ਧਰਮ ਦੇ ਠੇਕੇਦਾਰ।     

(ਸਮਾਜ ਵੀਕਲੀ)

ਧਰਮ ਨੂੰ ਪੇਟੈਂਟ ਕਰਵਾ ਛੱਡਿਆ,ਧਰਮ ਦੇ ਠੇਕੇਦਾਰਾਂ ਨੇ।

ਖ਼ਬਰਾਂ ਵੇਚਣ ਵਾਲ਼ੀ ‘ਨ੍ਹੇਰੀ,ਲਿਆਂਦੀ ਏ ਅਖ਼ਬਾਰਾਂ ਨੇ।
ਕੋਈ ਨਿੰਦੇ ਰੱਖੜੀ ਨੂੰ,ਤੇ ਨਿੰਦੇ ਕੋਈ ਦੁਸਹਿਰੇ ਨੂੰ,
ਸਮਝ ਨਾ ਆਵੇ ਕਿਹੜੀ ਬਰਛੀ,ਖੋਭੀ ਏ ਤਿਉਹਾਰਾਂ ਨੇ?
ਸਿਆਸਤ ਤਾਂ ਇਸ ਦੇਸ਼ ਦੀ ਧੁਰ ਤੋਂ,ਗੰਦੀ ਈ ਮੈੰ ਸੁਣਦਾ ਹਾਂ,
ਐਪਰ ਇਸ ਵਿੱਚ ਰੰਗ ਘੋਲ਼ਤਾ,ਆਏ ਹੋਏ ਨਚਾਰਾਂ ਨੇ।
ਕਿਹੜਾ ਮਾਰਿਆ ਸਰਦੀ ਨੇ,ਤੇ ਮਾਰਿਆ ਕਿਹੜਾ ਗਰਮੀ ਨੇ,
ਕਿਹੜਾ ਸੋਚਣ ਲਈ ਏ ਵਿਹਲਾ,ਲੁਟਦੇ ਲੋਕ ਬਹਾਰਾਂ ਨੇ।
ਮੁਲਕ ਜੇ ਰਿਸ਼ਵਤਖੋਰੀ ਦੇ ਵਿੱਚ,ਨਵੀਆਂ ਲੀਕਾਂ ਲੀਕ ਰਿਹੈ,
ਵਾਧੂ ਲੀਕੇ ਸਾਨੂੰ ਕੀ ਏ,ਸਾਡੀਆਂ ਤਾਂ ਪੌਂ-ਬਾਰਾਂ ਨੇ।
ਜਿਹੜੇ ਨੰਗਪੁਣੇ ਨੂੰ ਸਾਡੇ,ਬਾਬੇ ਨਿੰਦਦੇ ਤੁਰ ਗਏ ਨੇ,
ਓਸੇ ਨੰਗਪੁਣੇ ‘ਚ ਤਗ਼ਮੇ,ਖੱਟੇ ਅੱਜ ਮੁਟਿਆਰਾਂ ਨੇ।
ਗੋਰੇ ਰੰਗ ਤਰਾਸ਼ੇ ਜਿਸਮਾਂ,ਲਾਈਆਂ ਨਿੱਤ ਨੁਮਾਇਸ਼ਾਂ ਨੇ,
ਅੰਡਰ ਗਾਰਮੈਂਟ ਦੇ ਅੱਗੇ,ਹਾਰ ਮੰਨੀ ਸਲਵਾਰਾਂ ਨੇ।
ਇੱਕ ਵਿਦੇਸ਼ਣ ਘਰਦੀ ਮਾਲਕ,ਬਣ ਬੈਠੀ ਹਰ ਪਾਸੇ ਹੀ,
ਸੱਭੇ ਬੋਲੀਆਂ ਨੂੰ ਵੱਢ ਸੁੱਟਿਆ,’ਗਰੇਜ਼ੀ ਦੀਆਂ ਤਲਵਾਰਾਂ ਨੇ।
ਜਿੱਤ ਦਾ ਨਿਸ਼ਚਾ ਕਰਕੇ ਚੱਲੇਂਗਾ ਤਾਂ, ਜਿੱਤ ਜ਼ਰੂਰ ਮਿਲੂ,
ਸਾਹ ਸੱਤ ਹੋ ਕੇ ਚੱਲੇਂਗਾ ਤਾਂ,ਮਿੱਤਰਾ ਨਿਸ਼ਚਿਤ ਹਾਰਾਂ ਨੇ।
ਸ਼ਾਂਤੀ ਦੇ ਅਸੀਂ ਦੂਤ ਆਂ,ਐਪਰ ਖੂਨ ਦੇ ਵਿੱਚ ਬਗਾਵਤ ਐ,
ਜਦ ਵੀ ਸਾਨੂੰ ਜ਼ਖ਼ਮੀ ਕੀਤਾ,ਪਿੱਛੋਂ ਪੈਂਦੇ ਵਾਰਾਂ ਨੇ।
ਸਾਡੇ ਜਿਸਮਾਂ ਦੇ ਵਿੱਚ ਜ਼ਜਬਾ, ਰੱਖਿਆ ਸਾਡੀਆਂ ਮਾਈਆਂ ਨੇ,
ਕੁਝ ਕੁ ਧੋਖੇ ਦਿੱਤੇ ਵੀ ਨੇ,ਵਿਕੇ ਹੋਏ ਗੱਦਾਰਾਂ ਨੇ।
ਮਿਲ ਜਾਏ ਰੁਜ਼ਗਾਰ ਤਾਂ ਮਿੱਤਰਾ,ਸੁਰਗਾਂ ਵਰਗਾ ਵਾਸਾ ਏ,
ਯਾਦ ਆਏ ਕੀ ਸੱਲ ਨੇ ਝੱਲੇ,ਹੋਏ ਬੇਰੁਜ਼ਗਾਰਾਂ ਨੇ।
ਚਾਣਕਿਆ ਕੀ ਹੈ ਸੀ,ਅੱਜ ਦੇ ਚਾਣਕਿਆਂ ਦੇ ਅੱਗੇ ਜੀ,
ਹਰ ਪਾਸਿਓਂ ਜਨਤਾ ਨੂੰ ਤੁੰਨਿਆ,ਅੱਜ ਦੀਆਂ ਸਰਕਾਰਾਂ ਨੇ।
ਬੰਨ੍ਹ ਬਿਸਤਰਾ ਤੁਰ ਪੈਂਦੈ ਇਕ ਰਾਹੀ, ਵਾਂਗ ਫਕੀਰਾਂ ਦੇ,
ਮੌਸਮ ਕੋਲੋਂ ਓਹਨੂੰ,ਨਾ ਹੀ ਸ਼ਿਕਵੇ ਨਾ ਹੀ ਖਾਰਾਂ ਨੇ।
ਕਈ ਵਿਚੋਲਿਆਂ ਦੇ ਮੈਂ ਐਥੇ,ਤੈਂਬੜ ਪੈਂਦੇ ਵੇਖੇ ਨੇ,
ਧੂ-ਧੂ ਕੁੱਟਿਆ ਪਤੀ ਹੱਥੋਂ,ਦੁਖੀ ਜੋ ਹੋਈਆਂ ਨਾਰਾਂ ਨੇ।
ਇੱਜ਼ਤ ਕਿਸੇ ਅਮੀਰ ਦੀ ਉੱਡੇ,ਝੱਟ ਹੀ ਪਾਣੀ ਪੈ ਜਾਂਦੈ,
ਪਰ ਕਿਸੇ ਗ਼ਰੀਬ ਦੀਆਂ,ਬਣ ਜਾਂਦੀਆਂ ਖੰਭ ਤੋਂ ਡਾਰਾਂ ਨੇ।
ਛੱਡਦੇ ਯਾਰ ‘ਪੰਜਾਬੀ’ ਤੂੰ,ਝੱਲ੍ਹ-ਵਲੱਲੀਆਂ ਲਿਖਣੇ ਤੋਂ,
ਤੇਰੇ ਵਰਗੇ ਕਮਲ਼ੇ ਐਥੇ,ਫਿਰਦੇ ਕਈ ਹਜ਼ਾਰਾਂ ਨੇ।
-ਜਸਵਿੰਦਰ ਪੰਜਾਬੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਮਕਬੂਲ ਭਾਰਤੀ ਸ਼ਾਇਰ ਮੁਨੱਵਰ ਰਾਣਾ  ਦੇ ਦੇਹਾਂਤ ‘ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਦੁੱਖ ਦਾ ਇਜ਼ਹਾਰ
Next articleਮੱਘਰ , ਲੋਹੜੀ ਅਤੇ ਦਾਨ – ਪੁੰਨ  {ਹਾਸ ਵਿਅੰਗ}