ਪੰਜਾਬ ਦੇ ਸਭਿਆਚਾਰਕ ਮੇਲੇ

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

(ਸਮਾਜ ਵੀਕਲੀ)

ਜਦੋਂ ਪੰਜਾਬ ਦਾ ਨਾਮ ਆਉਂਦਾ ਹੈ ਜ਼ਿਹਨ ਵਿੱਚ ਤਾਂ ਇਕ ਤਸਵੀਰ ਸਾਹਮਣੇ ਆ ਜਾਂਦੀ ਹੈ।ਹਸੂੰ ਹਸੂੰ ਕਰਦਾ ਚਿਹਰਾ,ਢੋਲੇ ਗਾਉਣ ਵਾਲਾ ਅਤੇ ਬੇਪਰਵਾਹ ਮਸਤ ਭੰਗੜੇ ਪਾਉਣ ਵਾਲਾ।ਪੰਜਾਬ ਮੇਲਿਆਂ ਦੀ ਧਰਤੀ ਹੈ ਇੱਥੇ ਬਹੁਤ ਸਾਰੇ ਸਭਿਆਚਾਰਕ ਮੇਲੇ ਲੱਗਦੇ ਹਨ।ਖੈਰ ਸੱਭ ਤੋਂ ਪਹਿਲਾਂ ਮੇਲੇ ਸ਼ਬਦ ਦਾ ਅਰਥ ਸਮਝ ਲਈਏ ।ਮੇਲੇ ਦਾ ਅਰਥ ਹੈ “ਮੇਲੇ -ਮਿਲਾਪ” ਮੇਲੇ ਮਨ ਪ੍ਰਛਾਵੇਂ ਤੇ ਮੇਲ ਜੋਲ ਦੇ ਸਾਧਨ ਹੋਣ ਦੇ ਨਾਲ ਨਾਲ ਧਾਰਮਿਕ ਅਤੇ ਕਲਾਤਮਿਕ ਭਾਵਾਂ ਦੀ ਵੀ ਤ੍ਰਿਪਤੀ ਕਰਦਾ ਹੈ।ਪੰਜਾਬੀਆਂ ਦਾ ਮੇਲਿਆਂ ਨਾਲ ਬਹੁਤ ਗਹਿਰਾ ਰਿਸ਼ਤਾ ਹੈ।ਜਦੋਂ ਦਸ ਪੰਜਾਬੀ ਇਕੱਠੇ ਹੋ ਜਾਣ ਤਾਂ ਉਹ ਮੇਲੇ ਹੀ ਬਣ ਜਾਂਦਾ ਹੈ।ਉਹ ਪਿਆਰ ਅਤੇ ਉਤਸ਼ਾਹ ਨਾਲ ਭਰੇ ਰਹਿੰਦੇ ਹਨ।ਪੰਜਾਬ ਵਿੱਚ ਮੇਲਿਆਂ ਦਾ ਕਾਫਲਾ ਬਥੇਰਾ ਲੰਮਾ ਹੈ।ਕਦੇ ਪੀਰਾਂ ਦੀਆਂ ਥਾਵਾਂ ਤੇ ਮੇਲਾ ਲੱਗਦਾ ਹੈ।

ਕਦੇ ਰੁੱਤਾਂ ਦੇ ਬਦਲਣ ਤੇ ਮੇਲਾ ਲੱਗਦੇ ਹਨ ਅਤੇ ਕਦੇ ਆਪਣਿਆਂ ਦੀ ਯਾਦ ਵਿੱਚ ਮੇਲੇ ਲਗਾਏ ਜਾਂਦੇ ਹਨ।ਪਰ ਪੰਜਾਬ ਦੇ ਲੋਕਾਂ ਦਾ ਜੋਸ਼ ਹਰ ਮੇਲੇ ਵਿੱਚ ਡੁੱਲ ਪੈਂਦਾ ਹੈ।ਇੰਨਾਂ ਸਭਿਆਚਾਰਕ ਮੇਲਿਆਂ ਦੀ ਗੱਲ ਕਰਦੇ ਹਾਂ। ਦੇਸ਼ ਦੀ ਆਜ਼ਾਦੀ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ।ਸੱਭ ਤੋਂ ਵੱਧ ਸ਼ਹਾਦਤਾਂ ਉਸ ਵਿੱਚ ਪੰਜਾਬੀਆਂ ਦੀਆਂ ਹੀ ਸਨ।ਪਹਿਲੀ ਫਰਵਰੀ ਵੀ ਇਵੇਂ ਦੇ ਮੇਲੇ ਨੂੰ ਆਪਣੇ ਕਲਾਵੇ ਵਿੱਚ ਲਵੇਗੀ।

ਅੰਮ੍ਰਿਤਸਰ ਸਾਹਿਬ ਦੇ ਪਿੰਡ ਖਤਰਾਏ ਕਲਾਂ ਵਿੱਚ ਵੀ ਬਹੁਤ ਵੱਡਾ ਸਭਿਆਚਾਰਕ ਮੇਲਾ ਭੱਖਦਾ ਹੈ।ਇਸ ਮੇਲੇ ਨੂੰ ‘ਦੇਸ਼ ਭਗਤ ਕਾਮਰੇਡ ਉਜਾਗਰ ਸਿੰਘ ਯਾਦਗਾਰੀ ਮੇਲੇ,’ਨਾਲ ਲਗਾਇਆ ਜਾਂਦਾ ਹੈ।ਸਰਦਾਰ ਉਜਾਗਰ ਸਿੰਘ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜੇਲ ਯਾਤਰਾਵਾਂ ਕੀਤੀਆਂ ਅਤੇ ਬਥੇਰੇ ਤਸੀਹੇ ਝੱਲੇ ਅਖੀਰ ਦੇਸ਼ ਨੂੰ ਇਸ ਚੁੰਗਲ ਵਿੱਚੋਂ ਕਢਵਾ ਹੀ ਲਿਆ। ਉਨ੍ਹਾਂ ਦੇ ਪੋਤਰੇ ਸਰਦਾਰ ਦਿਲਬਾਗ ਸਿੰਘ ਨੇ ਉਨ੍ਹਾਂ ਦੀ ਯਾਦ ਵਿੱਚ ਸਭਿਆਚਾਰਕ ਮੇਲਾ ਲਗਾਕੇ,ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਦਾ ਯਤਨ ਕੀਤਾ ਹੈ।ਇਸ ਸਾਲ ਫੇਰ ਮੇਲੇ ਨੂੰ ਲਗਾਇਆ ਜਾ ਰਿਹਾ ਹੈ।ਇੱਥੇ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਵੀ ਸਮਝ ਆਏਗਾ।

ਇੰਜ ਹੀ ਜੇਕਰ ਹੋਰ ਮੇਲਿਆਂ ਦੀ ਗੱਲ ਕਰੀਏ ਤਾਂ ਪਟਿਆਲਾ ਅਤੇ ਛਹਿਰਾਟੇ ਦੀ ਬਸੰਤ ਪੰਜਵੀਂ ਵੀ ਖਾਸ ਹੈ।ਬਟਾਲਾ ਵਿੱਚ ਹਕੀਕਤ ਰਾਏ ਦੀ ਸਮਾਧ ਤੇ ਵੀ ਬਸੰਤ ਪੰਚਵੀਂ ਦਾ ਮੇਲਾ ਲੱਗਦਾ ਹੈ। ਜਰਗ ਦੇ ਮੇਲੇ ਨੂੰ ਤਾਂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਇਹ ਜਰਗ ਪਿੰਡ ਵਿੱਚ ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਮਨਾਇਆ ਜਾਂਦਾ ਹੈ। ਇਹ ਮੇਲਾ ਸੀਤਲਾ ਦੇਵੀ ਦੀ ਉਸਤਤ ਵਿੱਚ ਲੱਗਦਾ ਹੈ।ਜਗਰਾਵਾਂ ਦੀ ਰੌਸ਼ਨੀ,ਜਗਰਾਵਾਂ ਵਿੱਚ ਲੱਗਦਾ ਸਭਿਆਚਾਰਕ ਮੇਲਾ ਹੈ।ਇਸ ਮੇਲੇ ਨੂੰ ‘ਰੌਸ਼ਨੀਆਂ ਵਾਲਾ ਮੇਲਾ’ ਕਿਹਾ ਜਾਂਦਾ ਹੈ।

ਇਹ ਮੇਲਾ ਸੂਫੀ ਫ਼ਕੀਰ ਅਬਦੁਲ ਕਾਦਰ ਜਿਲਾਨੀ ਦੀ ਮਜ਼ਾਰ ਉਤੇ ਫੱਗਣ ਦੇ ਮਹੀਨੇ ਲੱਗਦਾ ਹੈ।ਉਸ ਦਿਨ ਅਨੇਕਾਂ ਚਿਰਾਗ ਬਾਲੇ ਜਾਂਦੇ ਹਨ।ਇੰਜ ਹੀ ਮਲੇਰਕੋਟਲਾ ਵਿੱਚ ਸਖੀ ਸਰਵਰ ਦਾ ਮੇਲਾ ਰੱਖਦਾ ਹੈ। ਵਿਸਾਖੀ ਦਾ ਮੇਲਾ ਪੰਜਾਬੀਆਂ ਵਾਸਤੇ ਬਹੁਤ ਖਾਸ ਹੁੰਦਾ ਹੈ।ਧਨੀ ਰਾਮ ਚਾਤ੍ਰਿਕ ਨੇ ਵੀ ਲਿਖਿਆ ਹੈ,”ਤੂੜੀ ਤੰਦ ਸਾਂਭ,ਦਾਣੇ ਵੇਚ ਵੱਟ ਕੇ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। “ਭਾਦੋਂ ਮਹੀਨੇ ਵਿੱਚ ਗੁੱਗਾ ਨਾਮੀ ਅਤੇ ਛਪਾਰ ਦੇ ਮੇਲੇ ਨੂੰ ਵੀ ਨਹੀਂ ਭੁਲਾਇਆ ਜਾ ਸਕਦਾ।ਮੇਲੇ ਪੰਜਾਬੀਆਂ ਦੀ ਵਿਰਾਸਤ ਕਹਿ ਲਈਏ ਤਾਂ ਗਲਤ ਨਹੀਂ ਹੋਏਗਾ। ਹਰ ਮੇਲਾ ਬਹੁਤ ਕੁੱਝ ਸਿਖਾ ਜਾਂਦਾ ਹੈ ਅਤੇ ਯਾਦਾਂ ਤਾਜ਼ਾ ਕਰ ਜਾਂਦਾ ਹੈ।

ਪ੍ਰਭਜੋਤ ਕੌਰ ਢਿੱਲੋਂ

ਮੁਹਾਲੀ ਮੋਬਾਈਲ ਨੰਬਰ 9815030221
,

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਵਹਿਤਕਾਰੀ ਵਿੱਦਿਆ ਮੰਦਰ ਛੋਕਰਾਂ ਵਲੋਂ ਨਵੇਂ ਸੰਸਕਾਰ ਕੇਂਦਰ ਦਾ ਆਰੰਭ
Next articleਦਸਮੇਸ਼ ਕੀਰਤਨੀ ਜਥਾ ਦੁਬਈ ਤੋਂ ਵਾਪਸ ਪੰਜਾਬ ਪਰਤਿਆ