‘ਆਪ’ ਲਈ ਸੰਕਟ: ਪੰਜਾਬ ’ਚ ਕਣਕ ਦੀ ਖ਼ਰੀਦ ਰੁਕੀ

ਚੰਡੀਗੜ੍ਹ (ਸਮਾਜ ਵੀਕਲੀ):  ਭਾਰਤੀ ਖ਼ੁਰਾਕ ਨਿਗਮ ਵੱਲੋਂ ਪੰਜਾਬ ’ਚੋਂ ਲਏ ਕਣਕ ਦੇ ਨਮੂਨੇ ਦਾਣਾ ਸੁੰਗੜਨ ਕਰਕੇ ਫ਼ੇਲ੍ਹ ਹੋਣ ਲੱਗੇ ਹਨ ਜਿਸ ਦੇ ਡਰੋਂ ਪੰਜਾਬ ’ਚ ਕਣਕ ਦੀ ਖ਼ਰੀਦ ਰੁਕਣ ਲੱਗੀ ਹੈ। ਭਾਰਤੀ ਖ਼ੁਰਾਕ ਨਿਗਮ ਨੇ ਪਹਿਲਾਂ ਹੀ ਸੁੰਗੜੇ ਦਾਣੇ ਵਾਲੀ ਫ਼ਸਲ ਦੀ ‘ਸਿੱਧੀ ਡਲਿਵਰੀ’ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਤਾਲਮੇਲ ਕਮੇਟੀ ਨੇ ਅੱਜ ਇੱਥੇ ਅਨਾਜ ਭਵਨ ’ਚ ਮੀਟਿੰਗ ਕਰਕੇ ਕਣਕ ਦੀ ਖ਼ਰੀਦ ਦਾ ਬਾਈਕਾਟ ਕਰ ਦਿੱਤਾ ਹੈ। ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਅੱਜ ਕਣਕ ਦੀ ਖ਼ਰੀਦ ਪ੍ਰਭਾਵਿਤ ਵੀ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਤਾਲਮੇਲ ਕਮੇਟੀ ਨੇ ਅੱਜ ਇੱਥੇ ਮੀਟਿੰਗ ਕੀਤੀ ਹੈ ਜਿਸ ’ਚ ਆਗੂਆਂ ਨੇ ਐਲਾਨ ਕੀਤਾ ਕਿ ਓਨਾ ਸਮਾਂ ਫ਼ਸਲ ਦੀ ਖ਼ਰੀਦ ਨਹੀਂ ਕੀਤੀ ਜਾਵੇਗੀ ਜਿੰਨਾ ਸਮਾਂ ਕੇਂਦਰ ਸਰਕਾਰ ਵੱਲੋਂ ਖ਼ਰੀਦ ਨੀਤੀ ਵਿਚ ਸੋਧ ਨਹੀਂ ਕੀਤੀ ਜਾਂਦੀ। ਆਗੂਆਂ ਨੇ ਕਿਹਾ ਕਿ ਉਨ੍ਹਾਂ 8 ਅਪਰੈਲ ਨੂੰ ਹੀ ਇਸ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਸੀ ਪਰ ਕਿਧਰੋਂ ਕੋਈ ਹੁੰਗਾਰਾ ਨਹੀਂ ਮਿਲਿਆ। ਖ਼ਰੀਦ ਏਜੰਸੀਆਂ ਵੱਲੋਂ ਕੁਝ ਦਿਨ ਪਹਿਲਾਂ ਕਣਕ ਦੀ ਗੁਣਵੱਤਾ ’ਤੇ ਉਂਗਲ ਧਰੀ ਗਈ ਸੀ ਜਿਸ ਪਿੱਛੋਂ ਭਾਰਤੀ ਖ਼ੁਰਾਕ ਨਿਗਮ ਨੇ ਮੰਡੀਆਂ ’ਚੋਂ ਕਣਕ ਦੇ ਨਮੂਨੇ ਲੈਣੇ ਸ਼ੁਰੂ ਕਰ ਦਿੱਤੇ ਸਨ। ਅੱਜ ਇਨ੍ਹਾਂ ਨਮੂਨਿਆਂ ਦੇ ਨਤੀਜੇ ਸਾਹਮਣੇ ਆਏ ਹਨ ਜਿਨ੍ਹਾਂ ਅਨੁਸਾਰ ਕਣਕ ਦੇ ਦਾਣੇ 8 ਤੋਂ 20 ਫ਼ੀਸਦੀ ਤੱਕ ਸੁੰਗੜੇ ਹਨ ਜਦਕਿ ਨਿਸ਼ਚਿਤ ਮਾਪਦੰਡਾਂ ਅਨੁਸਾਰ ਇਹ ਦਰ ਛੇ ਫ਼ੀਸਦੀ ਹੈ।

ਜਿੱਥੇ ਦਾਣੇ ਸੁੰਗੜਨ ਕਰਕੇ ਝਾੜ ਘਟੇਗਾ ਅਤੇ ਕਿਸਾਨਾਂ ਨੂੰ ਮਾਲੀ ਸੱਟ ਵੱਜੇਗੀ, ਉੱਥੇ ਖ਼ਰੀਦ ਏਜੰਸੀਆਂ ਦੇ ਮੁਲਾਜ਼ਮ ਮਾਪਦੰਡ ਤੋਂ ਹੇਠਾਂ ਫ਼ਸਲ ਖ਼ਰੀਦਣ ਨੂੰ ਤਿਆਰ ਨਹੀਂ। ਭਾਰਤੀ ਖ਼ੁਰਾਕ ਨਿਗਮ ਸੰਗਰੂਰ ਦੇ ਜ਼ਿਲ੍ਹਾ ਮੈਨੇਜਰ ਵਿਵੇਕ ਚੌਰਸੀਆ ਨੇ ਕਿਹਾ ਕਣਕ ਦੀ ਸੈਂਪਲਿੰਗ ਦਾ ਕੰਮ ਚੱਲ ਰਿਹਾ ਹੈ ਅਤੇ ਕੁਝ ਥਾਵਾਂ ’ਤੇ ਨਮੂਨੇ ਫ਼ੇਲ੍ਹ ਆਏ ਹਨ। ਪੰਜਾਬ ਵਿਚ ਹੁਣ ਤੱਕ ਕਰੀਬ 12 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ ਅਤੇ ਅੱਜ ਚਾਰ ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਹੋਈ ਹੈ। ਪਤਾ ਲੱਗਾ ਹੈ ਕਿ ਭਾਰਤੀ ਖ਼ੁਰਾਕ ਨਿਗਮ ਕੋਲ ਜੋ ਮੰਡੀਆਂ ਹਨ, ਉੱਥੇ ਕਣਕ ਦੀ ਖ਼ਰੀਦ ਦਾ ਕੰਮ ਸੁਸਤ ਚੱਲ ਰਿਹਾ ਹੈ। ਖ਼ਰੀਦ ਏਜੰਸੀਆਂ ਦਾ ਬਾਈਕਾਟ ਜਾਰੀ ਰਿਹਾ ਤਾਂ ਪੰਜਾਬ ਦੀਆਂ ਮੰਡੀਆਂ ਵਿੱਚ ਫ਼ਸਲ ਦੇ ਢੇਰ ਲੱਗ ਸਕਦੇ ਹਨ ਤੇ ਸਰਕਾਰ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ‘ਆਪ’ ਸਰਕਾਰ ਦੀ ਇਹ ਪਹਿਲੀ ਫ਼ਸਲੀ ਖ਼ਰੀਦ ਹੈ ਜਿਸ ’ਚ ਕੋਈ ਅੜਿੱਕਾ ਖੜ੍ਹਾ ਹੁੰਦਾ ਹੈ ਤਾਂ ਵਿਰੋਧੀ ਧਿਰਾਂ ਨੂੰ ਸਰਕਾਰ ਨੂੰ ਨਿਸ਼ਾਨੇ ’ਤੇ ਲੈਣ ਦਾ ਮੌਕਾ ਮਿਲੇਗਾ। ਉੱਧਰ ਕਿਸਾਨ ਧਿਰਾਂ ਵੀ ਸੰਘਰਸ਼ ਮਘਾਉਣ ਦੇ ਰੌਂਅ ਵਿਚ ਆ ਗਈਆਂ ਹਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੈਸ਼ਨਲ ਹੈਰਾਲਡ: ਈਡੀ ਅੱਗੇ ਪੇਸ਼ ਹੋਏ ਪਵਨ ਬਾਂਸਲ
Next articleਭਾਰਤ ਸਾਰੀ ਦੁਨੀਆ ਨੂੰ ਅਨਾਜ ਦੇਣ ਲਈ ਤਿਆਰ: ਮੋਦੀ