-ਸੁਖਵਿੰਦਰ
(ਸਮਾਜ ਵੀਕਲੀ)- ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਾਹਿਤ ਦੀ ਸ਼ਾਹਕਾਰ ਰਚਨਾ ਦੇ ਰੂਪ ਵਿਚ ਮਨ੍ਹ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨੂੰ ਆਪਣਾ ਸਤਿਕਾਰ ਭੇਂਟ ਕਰੀਏ। ਫਿਰ ਵੀ ਸੰਭਵ ਹੈ ਕਿ ਭਗਤ ਸਾਹਿਬਾਨ ਅਤੇ ਗੁਰੂ ਸਾਹਿਬਾਨ ਦੇ ਕੀਤੇ ਮਹਾਨ ਸਮਾਜਿਕ ਕਾਰਜ ਨਾਲ ਨਿਆਂ ਹੋ ਸਕਦਾ ਹੈ। ਇਹ ਬੜੀ ਹੀ ਅਜੀਬ ਗਲ ਹੈ ਮਧਕਾਲ ਦੇ ਸੰਮਤੀ ਯੁਗ ਦੀਆਂ ਉੱਤਮ ਦਰਜੇ ਦੀਆਂ ਕਾਵਿਕ ਸ਼ੈਲੀ ਵਿਚ ਰਚਿਤ ਰਚਨਾਵਾਂ ਦੀ ਭਾਰਤ ਤੋਂ ਇਲਾਵਾ ਬਾਕੀ ਕਿਸੇ ਵੀ ਵਿਸ਼ਵ ਦੇ ਹਿੱਸੇ ਵਿੱਚ ਪੂਜਾ ਨਹੀਂ ਹੁੰਦੀ। ਸਗੋਂ ਉਨ੍ਹਾਂ ਦਾ ਸਾਹਿਤਕ ਮੁਲਾਂਕਣ ਕਰਕੇ ਉਨ੍ਹਾਂ ਦੀ ਵਿਆਖਿਆ ਕੀਤੀ ਜਾਂਦੀ ਹੈ। ਪਰ ਇਸ ਦੇ ਬਿਲਕੁਲ ਐਨ ਉਲਟ ਅਸੀਂ ਲੋਕ ਗੁਰਬਾਣੀ ਵਿਚਾਰ ਤੋਂ ਪ੍ਰੇਰਨਾ ਲੈਣ ਦੀ ਬਜਾਏ ਸੂਝ ਦੀ ਅੱਖ ਬੰਦ ਕਰਕੇ ਉਸ ਦਾ ਪੂਜਾ ਪਾਠ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਕਾਵਿਕ ਦੀ ਰਚਨਾ ਵਿਚਾਰਧਾਰਕ ਤੌਰ ਤੇ ਉਸ ਸਮੇਂ ਦੇ ਸਮਕਾਲੀ ਸਮਾਜ ਦਾ ਸੱਚ ਅਥਵਾ ਤਸਵੀਰ ਪੇਸ਼ ਕਰਦੀ ਹੈ। ਉਸ ਸਮੇਂ ਦੇ ਸਮਕਾਲੀ ਸਮਾਜਿਕ ਢਾਂਚੇ ਦੇ ਵਿਗਾੜੇ ਹੋਏ ਮਨੁੱਖ ਨੂੰ ਗੁਣਵਾਨ ਮਨੁੱਖ ਅਥਵਾ ਗੁਰਮੁੱਖ ਬਣਾਉਣ ਦਾ ਸਿਧਾਂਤ ਹੈ।
ਕੋਈ ਵੀ ਅਤੀਤ ਤੋਂ ਪਿੱਛਾ ਨਹੀਂ ਛੁਡਾ ਸਕਦਾ ਅਤੇ ਨਾ ਹੀ ਅਤੇ ਅਤੀਤ ਵਿੱਚ ਵਾਪਿਸ ਜਾ ਸਕਦਾ ਹੈ। ਪਰ ਲਗਾਤਾਰ ਵਿਕਾਸ ਕਰਨ ਲਈ ਕਦੇ ਕਦੇ ਇਸ ਤੋਂ ਸਿੱਖਿਆ ਲਈ ਜਾ ਸਕਦੀ ਹੈ। ਪਰ ਪੁਰਾਤਨ ਅਤੇ ਅਜੋਕੇ ਸਿੱਖ ਵਿਦਵਾਨਾਂ ਇਤਿਹਾਸਕਾਰਾਂ ਅਤੇ ਕਥਾਕਾਰਾਂ ਦਾ ਇਸ ਗਲ ਤੇ ਜ਼ੋਰ ਲਗਾ ਹੋਇਆ ਹੈ ਕਿ ਕਿਵੇਂ ਸਿੱਖ ਇਤਿਹਾਸ ਨੂੰ ਗੱਪ ਕਹਾਣੀਆਂ ਦੀ ਸ਼ਕਲ ਵਿੱਚ ਪੇਸ਼ ਕੀਤਾ ਜਾਵੇ। ਗੁਰਬਾਣੀ ਵਿਆਖਿਆ ਅਤੇ ਪੇਸ਼ ਕਾਰੀ ਵੀ ਕੁੱਝ ਇਸੇ ਪ੍ਰਕਾਰ ਦੀ ਰਹਸਵਾਦੀ ਅਥਵਾ ਭੇਦ ਭਰੀ ਹੈ। ਇਨ੍ਹਾਂ ਅਖੌਤੀ ਵਿਦਵਾਨਾਂ ਦੀ ਗੁਰਬਾਣੀ ਅਤੇ ਸਿੱਖ ਇਤਹਾਸ ਦੀ ਪੇਸ਼ ਕਾਰੀ ਦਾ ਅਸਰ ਸਿੱਖਾਂ ਤੇ ਇਹ ਹੋਇਆ ਕਿ ਉਨ੍ਹਾਂ ਨੇ ਹਉਮੈਂ, ਅੰਧ ਵਿਸਵਾਸ਼ ਅਤੇ ਬੌਧਿਕ ਕੰਗਾਲੀ ਨੂੰ ਮਨ ਵਿਚ ਪਨਪਣ ਦਿੱਤਾ । ਗੁਰਬਾਣੀ ਕਾਵਿ ਵਿੱਚ ਪੰਜਾਬੀ ਤੋਂ ਇਲਾਵਾ ਹੋਰ ਅਨੇਕਾਂ ਬੋਲੀਆਂ ਵਰਤੀਆਂ ਗਈਆਂ ਹਨ। ਗੁਰਬਾਣੀ ਦੀ ਕਾਵਿਕ ਬੋਲੀ ਨੇ ਮਧਕਾਲ ਤੋਂ ਲੈ ਕੇ ਵਰਤਮਾਨ ਤਕ ਦਾ ਲੰਮੇਰਾ ਸਫ਼ਰ ਤੈਅ ਕੀਤਾ ਹੈ। ਜਿਸ ਕਾਰਨ ਪੁਰਾਤਨ ਬੋਲੀ ਦਾ ਸ਼ਾਬਦਿਕ ਰੂਪ ਅਤੇ ਸ਼ੈਲੀ ਵਿਚ ਬਹੁਤ ਵਡਾ ਅੰਤਰ ਰੂਪਮਾਨ ਹੋ ਗਿਆ। ਬੋਲੀ ਦਾ ਸ਼ਾਬਦਿਕ ਅਰਥ ਅਤੇ ਉਨ੍ਹਾਂ ਦੇ ਸ਼ੈਲੀ ਦਾ ਬਦਲਾਓ ਸਮੇਂ ਦੇ ਲਿਹਾਜ ਨਾਲ ਆਪਣੇ ਆਪ ਵਿੱਚ ਆਮ ਮਨੁੱਖ ਲਈ ਇੱਕ ਭੇਦ ਬਣ ਜਾਂਦਾ ਹੈ। ਜਿਹੜਾ ਸਧਾਰਨ ਜਾਂ ਆਮ ਲੋਕਾਂ ਨੂੰ ਸਮਝ ਨਹੀਂ ਆ ਸਕਦਾ ਅਤੇ ਇਸ ਰਹਸ ਦੇ ਚਲਦੇ ਹੋਏ ਪੁਰਾਤਨ ਰਚਨਾਵਾਂ ਜਾਂ ਗੁਰਬਾਣੀ ਦੇ ਵਿਆਖਿਆਕਾਰ ਆਪਣੀ ਸਹੂਲਤ ਲਈ ਮਨ੍ਹ ਮਰਜੀ ਦੀ ਵਿਆਖਿਆ ਕਰ ਸਕਦਾ ਹੈ। ਇਹੀ ਸੱਚਮੁੱਚ ਗੁਰਬਾਣੀ ਵਿਚਾਰ ਨਾਲ ਅੱਜ ਤਕ ਹੁੰਦਾ ਆਇਆ ਹੈ। ਸਮਕਾਲੀ ਸਮਾਜ ਦੀ ਜਿਸ ਤਰ੍ਹਾਂ ਦੀ ਚੇਤਨਾ ਜਾਂ ਸਥਾਪਤ ਢਾਂਚਾ ਹੁੰਦਾ ਹੈ ਉਸ ਦੀ ਵਿਆਖਿਆ ਸਾਹਿਤਕਾਰ ਪ੍ਰਚਲਤ ਬੋਲੀ ਵਿੱਚ ਹੀ ਕਰਦੇ ਹਨ ਇਸ ਤਰ੍ਹਾਂ ਦੀ ਹੀ ਗੁਰਬਾਣੀ ਵਿਚਾਰ ਦੀ ਤਰਜ਼ ਹੈ।
ਸਮਾਜ ਦੇ ਨਿਰੰਤਰ ਵਿਕਾਸ ਅਤੇ ਸਮੇਂ ਦੀ ਚਾਲ ਨਾਲ ਭਾਸ਼ਾ ਪੜਾ ਦਰ ਪੜਾ ਵਿਕਸਤ ਹੁੰਦੀ ਅਤੇ ਹੋਰ ਬੋਲੀਆਂ ਦੇ ਅਸਰ ਨੂੰ ਕਬੂਲਦੀ ਹੋਈ ਸ਼ਬਦ ਭੰਡਾਰ ਵਿਚ ਵਾਧਾ ਕਰਦੀ ਰਹਿੰਦੀ ਹੈ। ਪ੍ਰਾਚੀਨ ਬੋਲੀ ਦੀ ਟਹਿਣੀਆਂ ਤੇ ਨਵੇਂ ਸ਼ਬਦਾਂ ਦੀਆਂ ਲਗਰਾਂ ਫੁੱਟ ਦੀਆਂ ਰਹਿੰਦੀਆਂ ਹਨ। ਸਧਾਰਨ ਲੋਕ ਭਾਸ਼ਾ ਦੇ ਮੁੱਢਲੇ ਭੇਦ ਨੂੰ ਨਹੀਂ ਸਮਝ ਸਕਦੇ ਇਸ ਲਈ ਇਹ ਬਹੁਤ ਆਸਾਨ ਹੈ ਕੇ ਉਨ੍ਹਾਂ ਨੂੰ ਗੁੰਮਰਾਹ ਕਰਨ ਲਈ ਗੁਰਬਾਣੀ ਵਿਚਾਰ ਦੇ ਮਨ੍ਹ ਨੂੰ ਭਾਉਂਦੇ ਅਰਥ ਅਤੇ ਵਿਆਖਿਆ ਕੀਤੀ ਜਾਵੇ। ਗੁਰਬਾਣੀ ਦੀ ਬੋਲੀ ਦੇ ਇਸ ਗੁੱਝੇ ਭੇਦ ਨੂੰ ਭਾਸ਼ਾ ਵਿਗਿਆਨ ਦੇ ਅਧਾਰ ਤੇ ਉਜਾਗਰ ਕਰਨ ਦਾ ਕੰਮ ਜਿੰਮੇਵਾਰ, ਸੂਝਵਾਨ ਅਤੇ ਇਮਾਨਦਾਰ ਵਿਦਵਾਨਾਂ ਦਾ ਹੋਣਾ ਚਾਹੀਦਾ ਸੀ। ਪਰ ਬੋਲੀ ਦੇ ਇਸ ਭੇਦ ਦਾ ਲਾਹਾ ਲੈਂਦੇ ਹੋਏ ਗੈਰ ਜਿੰਮੇਵਾਰ ਸਿੱਖ ਵਿਦਵਾਨਾਂ ਨੇ ਗੁਰਬਾਣੀ ਅਤੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ।