ ਸਾਹਮਣਾ ਕਰਨਾ ਸਿਖਾਉਣ। ਇਸ ਤੋਂ ਇਲਾਵਾ ਅੰਬੇਡਕਰ ਪਬਲਿਕ ਸਕੂਲ ਚੇਅਰਮੈਨ ਸੋਹਨ ਲਾਲ ਗਿੰਡਾ, ਧਰਮ ਪਾਲ ਪੈਂਥਰ, ਬੰਗੜ ਰਾਏਪੁਰੀ, ਜਸਵਿੰਦਰ ਉੱਗੀ ਅਤੇ ਲਾਰਡ ਬੁੱਢਾ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਪੂਰਨ ਸਿੰਘ ਆਦਿ ਨੇ ਇੱਕ ਸੁਰ ਵਿੱਚ ਕਿਹਾ ਕਿ ਬਾਬਾ ਸਾਹਿਬ ਵੱਲੋਂ ਸਾਨੂੰ ਜੋ ਤਿੰਨ ਮੁੱਖ ਮੰਤਰ ਸਿੱਖਿਅਤ ਹੋਵੋ , ਸੰਘਰਸ਼ ਕਰੋ ਅਤੇ ਇੱਕਜੁੱਟ ਰਹੋ, ਉਨ੍ਹਾਂ ’ਤੇ ਅਮਲ ਕਰਕੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਦੀ ਲੋੜ ਹੈ। ਇਸ ਮੌਕੇ ਤੇ ਮਿਸ਼ਨਰੀ ਕਲਾਕਾਰ ਵਿੱਕੀ ਬਹਾਦਰਕੇ ਅਤੇ ਬੰਗੜ ਬ੍ਰਦਰਜ ਨੇ ਆਪਣੇ ਮਿਸ਼ਨਰੀ ਗੀਤਾਂ ਰਾਹੀਂ ਸਮਾਜ ਨੂੰ ਜਗਾਉਣ ਦਾ ਯਤਨ ਕੀਤਾ। ਬੇਟੀ ਖੁਸ਼ੀ ਬੰਗੜ ਨੇ ਆਪਣੀ ਕਵਿਤਾ ਰਾਜ ਦਿਲੀ ਤੇ ਕਰਨਾ ਪੇਸ਼ ਕੀਤੀ।
ਮਨਪ੍ਰੀਤ ਕੌਰ, ਰਾਕੇਸ਼ ਕੁਮਾਰ ਕਲਸੀ ਯੂ.ਕੇ. ਵੱਲੋਂ ਲੰਗਰ ਅਤੇ ਪਿੰਡ ਖੋਜੇਵਾਲ ਦੇ ਨੌਜਵਾਨਾਂ ਨੇ ਕੋਲਡ ਡਰਿੰਕ ਦੀ ਸੇਵਾ ਕੀਤੀ । ਵੱਖ-ਵੱਖ ਸਕੂਲਾਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਦਰਜੇ ਵਿੱਚ ਆਉਣ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਅਤੇ 10,000 ਰੁਪਏ ਦੀ ਸੇਵਾ ਓਕਾਰ ਚੰਦ ਕਰੜਾ ਰੋਮਾਨੀਆ, ਰਜਿੰਦਰ ਕੁਮਾਰ ਨੇ 5000 ਰੁਪਏ ਦੀ ਸੇਵਾ ਦਿੱਤੀ। ਅੰਬੇਡਕਰ ਕ੍ਰਾਂਤੀ ਟੀ.ਵੀ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਸਮਾਗਮ ਨੂੰ ਸਫਲ ਬਣਾਉਣ ਲਈ ਓਂਕਾਰ ਚੰਦ ਖਾਟੀ, ਲਾਇਬਰੇਰੀ ਇੰਚਾਰਜ ਪੂਨਮ ਕੁਮਾਰੀ, ਪਰਮਜੀਤ ਕੁਮਾਰ, ਹਰਪ੍ਰੀਤ ਕੁਮਾਰ ਕਰੜਾ, ਲਖਵੀਰ ਸਿੰਘ ਕਰੜਾ, ਮਾਸਟਰ ਸ਼ਿੰਦਰ ਪਾਲ, ਧਰਮਵੀਰ ਅੰਬੇਡਕਰੀ ਆਦਿ ਨੇ ਸਹਿਯੋਗ ਦਿੱਤਾ। ਸੰਸਥਾ ਵੱਲੋਂ ਸਮੂਹ ਮਹਿਮਾਨਾਂ ਨੂੰ ਲੋਈ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪ੍ਰਧਾਨ ਜਸਵਿੰਦਰ ਸਿੰਘ ਖੋਜੇਵਾਲ ਨੇ ਦਾਨੀ ਸੱਜਣਾਂ, ਮਹਿਮਾਨਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ |
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly