ਡੀਏਪੀ ਦੀ ਆੜ੍ਹ ਹੇਠ ਵੇਚਿਆ ਜਾ ਰਿਹਾ ਵਾਧੂ ਸਮਾਨ
ਮੋਗਾ (ਸਮਾਜ ਵੀਕਲੀ) ਬੇਅੰਤ ਗਿੱਲ ਬੀਤੇ ਕੱਲ੍ਹ ਕਿਸਾਨ ਯੂਨੀਅਨ ਕਾਦੀਆਂ ਦੀ ਮੋਗਾ ਵਿਖੇ ਭਰਵੀਂ ਇਕੱਤਰਤਾ ਹੋਈ। ਇਹ ਇਕੱਤਰਤਾ ਕਿਸਾਨ ਯੂਨੀਅਨ ਕਾਦੀਆਂ ਦੇ ਪੰਜਾਬ ਵਿੱਤ ਸਕੱਤਰ ਸਰਦਾਰ ਗੁਰਬਚਨ ਸਿੰਘ ਹੋਰਾਂ ਦੀ ਦੇਖ ਰੇਖ ਹੇਠ ਹੋਈ। ਇਸ ਮੌਕੇ ਉਕਤ ਇਕੱਠ ਦੇ ਨੁਮਾਇੰਦਿਆਂ ਵੱਲੋਂ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸਰਦਾਰ ਨਿਰਮਲ ਸਿੰਘ ਵਿਰਕ ਦੀ ਅਗਵਾਈ ਹੇਠ ਡੀ.ਸੀ. ਮੋਗਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਪੱਤਰ ਰਾਹੀਂ ਕਿਸਾਨ ਯੂਨੀਅਨ ਕਾਦੀਆਂ ਦੇ ਸੀਨੀਅਰ ਆਗੂ ਗੁਰਬਚਨ ਸਿੰਘ, ਮੁਕੰਦ ਕਮਲ, ਲਾਭ ਸਿੰਘ ਮਾਣੂੰਕੇ, ਕੁਲਵੰਤ ਸਿੰਘ ਮਾਣੂੰਕੇ, ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਵਿਰਕ, ਇਕਾਈ ਭਲੂਰ ਦੇ ਪ੍ਰਧਾਨ ਅਮਰਜੀਤ ਸਿੰਘ ਜਟਾਣਾ, ਬਲਜੀਤ ਸਿੰਘ ਬਰਾੜ ਭਲੂਰ ਅਤੇ ਮਨਪ੍ਰੀਤ ਸਿੰਘ ਵਰ੍ਹੇ ਤੋਂ ਇਲਾਵਾ ਹੋਰ ਮੈਂਬਰਾਂ ਨੇ ਕਿਹਾ ਕਿ ਬਹੁਤ ਸਾਰੇ ਲੋਟੂ ਟੋਲੇ ਕਿਸਾਨਾਂ ਨੂੰ ਫ਼ਸਲੀ ਖਾਦਾਂ ਵੇਚਣ ਦੇ ਨਾਲ ਨਾਲ ਹੋਰ ਵਾਧੂ ਸਮਾਨ ਦੀ ਵਿਕਰੀ ਕਰਨ ਦੇ ਰਾਹ ਤੁਰੇ ਹੋਏ ਹਨ। ਇੱਥੇ ਹੀ ਬਸ ਨਹੀਂ ਇਹ ਲੋਕ ਨਕਲੀ ਸਮਾਨ ਵੇਚ ਕੇ ਕਿਸਾਨਾਂ ਦੀਆਂ ਜੇਬਾਂ ‘ਤੇ ਡਾਕਾ ਮਾਰ ਰਹੇ ਹਨ। ਉਨ੍ਹਾਂ ਡੀਸੀ ਮੋਗਾ ਤੋਂ ਮੰਗ ਕੀਤੀ ਹੈ ਕਿ ਅਜਿਹੇ ਲਾਲਚੀ ਲੋਕਾਂ ਨੂੰ ਨੱਥ ਪਾਈ ਜਾਵੇ। ਉਕਤ ਕਿਸਾਨ ਆਗੂਆਂ ਨੇ ਕਿਸਾਨਾਂ ਭਰਾਵਾਂ ਨੂੰ ਵੀ ਇਹ ਸੁਨੇਹਾ ਦਿੱਤਾ ਹੈ ਕਿ ਉਹ ਕਿਸੇ ਵੀ ਸੇਲਰ ਜਾਂ ਹੋਰ ਵਿਆਕਤੀ ਕੋਲੋਂ ਖਾਦ ਲੈਂਦਿਆਂ ਹੋਰ ਵਾਧੂ ਸਮਾਨ ਦੀ ਖ੍ਰੀਦ ਨਾ ਕਰਨ ਅਤੇ ਧੱਕੇ ਨਾਲ ਵੇਚਣ ਵਾਲੇ ਖ਼ਿਲਾਫ਼ ਸਟੈਂਡ ਲੈਣ, ਨਾਲ ਹੀ ਜਥੇਬੰਦੀ ਨਾਲ ਸੰਪਰਕ ਕਰਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly