‘ਪੰਜਾਬ ’ਚ ਆਧੁਨਿਕਤਾ ਦਾ ਸੁਆਲ: ਲੋਕ ਸੁਰਤ ਬਨਾਮ ਸੰਸਥਾਈ ਪਿੜ’ ਵਿਸ਼ੇ ’ਤੇ ਚਰਚਾ

ਬਠਿੰਡਾ (ਸਮਾਜ ਵੀਕਲੀ):  ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਦੂਜੇ ਦਿਨ ਆਦਾਰਾ 23 ਮਾਰਚ ਵੱਲੋਂ ਸਿਰਮੌਰ ਮਾਰਕਸਵਾਦੀ ਚਿੰਤਕ ਰੇਅਮੰਡ ਵਿਲੀਅਮਜ਼ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ‘ਪੰਜਾਬ ਵਿੱਚ ਆਧੁਨਿਕਤਾ ਦਾ ਸੁਆਲ: ਲੋਕ ਸੁਰਤ ਬਨਾਮ ਸੰਸਥਾਈ ਪਿੜ’ ਵਿਸ਼ੇ ’ਤੇ ਕਰਵਾਈ ਵਿਚਾਰ-ਚਰਚਾ ਦੌਰਾਨ ਪ੍ਰੋ. ਪੁਸ਼ਪਿੰਦਰ ਸਿਆਲ ਨੇ ਆਖਿਆ ਕਿ ਸਮਾਜ ਨੂੰ ਨਵੀਂ ਦਿਸ਼ਾ ਦੇਣ ਲਈ ਆਧੁਨਿਕਤਾ ਦੀਆਂ ਜੜ੍ਹਾਂ ਜ਼ਮੀਨੀ ਪੱਧਰ ਤੋਂ ਲੱਭਣ ਦੀ ਲੋੜ ਹੈ।

ਉਨ੍ਹਾਂ ਆਖਿਆ ਕਿ ਬਰਤਾਨਵੀ ਪਾਰਲੀਮੈਂਟ ਨੇ ਵੀ ਹਾਈਡ ਪਾਰਕ ਵਰਗੇ ਹੋਰ ਕਈ ਥਾਵਾਂ ’ਤੇ ਜਨਤਕ ਇਕੱਠ ਨਾ ਕਰਨ ਦਾ ਕਾਨੂੰਨ ਪਾਸ ਕੀਤਾ ਸੀ ਪਰ ਲੋਕਾਂ ਨੇ ਵਿਰੋਧ ਕੀਤਾ ਅਤੇ ਪਾਰਲੀਮੈਂਟ ਨੂੰ ਉਹ ਕਾਨੂੰਨ ਵਾਪਸ ਲੈਣਾ ਪਿਆ। ਅੱਜ ਹਾਈਡ ਪਾਰਕ ਆਜ਼ਾਦੀ ਦਾ ਚਿੰਨ੍ਹ ਹੈ। ਕਿਸਾਨ ਅੰਦੋਲਨ ਨੇ ਵੀ ਭਾਰਤੀ ਸਮਾਜ ਅੰਦਰ ਵੀ ਇਸੇ ਤਰ੍ਹਾਂ ਦੀ ਉਦਾਹਰਨ ਪੇਸ਼ ਕਰਦਿਆਂ ਲੋਕਾਂ ਨੂੰ ਰਾਹ ਦਿਖਾਇਆ ਹੈ।

ਗੁਰੂ ਨਾਨਕ ਦੇਵ ਯੂਨੀਵਸਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਡਾ. ਸੁਖਦੇਵ ਸਿੰਘ ਸੋਹਲ ਨੇ ਆਖਿਆ ਕਿ ਆਧੁਨਿਕਤਾ ਦਾ ਮੌਜੂਦਾ ਮਾਡਲ ਯੂਰਪ ਤੋਂ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਅੰਗਰੇਜ਼ੀ ਨੂੰ ਐਨਾ ਉੱਚਾ ਲੈ ਗਏ ਹਾਂ ਅਤੇ ਇਸ ਨੇ ਸਾਡੀਆਂ ਭਾਸ਼ਾਵਾਂ ਨੂੰ ਨੀਵਾਂ ਕਰ ਦਿੱਤਾ ਹੈ। ਆਧੁਨਿਕਤਾ ਦੇ ਮੌਜੂਦਾ ਮਾਡਲ ਵਿੱਚ ਸਾਡੀ ਸਭਿਆਚਾਰਕ ਗੁਲਾਮੀ ਦੀ ਰਹਿੰਦ-ਖੂੰਹਦ ਦਿਖਾਈ ਦਿੰਦੀ ਹੈ।

ਇਸ ਸੈਸ਼ਨ ਦੀ ਬਹਿਸ ਨੂੰ ਡਾ. ਪਰਮਜੀਤ ਰੋਮਾਣਾ ਅਤੇ ਬਲਦੇਵ ਸ਼ੇਰਗਿੱਲ, ਡਾ ਨੀਤੂ, ਪ੍ਰੋ. ਸ਼ੁਭਪ੍ਰੇਮ ਬਰਾੜ ਨੇ ਅੱਗੇ ਤੋਰਿਆ। ਇਸ ਤੋਂ ਪਹਿਲਾਂ ਆਦਾਰਾ 23 ਵੱਲੋਂ ਕਰਵਾਈ ਗਈ ਇਸ ਵਿਚਾਰ-ਚਰਚਾ ਵਿੱਚ ਸ਼ਾਮਲ ਵਿਦਵਾਨਾਂ ਅਤੇ ਸਰੋਤਿਆਂ ਦਾ ਖੁਸ਼ਵੰਤ ਬਰਗਾੜੀ ਨੇ ਸੁਆਗਤ ਕੀਤਾ। ਇਤਿਹਾਸਕਾਰ ਸੁਮੇਲ ਸਿੰਘ ਸਿੱਧੂ ਨੇ ਸਮੁੱਚੀ ਵਿਚਾਰ-ਚਰਚਾ ਦਾ ਸੰਚਾਲਨ ਕੀਤਾ। ਇਸ ਮੌਕੇ ਡਾ. ਰਾਜਿੰਦਰ ਪਾਲ ਸਿੰਘ ਬਰਾੜ ਦੀ ਸ਼ਬਦ ਚਿੱਤਰਾਂ ਦੀ ਪੁਸਤਕ ‘ਨਾਲ ਫ਼ਕੀਰਾਂ ਯਾਰੀ’ ਰਿਲੀਜ਼ ਕੀਤੀ ਗਈ।

ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਦੂਜੇ ਸੈਸ਼ਨ ਵਿੱਚ ‘ਕੋਈ ਤਾਂ ਦਰਦ ਹੰਢਣਸਾਰ ਹੋਵੇ’ ਸਿਰਲੇਖ ਹੇਠ ਆਧੁਨਿਕਤਾ ਦੇ ਗੇੜ ਵਿੱਚ ਇੱਕ ਪੀੜ੍ਹੀ ਦਾ ਕਾਵਿ-ਅਨੁਭਵ ਵਿਸ਼ੇ ’ਤੇ ਗੁਰਤੇਜ ਕੋਹਾਰਵਾਲਾ ਨੇ ਬੋਲਦਿਆਂ ਕਿਹਾ ਕਿ ਕਿਸੇ ਪੀੜ੍ਹੀ ਦਾ ਸਾਹਿਤ ਰਾਤੋ-ਰਾਤ ਨਹੀਂ ਬਣਦਾ। ਬੰਦਾ ਚਾਵਾਂ, ਸੁਪਨਿਆਂ ਅਤੇ ਸਿਧਾਂਤਾਂ ਦਾ ਬਣਿਆ ਹੁੰਦਾ ਹੈ।

ਪੁਸਤਕ ਪ੍ਰਦਰਸ਼ਨੀ ਵਿੱਚ ਪਾਠਕਾਂ ਨੇ ਡੂੰਘੀ ਦਿਲਚਸਪੀ ਦਿਖਾਈ

ਪੀਪਲਜ਼ ਲਿਟਰੇਰੀ ਫੈਸਟੀਵਲ ਵਿੱਚ ਲੱਗੀ ਪੁਸਤਕ ਪ੍ਰਦਰਸ਼ਨੀ ਪਾਠਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ ਅਤੇ ਸਮੁੱਚੇ ਮਾਲਵੇ ਦੇ ਸਾਹਿਤ ਪ੍ਰੇਮੀਆਂ ਵੱਲੋਂ ਵੱਡੀ ਗਿਣਤੀ ਵਿੱਚ ਮਨਪਸੰਦ ਪੁਸਤਕਾਂ ਖਰੀਦੀਆਂ ਗਈਆਂ। ਆਟਮ ਆਰਟ ਪ੍ਰਕਾਸ਼ਕ ਦੀ ਸੰਚਾਲਕ ਪ੍ਰੀਤੀ ਸ਼ੈਲੀ ਨੇ ਦੱਸਿਆ ਕਿ ਮੇਲੇ ਦੌਰਾਨ ਰਾਮ ਚੰਦਰ ਗੁਹਾ ਦੀ ਪੁਸਤਕ ‘ਗਾਂਧੀ ਬਾਅਦ ਅਡਾਨੀ’, ਹਰੂਨ ਖਾਲਿਦ ਦੀ ਪੁਸਤਕ ‘ਨਾਨਕ ਸੰਗ ਤੁਰਦਿਆਂ’, ਬਲਬੀਰ ਪਰਵਾਨਾ ਦੀ ਪੁਸਤਕ ‘ਥੈਂਕ ਯੂ ਬਾਪੂ’ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਇਸ ਦੌਰਾਨ ਹੋਰਨਾ ਤੋਂ ਇਲਾਵਾ ਸਟਾਲਿਨਜੀਤ ਬਰਾੜ, ਗੁਰਪ੍ਰੀਤ ਸਿੱਧੂ, ਰਾਜਪਾਲ ਸਿੰਘ, ਜਸਪਾਲ ਮਾਨਖੇੜਾ, ਡਾ. ਚਰਨਜੀਤ ਕੌਰ, ਲਛਮਣ ਮਲੂਕਾ, ਨਾਵਲਕਾਰ ਯਾਦਵਿੰਦਰ ਸੰਧੂ, ਡਾ. ਸੰਦੀਪ ਸਿੰਘ, ਸ਼ਮਿੰਦਰ ਕੌਰ, ਅਮਨਦੀਪ ਸੇਖੋਂ, ਰਵਿੰਦਰ ਸੰਧੂ, ਗਿਆਨ ਸਿੰਘ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਡਾਣਾਂ ਰੱਦ ਹੋਣ ਕਾਰਨ ਛੁੱਟੀਆਂ ਮਨਾਉਣ ਨਾ ਜਾ ਸਕੇ ਲੋਕ
Next articleਮਾਂ ਦੀ ਮਮਤਾ