(ਸਮਾਜਵੀਕਲੀ)
ਕਿਹੜਾ ਦੁੱਖ ਹੈ ਜੋ ਧੀ ਨਾ ਜਰ ਸਕਦੀ ,
ਕਿਹੜੀ ਨਦੀ ਹੈ ਜੋ ਧੀ ਨਾ ਤਰ ਸਕਦੀ ,
ਕਿਹੜਾ ਕੰਮ ਹੈ ਜੋ ਧੀ ਨਾ ਕਰ ਸਕਦੀ ,
ਤੂੰ ਕਰ ਲੈ ਖ਼ਿਆਲ ਬਾਬਲਾ .
ਧੀਆਂ ਹੁੰਦੀਆਂ ਨੇ ਵਿਹੜੇ ਦੀਆਂ ਰੌਣਕਾਂ ,
ਤੂੰ ਪੁੱਤਾਂ ਵਾਂਗੂੰ ਪਾਲ਼ ਬਾਬਲਾ .
ਧੀਆਂ ਬਣਕੇ ਕਲਪਨਾ ਚਾਵਲਾ ,
ਵੇ ਅੰਬਰੀਂ ਉਡਾਰੀ ਲਾਉਂਦੀਆਂ .
ਦੱਸ ਕਿਹੜਾ ਖੇਤਰ ਹੈ ਜਿਸ ਵਿੱਚ ,
ਇਹ ਉੱਚੇ ਰੁਤਬੇ ਨਾ ਪਾਉਂਦੀਆਂ .
ਪਹਿਲਾਂ ਅਨਪੜ੍ਤਾ ਨੇ ਕਰ ਰੱਖੇ ਸੀ ,
ਧੀਆਂ ਦੇ ਮੰਦੇ ਹਾਲ ਬਾਬਲਾ .
ਧੀਆਂ ਹੁੰਦੀਆਂ ਨੇ ————–
ਜਿਹੜੇ ਪੁੱਤਰਾਂ ਨੂੰ ਸਾਰਾ ਜੱਗ ਆਖਦਾ ,
ਏ ਨਿਓਂ ਜੜ ਮਾਪਿਆਂ ਦੀ .
ਲੜ ਨਸ਼ਿਆਂ ਦੇ ਲੱਗ ਲੱਗ ਬਣਦੇ ,
ਨੇ ਜੜ ਉਹ ਸਿਆਪਿਆਂ ਦੀ .
ਜਦੋਂ ਪਾਉਂਦੇ ਨੇ ਜ਼ਮੀਨ ਦੀਆਂ ਵੰਡੀਆਂ ,
ਉਹ ਬਣਦੇ ਚੰਡਾਲ ਬਾਬਲਾ .
ਧੀਆਂ ਹੁੰਦੀਆਂ ਨੇ —————
ਧੀਆਂ ਸਹੁਰਿਆਂ ਦੇ ਘਰ ਵਿੱਚ ਬੈਠੀਆਂ ,
ਵੀ ਮਾਪਿਆਂ ਦੀ ਸੁੱਖ ਚਾਹੁੰਦੀਆਂ .
ਕੰਡਾ ਲੱਗੇ ਦੀ ਖ਼ਬਰ ਮਿਲ ਜਾਵੇ
ਉਹ ਪੈਰ ਜੁੱਤੀ ਨਹੀਓਂ ਪਾਉਂਦੀਆਂ .
ਇਹ ਤਾਂ ਮਾਪਿਆਂ ਤੇ ਸਹੁਰਿਆਂ ਦੇ ਘਰਾਂ ਵਿੱਚ
ਹੋਣ ਸੁਰ ਤਾਲ ਬਾਬਲਾ .
ਧੀਆਂ ਹੁੰਦੀਆਂ ਨੇ —————-
ਪਿੰਡ ਰੰਚਣਾਂ ਦੇ ਵਿੱਚ ਤੇਰੇ ਨਾਉਂ ਨੂੰ
ਮੈਂ ਹੋਰ ਵੀ ਉਚੇਰਾ ਕਰ ਦੇਊਂ .
ਪੜ੍ ਲਿਖ ਕੇ ਡਿਗਰੀਆਂ ਲੈ ਕੇ
ਮੈਂ ਰਾਤ ਨੂੰ ਸਵੇਰਾ ਕਰ ਦੇਊਂ .
ਵੇਖੀਂ ਸਾਰੇ ਪਰਿਵਾਰ ਕੋਲ਼ੋਂ ਖ਼ੂਸ਼ੀਆਂ
ਨਾ ਜਾਣੀਆਂ ਸੰਭਾਲ਼ ਬਾਬਲਾ .
ਧੀਆਂ ਹੁੰਦੀਆਂ ਨੇ —————–
ਮੂਲ ਚੰਦ ਸ਼ਰਮਾ ਪ੍ਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
9914836037
‘ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly