” ਮੁੱਲ ਦਾ ਪਾਸਪੋਰਟ “

ਬਿਸ਼ਨ ਤੇ ਉਸ ਦੀ ਧੀ ਕਿਰਨ ਚੰਡੀਗੜ੍ਹ ਪਾਸਪੋਰਟ ਦਫ਼ਤਰ ਵਿੱਚ ਆਪਣੀ ਧੀ ਦਾ ਪਾਸਪੋਰਟ ਬਣਾਉਣ ਲਈ ਜਾ ਰਹੇ ਸਨ। ਬੱਸ ਵਿੱਚ ਉਹਨਾਂ ਦੇ ਨਾਲ ਸੀਟ ਤੇ ਬੈਠੇ ਨੌਜਵਾਨ ਨੇ ਵੀ ਚੰਡੀਗੜ੍ਹ ਪਾਸਪੋਰਟ ਦਫ਼ਤਰ ਹੀ ਜਾਣਾ ਸੀ । ਬਿਸ਼ਨੇ ਨੇ ਉਸ ਨੌਜਵਾਨ ਤੋਂ ਪੁੱਛਿਆ ਕਿ ” ਪੁੱਤ ਚੰਡੀਗੜ੍ਹ ੰਬੱਸ ਸਟੈਂਡ ਤੋਂ ਪਾਸਪੋਰਟ ਦਫ਼ਤਰ ਕਿੰਨੀ ਦੂਰ ਹੈ”।

ਉਸਨੇ ਹੱਸ ਕਿਹਾ ” ਕਿਉਂ ਤਾਇਆ , ਕੁੜੀ ਨੂੰ ਆਈ ਲੈਟਸ ਕਰਵਾਉਣੀ ਹੈ, ਕਿ ਬਾਹਰ ਭੇਜਣਾ ?

” ਭੇਜ ਦੇਵਾਂਗੇ ਪੁੱਤ ਦੇ ਜੇ ਕੋਈ ਚੰਗਾ ਰਿਸ਼ਤਾ ਮਿਲ ਗਿਆ ਤਾਂ” ਬਚਨੇ ਨੇ ਝੱਟ ਜਵਾਬ ਦਿੱਤਾ।

“ਕਿੰਨਾ ਪੈਸਾ ਲਗਾਉਣਾ ਤਾਇਆ?”

” ਪੈਸੇ ਤਾਂ ਮੁੰਡੇ ਵਾਲੇ ਹੀ ਲਾਉਣਗੇ, ਜਿੰਨੇ ਮਰਜ਼ੀ ਲਾਉਣ , ਆਪਾਂ ਤਾਂ ਆਹ ਟੈਸਟ ਜਿਹੜਾ ਤੂੰ ਕਿਹਾ ਉਹ ਪਾਸ ਕਰਵਾਉਣਾ”।

” ਤਾਇਆ ਉਹ ਤਾਂ ਗੱਲ ਤੇਰੀ ਸਹੀ ਆ ! ਸਮਾਂ ਬਦਲਿਆ ਆਪਣੇ ਪਰ ਸੋਚ ਨੀ ਬਦਲੀ ਆਪਣੇ ਲੋਕਾਂ ਦੀ ”

” ਕਿਵੇਂ ਪੁੱਤ ਮੈਂ ਸਮਝਿਆ ਨੀਂ”

ਤਾਏ ਨੇ ਝੱਟ ਮੋੜ ਸਵਾਲ ਕੀਤਾ।

” ਅੱਜ ਵੀ ਸਾਡੇ ਲੋਕਾਂ ਨੇ ਤਾਂ ਵਿਆਹ ਨੂੰ ਮਜ਼ਾਕ ਹੀ ਬਣਾ ਛੱਡਿਆ, ਔਰਤ ਦੇ ਦੁੱਖ ਦਰਦ ਨੂੰ ਕੋਈ ਨਹੀਂ ਪਹਿਚਾਣਦਾ ”

” ਉਹ ਕਿਵੇਂ! ਪੁੱਤ” ਤਾਏ ਨੇ ਹੈਰਾਨੀ ਨਾਲ ਪੁੱਛਿਆ।

ਬੱਸ ਚੰਡੀਗੜ੍ਹ ਪਹੁੰਚ ਗੲੀ ਨੌਜਵਾਨ ਤੇ ਤਾਇਆ ਚਾਹ ਪੀਣ ਕੰਟੀਨ ਤੇ ਬੈਠ ਗਏ, ਤਾਏ ਦੀ ਧੀ ਕਿਰਨ ਵੀ ਸਾਈਡ ਵਾਲੇ ਮੇਜ਼ ਤੇ ਬੈਠ ਗਈ।

” ਗੱਲ ਤਾਇਆ ਸੁਣਨ ਵਾਲੀ ਹੈ , ਸਾਡੇ ਪਿੰਡ ਜਾਗਰ ਦੀ ਧੀ ਕਮਲ ਜੋ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਤੇ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਬਾਰਵੀਂ ਜਮਾਤ ਵਿੱਚੋਂ ਫਸਟ ਆਈ ਤੇ ਜ਼ਿਲੇ ਵਿੱਚੋਂ ਵੀ ਪਹਿਲੀ ਪੁਜੀਸ਼ਨ ਹਾਸਲ ਕੀਤੀ। ਪਿੰਡ ਦੀ ਪੰਚਾਇਤ ਤੇ ਕਈ ਸਮਾਜ ਸੇਵੀ ਸੰਸਥਾਵਾਂ ਨੇ ਵੀ ਸਨਮਾਨਿਤ ਕੀਤਾ।

” ਫੇਰ ਕੀ ਹੋਇਆ ਪੁੱਤ” ਤਾਏ ਨੇ ਪਾਣੀ ਦੀ ਘੁੱਟ ਭਰਦਿਆਂ ਕਿਹਾ।

” ਹੋਣਾ ਕੀ ਸੀ ਤਾਇਆ ਫੇਰ ਕਮਲ ਨੂੰ ਬਹੁਤ ਸਾਰੇ ਰਿਸ਼ਤੇ ਆਉਣ ਲੱਗੇ, ਚੰਗੀਆਂ ਚੰਗੀਆਂ ਜ਼ਮੀਨਾਂ ਵਾਲਿਆਂ ਦੇ। ਜਾਗਰ ਸਿੰਘ ਵੀ ਸੋਚੀਂ ਪੈ ਗਿਆ ਹੁਣ ਮੈਂ ਕੀ ਕਰਾਂ?

ਪਿੰਡ ਦੇ ਸਰਪੰਚ ਨੇ ਜਾਗਰ ਸਿੰਘ ਨੂੰ ਕਿਹਾ ਕਿ ਤੂੰ ਆਪਣੀ ਧੀ ਨੂੰ ਆਈਲੈਟਸ ਪਾਸ ਕਰਵਾ ਤੇ ਵਿਆਹ ਤੋਂ ਕਨੈਡਾ ਭੇਜਣ ਤੱਕ ਦਾ ਖਰਚਾ ਮੈਂ ਮੁੰਡਿਆਂ ਵਾਲਿਆਂ ਤੋਂ ਆਪੇ ਕਰਵਾ ਦੇਵਾਂਗਾਂ।

” ਇਹ ਤਾਂ ਸਰਪੰਚ ਨੇ ਇੱਕ ਪਿਓ ਦੇ ਸਿਰੋਂ ਭਾਰ ਹੋਲਾ ਕਰ ਦਿੱਤਾ।” ਬਿਸ਼ਨੇ ਨੇ ਨੌਜਵਾਨ ਨੂੰ ਕਿਹਾ।

” ਗੱਲ ਤਾਂ ਤੇਰੀ ਤਾਇਆ ਠੀਕ ਹੈ, ਭਾਰ ਤਾਂ ਹੋਲਾ ਕਰ ਦਿੱਤਾ, ਪਰ ਰਾਹ ਪਿਆ ਜਾਣੇ ਜਾ ਵਾਹ ਪਿਆ ਜਾਣੇ” ।

” ਸਮਝ ਨੀ ਆਈ ਪੁੱਤ”। ਬਿਸ਼ਨੇ ਨੇ ਆਪਣੀ ਧੀ ਵੱਲ ਤੱਕਦਿਆਂ ਕਿਹਾ।

ਕਮਲ ਆਈਲੈਟਸ ਵੀ ਕਰ ਗੲੀ , ਉਸ ਦੇ ਬੈਂਡ ਵੀ ਚੰਗੇ ਆ ਗਏ। ਮੁੰਡੇ ਵਾਲਿਆਂ ਨੇ ਵਿਆਹ ਤੇ ਕਨੈਡਾ ਭੇਜਣ ਤੇ ਪੈਸਾ ਵੀ ਖਰਚ ਕਰ ਦਿੱਤਾ। ਪਰ ਕੁੱਝ ਸਾਲਾਂ ਬਾਅਦ ਜਦੋਂ ਕਮਲ ਕਨੈਡਾ ਦੀ ਪੱਕੀ ਵਸਨੀਕ ਬਣ ਗੲੀ ਤਾਂ ਮੁੰਡੇ ਨੂੰ ਵੀ ਨਾਲ ਹੀ ਲੈ ਗੲੀ ਕੁੱਝ ਸਮੇਂ ਬਾਅਦ ਕਮਲ ਤੇ ਉਸ ਦਾ ਪਤੀ ਕਨੈਡਾ ਦੇ ਪੱਕੇ ਵਸਨੀਕ ਬਣ ਗਏ।

” ਰੱਬ ਹੀ ਬਣਾਉਂਦਾ ਹੈ ਜੋੜੀਆਂ ਪੁੱਤ” ਤਾਏ ਨੇ ਗੱਲ ਸੁਣਦਿਆਂ ਸੁਣਦਿਆਂ ਜੋੜੀ ਨੂੰ ਅਸੀਸ ਦਿੱਤੀ।

” ਤਾਇਆ ਰੱਬ ਇਹੋ ਜਿਹੀਆਂ ਜੋੜੀਆਂ ਕਦੇ ਨਾ ਬਣਾਵੇ ਜੇਹੋ ਜਿਹੀਆਂ ਨੂੰ ਤੂੰ ਅਸੀਸਾਂ ਦੇਈ ਜਾਦਾਂ, ਪਹਿਲਾਂ ਗੱਲ ਤਾਂ ਸੁਣ ਲੈ ਪੁਰੀ ਤਾਇਆ।

” ਕੀ ਹੋ ਗਿਆ ਪੁੱਤ”। ਤਾਏ ਨੇ ਹੈਰਾਨੀ ਨਾਲ ਪੁੱਛਿਆ।

ਜਦੋਂ ਕਮਲ ਦਾ ਪਤੀ ਪੱਕਾ ਵਸਨੀਕ ਬਣ ਗਿਆ ਤਾਂ ਉਸ ਨੇ ਕਮਲ ਨੂੰ ਤਲਾਕ ਦੇ ਦਿੱਤਾ।

ਕਮਲ ਬਥੇਰਾ ਰੋਂਦੀ ਕੁਰਲਾਉਂਦੀ ਰਹੀ ਕਹਿੰਦੀ ਰਹੀ ਮੈਂ ਤੇਰੇ ਨਾਲ ਪਿਆਰ ਕੀਤਾ, ਬਿਨਾਂ ਕਿਸੇ ਲਾਲਚ ਵਿਆਹ ਕੀਤਾ ਬਥੇਰੇ ਤਰਲੇ ਮਾਰੇ, ਤੂੰ ਮੈਨੂੰ ਛੱਡ ਨਹੀਂ ਸਕਦਾ ਮੈਂ ਮਰ ਜਾਵਾਂਗੀ ਤੇਰੇ ਬਿਨਾਂ।

ਪਰ ਅੰਤ ਕੁੱਝ ਡਾਲਰਾਂ ਨਾਲ ਅਦਾਲਤ ਨੇ ਵੀ ਕਮਲ ਦੇ ਪਤੀ ਦੇ ਹੱਕ ਵਿੱਚ ਨਬੇੜਾ ਕਰ ਦਿੱਤਾ।

ਕਮਲ ਦੇ ਪਤੀ ਨੇ ਜਿੰਨੇ ਪੈਸੇ ਕਮਲ ਤੇ ਖਰਚੇ ਸਨ ਉਸਨੇ ਉਨੇ ਪੈਸੇ ਕਿਸੇ ਹੋਰ ਕੁੜੀ ਵਾਲਿਆਂ ਤੋਂ ਲੈ ਕੁੜੀ ਨਾਲ ਵਿਆਹ ਕਰਵਾ ਲਿਆ। ਇਹ ਸਭ ਕੁੱਝ ਕਨੂੰਨ ਦੀ ਹੱਦ ਵਿੱਚ ਰਹਿ ਕੇ ਕੀਤਾ ਤੇ ਕਮਲ ਨੂੰ ਮੁੱਲ ਦਾ ਪਾਸਪੋਰਟ ਕਹਿ ਛੱਡ ਦਿੱਤਾ।

” ਆਹ ਤਾਂ ਬਹੁਤ ਮਾੜੀ ਗੱਲ ਹੋਈ ਪੁੱਤ” ਤਾਏ ਨੇ ਕਹਿ ਚਾਹ ਦਾ ਕੁੱੱਪ ਬਿਨਾਂ ਪੀਤਿਆਂ ਹੀ ਮੇਜ ਤੇ ਰੱਖ ਦਿੱਤਾ, ਤੇ ਉਸ ਨੌਜਵਾਨ ਨੂੰ ਯਕੀਨ ਦਿਵਾਉਂਦਿਆਂ ਬੋਲਿਆ ਕਿ ਉਹ ਆਪਣੀ ਧੀ ਦਾ ਪਾਸਪੋਰਟ ਵੀ ਬਣਾਵੇਗਾ ਤੇ ਬਾਹਰ ਕਨੈਡਾ ਵੀ ਭੇਜੇਗਾ ਪਰ ਕਿਸੇ ਦੀ ਮੁੱਲ ਪਾਸਪੋਰਟ ਬਣਾਕੇ ਨਹੀਂ ਸਗੋਂ ਇਕ ਪਿਓ ਦੀ ਧੀ ਬਣਾਕੇ ਆਪਣੇ ਖਰਚੇ ਤੇ ਭੇਜੇਗਾ।

ਤਾਏ ਦੇ ਮੂੰਹ ਬੋਲੇ ਸ਼ਬਦਾਂ ਨੇ ਨੌਜਵਾਨ ਨੂੰ ਅਹਿਸਾਸ ਕਰਵਾਇਆ ਕਿ ਮਾਪੇ ਮਾਪੇ ਹੀ ਹੁੰਦੇ ਜੋ ਹਰ ਵੇਲੇ ਆਪਣੀ ਔਲਾਦ ਦੇ ਚੰਗੇ ਭਵਿੱਖ ਦੀ ਆਸ ਕਰਦੇ ਨੇ। ਨੌਜਵਾਨ ਮਨ ਹੀ ਮਨ ਬਹੁਤ ਖੁਸ਼ ਹੋਇਆ ਕਿ ਉਸ ਦੇ ਬੋਲਾਂ ਨੇ ਸ਼ਾਇਦ ਇੱਕ ਲੜਕੀ ਦੀ ਜ਼ਿੰਦਗੀ ਬਰਬਾਦ ਹੋਣੋ ਬਚਾ ਲਈ।

ਅਸੀਂ ਚਾਹ ਪੀ ਪਾਸਪੋਰਟ ਦਫ਼ਤਰ ਵਾਲੀ ਬੱਸ ਫੜ ਲਈ। ਪਤਾ ਹੀ ਨਾ ਲੱਗਾ ਇਹ ਸਫਰ ਕਿਵੇਂ ਗੁਜਰ ਗਿਆ ।

ਪ੍ਰੋਫੈਸਰ ਗੁਰਮੀਤ ਸਿੰਘ

 

 

 

 

 

 

ਸਰਕਾਰੀ ਕਾਲਜ ਮਾਲੇਰਕੋਟਲਾ
94175-45100

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਾਨਵਰ ਕੌਣ
Next articleਆਸ ਦੀ ਤਾਕਤ