ਮੱਘਰ , ਲੋਹੜੀ ਅਤੇ ਦਾਨ – ਪੁੰਨ  {ਹਾਸ ਵਿਅੰਗ}

(ਸਮਾਜ ਵੀਕਲੀ)

ਮੱਘਰ ਨੇ ਸਵਾਰੀਆਂ ਚੁੱਕਣ ਲਈ ਅੱਡੇ ਤੇ ਬੱਸ ਰੋਕੀ ਤਾਂ ਇੱਕ ਮੰਗਤੇ ਨੇ ਡਰੈਵਰ ਤਾਕੀ ਥਾਣੀਂ ਮੱਘਰ ਨੂੰ ਤਰਲਾ ਮਾਰਿਆ , “ ਅੱਜ ਲੋਹੜੀ ਹੈ ਸਰਦਾਰਾ , ਗਰੀਬ ਨੂੰ ਦੇ ਜਾ ਕੁਝ..”
ਗੱਲ ਹਜੇ ਮੰਗਤੇ ਦੇ ਮੂੰਹ ‘ਚ ਹੀ ਸੀ ਕਿ ਮੱਘਰ ਨੇ ਮੋਟੀ ਗਾਲ੍ਹ ਕੱਢੀ “ਭੈਂਚੋ ਸਾਰਾ ਮੁਲਕ ਹੀ ਮੰਗਣ ਚੜਿਆ ਫਿਰਦਾ । ਕੋਈ ਠੂਠਾ ਲੈ ਕੇ ਵਿਦੇਸ਼ ਤੁਰਿਆ ਫਿਰਦਾ ਤੇ ਕੋਈ ਐਥੇ ਅਮੀਰਾਂ ਦੀਆਂ ਮਿੰਨਤਾਂ ਕੱਢਦਾ ਫਿਰਦਾ । ਪਰੇ ਹੋ ਜਾ , ਨਹੀਂ ਥੱਲੇ ਦੇ ਦੂੰ” ਕਹਿ ਕੇ ਮੱਘਰ ਨੇ ਬੱਸ ਤੋਰ ਲਈ ਪਰ ਉਸਦਾ ਗੁੱਸਾ ਸ਼ਾਂਤ ਨਹੀਂ ਸੀ ਹੋਇਆ । ਉਹ ਹਜੇ ਵੀ ਚਾਲੂ ਸੀ “ ਆਹ ਮੰਗਣ ਵਾਲਿਆਂ ਤੋਂ ਸਖਤ ਨਫਰਤ ਹੈ ਮੈਨੂੰ।ਸਾਲਿਓ ਕਮਾ ਕੇ ਖਾਓ। ਕਿਉਂ ਪੱਖੀ ਸਾਹਬ ?”
“ਗੱਲ ਤਾਂ ਤੇਰੀ ਠੀਕ ਹੈ ਮੱਘਰ ਸਿੰਹਾਂ ।ਪਤਾ ਨਹੀਂ ਸਾਡੀ ਜਨਤਾ ਤਰਸ ਦੀ ਪਾਤਰ ਬਣ ਕੇ ਕਿਉਂ ਜੀਣਾ ਚਾਹੁੰਦੀ ਹੈ” ਪੱਖੀ ਨੇ ਜਵਾਬ ਦਿੱਤਾ
“ ਇਹਨਾਂ ਨੂੰ ਤਰਸ ਦੇ ਪਾਤਰ ਦਾਨ ਪੁੰਨ ਕਰਨ ਵਾਲੇ ਬਣਾਉਂਦੇ ਹਨ । ਮੁਫਤ ਦੇ ਮਾਲ ਨੇ ਇਹਨਾਂ ਵਿੱਚੋਂ ਮਿਹਨਤ ਕਰਨ ਵਾਲਾ ਮਾਦਾ ਹੀ ਖਤਮ ਕਰ ਦਿੱਤਾ ਹੈ” ਮਾਹੀਆ ਸਾਹਬ ਨੇ ਤਰਕ ਦਿੱਤਾ
“ ਜੇ ਆਪਣੇ ਵਾਲਿਆਂ ਦੇ ਚਾਲੇ ਇਹੀ ਰਹੇ ਤਾਂ ਹੋਰ ਸਾਲ ਖੰਡ ਤੱਕ ਆਪਣੇ ਸਾਰਿਆਂ ਦੇ ਹੱਥ ਠੂਠੇ ਹੋਣਗੇ ਅੰਕਲ” ਨੇੜੇ ਬੈਠੀ ਜੀ.ਡੀ.ਪੀ { ਗੁਰਦਰਸ਼ਨ ਪਾਲ} ਬੋਲੀ
“ਬਈ ਆਹ ਕੁੜੀ ਮੈਨੂੰ ਬਹੁਤ ਸਿਆਣੀ ਲੱਗਦੀ ਹੈ । ਤੂੰ ਪੁੱਤ ਕੱਲ ਤੋਂ ਪ੍ਰੋਫੈਸਰਾਂ ਵਾਲੀ ਸੀਟ ਦੇ ਪਿਛਲੇ ਵਾਲੀ ਸੀਟ ਤੇ ਬੈਠਿਆ ਕਰ” ਮੱਘਰ ਬੋਲਿਆ
“ਉਂਝ ਪੱਖੀ ਸਾਹਬ ਲੋਹੜੀ ਦਾ ਇਤਿਹਾਸ ਕੀ ਹੈ ਭਲਾ ?” ਮੱਘਰ ਨੇ ਗੇਅਰ ਬਦਲ ਕੇ ਸਵਾਲ ਦਾਗਿਆ
“ ਗੱਲ ਇਹ ਹੈ ਮੱਘਰ ਸਿੰਹਾਂ ਕਿ ਅਸਲ ਮੁੱਦਾ ਤਾਂ ਪੰਜਾਬੀਆਂ ਦੀ ਨਾਬਰੀ ਦਾ ਹੈ । ਬਾਕੀ ਤਾਂ ਤੂੰ ਜਾਣਦਾ ਹੀ ਹੈਂ । ਬੱਸ ,ਵੱਡੀ ਗੱਲ ਤਾਂ ਅਕਬਰ ਦੀ ਧੌਣ ‘ਚ ਅੜੇ ਕਿੱਲੇ ਨੂੰ ਕੱਢਣਾ ਸੀ” ਪੱਖੀ ਨੇ ਸੰਖੇਪ ਜਿਹਾ ਉੱਤਰ ਦਿੱਤਾ
“ਭਲਾ ਮਾਹੀਆ ਸਾਹਬ ਦੁੱਲੇ ਨੇ ਕੁੜੀਆਂ ਦੋ ਵਿਆਹੀਆਂ ਸੀ ਕਿ ਇੱਕ ?” ਮੱਘਰ ਨੇ ਰੇਸ ਵਧਾਉਂਦੇ ਹੋਏ ਪੁੱਛਿਆ
“ ਇਹਦੇ ਬਾਰੇ ਕਈ ਰਾਵਾਂ ਨੇ ਮੱਘਰ ਸਿੰਹਾਂ ਪਰ ਖੋਜ ਮੁਤਾਬਕ ਇੱਕੋ ਕੁੜੀ ,ਸੁੰਦਰੀ ਵਿਆਹੀ ਸੀ । ਮੁੰਦਰੀ ਤਾਂ ਲੋਕਾਂ ਨੇ ਤੋਲ ਤੁਕਾਂਤ ਪੂਰਾ ਕਰਨ ਲਈ ਫਿੱਟ ਕਰ ਦਿੱਤੀ । ਬਾਕੀ ਜਿਵੇਂ ਚੱਲਦਾ ਹੈ , ਉਵੇਂ ਚੱਲੀ ਜਾਣ ਦੇ । ਇੱਥੇ ਸਿਆਣਿਆਂ ਦੀ ਸੁਣਦਾ ਕੌਣ ਹੈ?” ਮਾਹੀਆ ਵੀ ਸੰਖੇਪ ਉੱਤਰ ਦੇ ਕੇ ਚੁੱਪ ਹੋ ਗਿਆ ।
“ਸਾਡੀ ਜਨਤਾ ਸਿਆਣਿਆਂ ਨੂੰ ਰੱਜ ਕੇ ਖੱਜਲ ਕਰਦੀ ਹੈ” ਕਹਿੰਦਿਆਂ ਪੱਖੀ ਟੇਡਾ ਜਿਹਾ ਮੱਘਰ ਵੱਲ ਝਾਕਿਆ ਪਰ ਟਰੈਫਿਕ ਹੋਣ ਕਾਰਨ ਮੱਘਰ ਨੇ ਧਿਆਨ ਨਾ ਦਿੱਤਾ ।
ਅਗਲੇ ਅੱਡੇ ਤੇ ਕੁਝ ਲੋਕ ਮੰਗਤਿਆਂ ਨੂੰ ਕੰਬਲ ਵੰਡ ਰਹੇ ਸਨ । ਪੱਖੀ ਨੇ ਟਕੋਰ ਲਾਈ “ਵੇਖ ਲੈ ਮੱਘਰ ਸਿੰਹਾਂ , ਕਿੱਡੇ ਕਿੱਡੇ ਦਾਨੀ ਲੋਕ ਐ ਧਰਤੀ ਤੇ?”
ਪੱਖੀ ਦੀ ਟਕੋਰ ਸਮਝ ਕੇ ਮੱਘਰ ਬੋਲਿਆ “ ਪ੍ਰੋਫੈਸਰ ਸਾਹਬ ਤੁਹਾਨੂੰ ਪਤਾ ਹੀ ਨਹੀਂ ਥੋਡਾ ਵੀਰ ਕਿੱਡਾ ਵੱਡਾ ਦਾਨੀ ਹੈ ।ਪਰ ਤੁਸੀਂ ਪ੍ਰੈਕਟੀਕਲ ਵੇਖੇ ਬਿਨਾਂ ਮੰਨਦੇ ਨਹੀਂ । ਲਓ ਫਿਰ , ਵੇਖੋ ਜਲਵਾ” ਕਹਿ ਕੇ ਮੱਘਰ ਨੇ ਸੀਟ ਹੇਠੋਂ ਦੇਸੀ ਦੀ ਬੋਤਲ ਕੱਢ ਕੇ ਇੱਕ ਮੰਗਤੇ ਨੂੰ ਸੈਨਤ ਮਾਰੀ ।ਮੰਗਤਾ ਭੱਜਾ ਆਇਆ “ ਦੱਸੋ ਸਰਦਾਰ ਜੀ ?”
ਮੱਘਰ : ਪੈੱਗ ਲਾਉਣਾ ਕਿ ਕੰਬਲ ਲੈਣਾ ?
ਮੰਗਤਾ : …ਮਰਾ ਗਿਆ ਕੰਬਲ । ਤੂੰ ਪੈੱਗ ਲਵਾ
ਨਾਲ ਹੀ ਮੰਗਤੇ ਨੇ ਪਾਟੇ ਜਿਹੇ ਝੋਲੇ ‘ਚੋਂ ਗਲਾਸ ਕੱਢ ਲਿਆ ।
ਮੋਟਾ ਜਿਹਾ ਪੈੱਗ ਲਾ ਕੇ ਮੰਗਤੇ ਨੇ ਅਸੀਸਾਂ ਦੇਣ ਵਾਲੀ ਝੜੀ ਲਾ ਦਿੱਤੀ ।ਬਾਕੀ ਮੰਗਤੇ ਵੀ ਵਾਹੋ ਦਾਹੀ ਮੱਘਰ ਦੀ ਬੱਸ ਵੱਲ ਨੂੰ ਭੱਜ ਤੁਰੇ ।ਦਸਾਂ ਕੁ ਮਿੰਟਾਂ ਵਿੱਚ ਹੀ ਮੰਗਤੇ ਮੱਘਰ ਜਿੰਦਾਬਾਦ ਦੇ ਨਾਹਰੇ ਲਾਉਣ ਲੱਗ ਪਏ। ਕੰਬਲਾਂ ਵਾਲੇ ਤਾਂਹ-ਠਾਂਹ ਝਾਕ ਰਹੇ ਸਨ ।
    ਦਵਿੰਦਰ ਸਿੰਘ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਧਰਮ ਦੇ ਠੇਕੇਦਾਰ।     
Next article ਸਰਕਾਰ ਤੇ ਅਧਿਆਪਕਾਂ ਦਾ ਉੱਤਮ ਉਪਰਾਲਾ : ਵਿੱਦਿਅਕ – ਟੂਰ