ਨਵਾਂ ਸ਼ਹਿਰ, (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਇੱਥੋਂ ਦੇ ਆਨੰਤ ਕੰਪਲੈਕਸ ਵਿਖੇ ‘ਗ਼ਜ਼ਲ ਉਸ ਨੇ ਛੇੜੀ’ ਬੈਨਰ ਹੇਠ ‘ਮਹਿਫ਼ਲ ਸੁਰ ਦੀ’ ਸੰਗੀਤਕ ਪ੍ਰੋਗਰਾਮ ਕਰਵਾਇਆ ਗਿਆ। ਮਹਿਫ਼ਲ ’ਚ ਸੂਫ਼ੀ ਗਾਇਕ ਹੀਰਾ ਸੌਮੀ ਨੇ ਨਾਮਵਰ ਸ਼ਾਇਰਾਂ ਦੀਆਂ ਗ਼ਜ਼ਲਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਮੰਚ ਤੋਂ ਪੇਸ਼ ਕੀਤੀਆਂ ਗ਼ਜ਼ਲਾਂ ਵਿੱਚ ‘ਦੋ ਚਾਰ ਦਿਨ ਤੂੰ ਕੱਟ ਲੈ, ਜੱਗ ’ਤੇ ਫ਼ਕੀਰ ਬਣਕੇ’, ‘ਤੇਰੇ ਨਾਲ ਗੁਜ਼ਾਰੇ ਦਿਨ, ਸੱਜਣਾ ਕੌਣ ਵਿਸਾਰੇ ਦਿਨ’, ‘ਕ੍ਰਿਸ਼ਨਾ ਤੇਰੀ ਮੁਰਲ ’ਤੇ ਦੱਸ ਕੌਣ ਨੀ ਨੱਚਦਾ’ ਆਦਿ ਰਚਨਾਵਾਂ ਨੂੰ ਸਰੋਤਿਆਂ ਵਲੋਂ ਭਰਵੀਂ ਦਾਦ ਮਿਲੀ। ਮਹਿਫ਼ਲ ਦੌਰਾਨ ਵੰਜਲੀ ਵਾਦਕ ਸਿਧਾਰਤ ਜੋਗੀ ਅਤੇ ਤਬਲਾ ਵਾਦਕ ਸਰਬਜੀਤ ਸੀਬੂ ਦੇ ਸਾਥ ਨੂੰ ਵੀ ਭਰਵੀਂ ਦਾਦ ਹਾਸਲ ਹੋਈ। ਸਮਾਗਮ ਦੀ ਉਦਾਘਟਨੀ ਰਸਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਨਾਮਵਰ ਗ਼ਜ਼ਲਗੋ ਗੁਰਦਿਆਲ ਰੌਸ਼ਨ ਅਤੇ ਨਵਜੋਤ ਸਾਹਿਤ ਸੰਸਥਾ ਅੌੜ ਦੇ ਪ੍ਰਧਾਨ ਗੁਰਨੇਕ ਸ਼ੇਰ ਨੇ ਸ਼ਮਾਂ ਰੌਸ਼ਨ ਕਰਕੇ ਸਾਂਝੇ ਰੂਪ ਵਿੱਚ ਨਿਭਾਈ। ਉਹਨਾਂ ਕਿਹਾ ਕਿ ਮਨੁੱਖੀ ਜੀਵਨ ਵਿੱਚ ਸੰਗੀਤ ਦਾ ਮਹੱਤਵਪੂਰਨ ਥਾਂ ਹੈ ਅਤੇ ਇਹ ਖੁਸ਼ੀਆਂ ਦੇ ਨਾਲ ਗ਼ਮੀਆਂ ਦੇ ਦੌਰ ਵਿੱਚ ਵੀ ਭਾਵਨਾਵਾਂ ਦਾ ਬਾਖੂਬੀ ਅਨੁਵਾਦ ਕਰਦਾ ਹੈ। ਉਹਨਾਂ ਮਹਿਫ਼ਲ ਦੇ ਪ੍ਰਬੰਧਕਾਂ ਨੂੰ ਵਧੀਆ ਕਾਰਜ ਲਈ ਵਧਾਈ ਦਿੱਤੀ ਅਤੇ ਲੋਕਾਂ ਨੂੰ ਉਸਾਰੂ ਗਾਇਕੀ ਦਾ ਆਨੰਦ ਲੈਣ ਲਈ ਪ੍ਰੇਰਿਆ।
ਮਹਿਫ਼ਲ ਦੇ ਮੁੱਖ ਪ੍ਰਬੰਧਕ ਸ਼ਾਇਰਾ/ਗਾਇਕਾ ਨੀਰੂ ਜੱਸਲ ਦੀ ਅਗਵਾਈ ਵਿੱਚ ਗਾਇਕ ਹੀਰਾ ਸੌਮੀ ਦਾ ਸਨਮਾਨ ਵੀ ਕੀਤਾ ਗਿਆ। ਇਸ ਸਨਮਾਨ ਵਿੱਚ ਯਾਦਗਾਰੀ ਚਿੰਨ੍ਹ, ਪ੍ਰਮਾਣ ਪੱਤਰ ਅਤੇ ਗ਼ਜ਼ਲਾਂ ਦੀਆਂ ਕਿਤਾਬਾਂ ਸ਼ਾਮਲ ਸਨ। ਇਸ ਮੌਕੇ ਲੇਖਕ ਸੁਰਜੀਤ ਮਜਾਰੀ, ਭਾਰਤੀ ਜੀਵਨ ਬੀਮਾ ਨਿਗਮ ਦੇ ਅਧਿਕਾਰੀ ਰਾਮੇਸ਼ ਕੁਮਾਰ, ਨਸ਼ਾ ਛੁਡਾਊ ਕੇਂਦਰ ਨਵਾਂ ਸ਼ਹਿਰ ਦੇ ਡਾਇਰੈਕਟਰ ਚਮਨ ਮੱਲਪੁਰੀ, ਲੈਕਚਰਾਰ ਰਾਜ ਰਾਣੀ, ਕੁਲਵਿੰਦਰ ਕੌਰ ਕਮਾਮਾ, ਸਮਾਜਿਕ ਸਾਂਝ ਸੰਸਥਾ ਬੰਗਾ ਦੇ ਸਕੱਤਰ ਦਵਿੰਦਰ ਬੇਗਮਪੁਰੀ, ਸ਼ਾਇਰ ਰਾਜ ਸੋਹੀ, ਗਾਇਕ ਵਾਸਦੇਵ ਪ੍ਰਦੇਸੀ, ਸੀਰਤ ਵਰਮਾ, ਦਲਬੀਰ ਸਿੰਘ ਆਦਿ ਸ਼ਾਮਲ ਸਨ।
https://play.google.com/store/apps/details?id=in.yourhost.samajweekly