HOME ” ਰਿਸ਼ਤਿਆਂ ਵਿਚ ਸੁਚੱਜਤਾ ਵਾਲੀ ਪੁਸਤਕ – ਨਣਦ ਦਿਆ ਵੀਰਾ”

” ਰਿਸ਼ਤਿਆਂ ਵਿਚ ਸੁਚੱਜਤਾ ਵਾਲੀ ਪੁਸਤਕ – ਨਣਦ ਦਿਆ ਵੀਰਾ”

7

ਪੁਸਤਕ ਦਾ ਨਾਂ –   ਨਣਦ ਦਿਆ ਵੀਰਾ (ਗੀਤ ਸੰਗ੍ਰਹਿ)
ਲੇਖਕ –            ਹਾਕਮ ਸਿੰਘ ਰੂੜੇਕੇ
ਪੰਨੇ –              104  ਕੀਮਤ – 250/- ਰੁਪਏ
ਪ੍ਰਕਾਸ਼ਕ –         ਤਾਲਿਫ਼ ਪ੍ਰਕਾਸ਼ਨ, ਬਰਨਾਲਾ।

(ਸਮਾਜ ਵੀਕਲੀ)   ਗੀਤ ਅਤੇ ਸੰਗੀਤ ਦਾ ਮੁੱਢ ਕਦੀਮੀ ਤੋਂ ਸਾਥ ਹੈ। ਜੇਕਰ ਇਹ ਆਖੀਏ ਕਿ ਸੰਗੀਤ ਤੋਂ ਬਿਨਾ ਗੀਤ ਅਧੂਰਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਕਿਉੰਕਿ ਸੰਗੀਤ ਤੋਂ ਬਿਨਾ ਗੀਤ ਦੀ ਲਜ਼ਤ ਨਹੀਂ ਆਉਂਦੀ। ਮਨੁੱਖ ਦੇ ਜਨਮ ਤੋਂ ਅੰਤ ਤੱਕ ਗੀਤ ਅਤੇ ਸੰਗੀਤ ਉਸ ਅੰਦਰ ਪਨਪਦਾ ਰਹਿੰਦਾ ਹੈ। ਮਾਂ ਦੀਆਂ ਲੋਰੀਆਂ ਉਸ ਨੂੰ ਗੀਤ ਸੰਗੀਤ ਨਾਲ ਬਾ ਵਸਤਾ ਜੋੜਦੀਆਂ ਹਨ। ਗੀਤ ਸਾਡੇ ਸੱਭਿਆਚਾਰ ਦਾ ਮਹੱਤਵ ਪੂਰਨ ਅੰਗ ਹੈ। ਗੀਤ ਨੂੰ ਸੰਗੀਤ ਨਾਲ ਗਾਉਣਾ ਸੋਨੇ ਤੇ ਸੁਹਾਗੇ ਦਾ ਕੰਮ ਕਰਦਾ ਹੈ। ਤਰੰਨੁਮ ਵਿੱਚ ਗਾਏ ਗੀਤ ਜਿੱਥੇ ਸਰੋਤਿਆਂ ਵਿਚ ਦਿਲਚਸਪੀ ਪੈਦਾ ਕਰਦੇ ਹਨ ਉਥੇ ਉਹਨਾਂ ਵੱਲੋਂ ਗੀਤ ਗਾਉਣ ਦੀ ਇੱਛਾ ਵੀ ਪੈਦਾ ਕਰਦੇ ਹਨ।
ਹਥਲੀ ਪੁਸਤਕ ” ਨਣਦ ਦਿਆ ਵੀਰਾ ” ਹਾਕਮ ਸਿੰਘ ਰੂੜੇਕੇ ਦਾ ਪਲੇਠਾ ਗੀਤ ਸੰਗ੍ਰਹਿ ਹੈ।ਇਸ ਪੁਸਤਕ ਵਿਚ ਕਰੀਬ 65 ਗੀਤ ਕੁਲ 88 ਪੰਨਿਆਂ ਤੇ ਦਰਜ ਕੀਤੇ ਹਨ। ਇਸ ਪੁਸਤਕ ਤੋਂ ਪਹਿਲਾਂ ਉਸ ਦੀਆਂ ਦੋ ਕਾਵਿ ਪੁਸਤਕਾਂ ਪਾਠਕਾਂ ਦੇ ਸਨਮੁੱਖ ਹੋ ਚੁੱਕੀਆਂ ਹਨ। ਲੇਖਕ ਨੇ ਇਹ ਪੁਸਤਕ ਸ੍ਰੀਮਤੀ ਸਿਮਰਤ ਕੌਰ ‘ ਜਨਕੋ ‘ ਨੂੰ ਸਮਰਪਿਤ ਕੀਤੀ ਹੈ। ਜਿਸ ਬਾਰੇ ਉਸ ਨੇ ਆਪਣੇ ਇਕ ਗੀਤ ” ਲੌਂਗ  ਬੁਰਜੀਆਂ ਵਾਲਾ” ਪੰਨਾ 64 ਵਿਚ ਵੀ ਜਿਕਰ ਕੀਤਾ ਹੈ।
ਪੁਸਤਕ ਦਾ ਨਿੱਠ ਕੇ ਅਧਿਐਨ ਕੀਤਿਆਂ ਲੇਖਕ ਵਲੋ ਲਏ ਗਏ ਵਿਸ਼ਿਆਂ ਬਾਰੇ ਪਤਾ ਲਗਦਾ ਹੈ। ਇਸ ਦੀ ਪੁਸਤਕ ਵਿਚ ਸਿਵਾਏ ਪਰਿਵਾਰਕ ਸਬੰਧਾਂ ਤੋਂ ਅਸ਼ਲੀਲਤਾ ਕਿਧਰੇ ਨਜ਼ਰ ਨਹੀਂ ਆਉਂਦੀ। ਪੁਸਤਕ ਦਾ ਟਾਈਟਲ ਗੀਤ ਪੁਸਤਕ ਵਿਚ ਯਾਰਵੇਂ ਸਥਾਨ ਤੇ ਬਿਰਾਜਮਾਨ ਹੈ। ਉਸ ਨੂੰ ਅਕਸਰ ਸਭਾਵਾਂ ਵਿਚ ਸੁਣਨ ਤੇ ਸਰੋਤਿਆਂ ਨੂੰ ਪ੍ਰਭਾਵਿਤ ਕਰਦੇ ਹਨ ਕਿਉੰਕਿ ਗੀਤਾ ਦੀ ਭਾਸ਼ਾ, ਵਿਸ਼ਾ ਅਤੇ ਗਾਉਣ ਦਾ ਤਰੀਕਾ ਇਸ ਦਾ ਵਧੀਆ ਹੈ। ਬਿਜਲੀ ਮਹਿਕਮੇ ‘ਚ ਰਹਿਣ ਕਰਕੇ ਉਸ ਦੇ ਗੀਤ ਵੀ ਸਰੋਤਿਆਂ ਨੂੰ ਕਰੰਟ ਵਾਂਗ ਖਿੱਚ ਲੈਂਦੇ ਹਨ।
ਜੇਕਰ ਰੂੜੇਕੇ ਦੀ ਪੁਸਤਕ ਦੀ ਗੱਲ ਕਰੀਏ ਤਾਂ ਉਸ ਦੇ ਗੀਤਾਂ ਵਿੱਚ ਰਿਸ਼ਤਿਆਂ ਦੇ ਵਿਸ਼ਿਆਂ ਭਰਾ, ਭਰਜਾਈ, ਦੀ, ਬਾਬਲ, ਭੈਣ ਅਤੇ ਸਹੁਰਿਆਂ ਦੇ ਸਬੰਧਾਂ ਤੋਂ ਇਲਾਵਾ ਸਾਡੇ ਕਿਰਤ ਅਤੇ ਸਮਾਜਿਕ ਨਾਲ ਜੁੜੇ ਕਾਰਜ ਜਿਵੇਂ ਕਿ ਖੇਤੀ, ਵਿਦਿਆ, ਪਿਆਰ, ਸੁਪਨੇ, ਡਾਲਰਾਂ ਆਦਿ ਦੀ ਗੱਲ ਵੀ ਸ਼ਾਮਲ ਹਨ। ਸ਼ਗਨਾਂ ਦਾ ਚੂੜਾ ਵਰਗੇ ਗੀਤਾਂ ਵਿਚ ਭਾਰਤੀ ਸੰਸਕ੍ਰਿਤੀ ਦੇ ਰੀਤੀ ਰਿਵਾਜਾਂ ਅਤੇ ਰਸਮਾਂ ਦੀ ਬਾਤ ਪਾਈ ਗਈ ਹੈ। ਸ਼ਗਨਾਂ ਦਾ ਚੂੜਾ ਵਧਾਉਣ ਲਈ ਸਹੁਰੇ ਘਰ ਮਿੱਠਾ ਪਕਵਾਨ ਬਣਾਉਣਾ, ਖੁਸ਼ੀ ਦਾ ਪ੍ਰਗਟਾਵਾ ਕਰਨਾ ਨਵੀਂ ਵਿਆਹੀ ਕੁੜੀ ਲਈ ਕਿੰਨੇ ਮਾਣ ਵਾਲੀ ਗੱਲ ਹੁੰਦੀ ਹੈ। ਜਿੱਥੇ ਸਾਡੇ ਆਮ ਘਰਾਂ ਵਿੱਚ ਇੱਕ ਕਹਾਵਤ ਹੈ ਕਿ ਕੁੜੀਂ ਦੇ ਪੇਕੇ ਮਾਵਾਂ ਨਾਲ ਹੀ ਹੁੰਦੇ ਹਨ ਇਥੇ ਸਮਝਣ ਵਾਲੀ ਗੱਲ ਇਹ ਹੈ ਕਿ ਮਾਂ ਪਿਓ ਨੇ ਸਮਾਂ ਵਿਹਾਅ ਕੇ ਤੁਰ ਜਾਣਾ ਹੈ, ਪੂਰਾ ਜੀਵਨ ਕੁੜੀ ਦਾ ਰਿਸ਼ਤਾ ਆਪਣੇ ਭਰਾ ਭਰਜਾਈ ਨਾਲ ਹੀ ਨਿਭਦਾ ਹੈ। ਗੀਤਕਾਰ ਨੇ ਆਪਣੇ ਗੀਤ ਪੇਕੇ ਵੀਰਾਂ ਭਾਬੀਆਂ ਨਾਲ ਵਿਚ ਇਸ ਗੱਲ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ –
” ਪੇਕੇ ਹੁੰਦੇ ਮਾਵਾਂ ਦੇ ਨਾਲ, ਕਹਿੰਦਾ ਹੈ ਜੱਗ ਸਾਰਾ।
ਪਰ ਭਾਈਆਂ ਦੇ ਬਾਝੋਂ ਅੜੀਓ, ਹੁੰਦਾ ਨਹੀਂ ਗੁਜਾਰਾ।
ਦੁੱਖ ਸੁੱਖ ਦੇ ਵਿੱਚ ਆ ਕੇ ਖੜ੍ਹਦੇ, ਬਣ ਜਾਂਦੇ ਨੇ ਮੇਰੀ ਢਾਲ।
ਕੀ ਹੋਇਆ ਜੇ ਮਾਪੇ ਤੁਰ ਗਏ, ਪੇਕੇ ਵੀਰਾਂ ਭਾਬੀਆਂ ਨਾਲ।” (ਪੰਨਾ 18)
ਨਵੀਂ ਵਿਆਹੀ ਕੁੜੀ ਸਹੁਰੇ ਪਰਿਵਾਰ ਵਿਚ ਆਪਣੀ ਨਣਦ ਨੂੰ ਆਪਣੇ ਘਰ ਵਾਲੇ ਬਾਰੇ ਆਪਣਾ ਸਮਝ ਕੇ ਹੀ ਨਹੋਰੇ ਦਿੰਦੀ ਹੈ। ਵੀਰ ਤੇਰਾ ਨਣਦੇ ਨੀਂ ਅਤੇ ਪੁਸਤਕ ਦੇ ਸਿਰਲੇਖਤ ਗੀਤ ਨਣਦ ਦਿਆ ਵੀਰਾ ਵਿਚ ਅਸਿੱਧੇ ਤੌਰ ਉਤੇ ਰੁੱਸੇ ਮਾਹੀ ਨੂੰ ਮਨਾਉਣ ਅਤੇ ਗਿਲਾ ਕਰਨ ਦਾ ਯਤਨ ਕਰਦੀ ਹੈ। ਉਂਜ ਵੀ ਨਣਦ ਅਤੇ ਭਰਜਾਈ ਦਾ ਰਿਸ਼ਤਾ ਬੜਾ ਡੂੰਘਾ ਹੁੰਦਾ ਹੈ। ਉਹਨਾਂ ਦੀ ਆਪਸੀ ਗੱਲਬਾਤ, ਭੇਦ ਸਾਂਝੇ ਹੁੰਦੇ ਹਨ। ਗੀਤ ਦੇ ਬੰਦ ਦੇਖੋ-
” ਵੀਰ ਤੇਰਾ ਨਣਦੇ ਕਿਉੰ ਨਹੀਂ ਬੋਲਦਾ, ਪਤਾ ਨਹੀਂ ਕਿਹੜੀ ਗੱਲ ਤੋਂ?
ਦਿਲ ਵਾਲੀ ਘੁੰਡੀ ਉਹ ਕਿਉੰ ਨਹੀਂ ਖੋਲਦਾ, ਪਤਾ ਨਹੀਂ ਕਿਹੜੀ ਗੱਲ ਤੋਂ?”    (ਪੰਨਾ 28)         ਅਤੇ
” ਮਰਜਾਣੀ ਦਾ ਨਾਂ ਹਾਲ ਪੁੱਛਦਾ।
ਨਿੱਕੀ ਨਿੱਕੀ ਗੱਲ ਉੱਤੇ ਰਹੇਂ ਰੁੱਸਦਾ।
ਮੈਂ ਤਾਂ ਹਾਸੇ ਹਾਸੇ ਵਿਚ ਗਲਾਂ ਕੀਤੀਆਂ,
ਕੀਤੀ ਨਾ ਗੱਲ ਉਲਝਾਣ ਦੀ। ” (ਪੰਨਾ 32)
ਤੀਆਂ ਸਾਉਣ ਦੀਆਂ, ਸਾਉਣ ਦਾ ਮਹੀਨਾ ਅਤੇ ਮੈਂ ਤਾਂ ਪੀਂਘਾਂ  ਝੂਟੀਆਂ ਆਦਿ ਨਵੀਂ ਵਿਆਹੀ ਔਰਤ ਦੇ ਦਿਲ ਦੀ ਤਾਂਘ ਅਤੇ ਸ਼ੌਂਕ ਨੂੰ ਦਰਸਾਉਂਦੇ ਹਨ। ਸਹੁਰੇ ਘਰੋਂ ਪੇਕੇ ਆ ਕੇ ਤੀਆਂ ਮਨਾਉਣ ਦੀ ਕਿੰਨੀ ਇੱਛਾ ਹੁੰਦੀ ਹੈ। ਔਰਤ ਦੇ ਮਨ ਦੇ ਵਲਵਲਿਆਂ ਨੂੰ ਪੇਸ਼ ਕਰਦੇ ਜਾਪਦੇ ਹਨ। ਪੁਸਤਕ ਦੇ ਗੀਤ ਹਾਕਮ ਸਿਆਂ ਵਿਚ ਜਾਇਦਾਦ ਦੀ ਵੰਡ ਨਾਲ ਅੱਡ ਹੋਣ ਦੀ ਗੱਲ ਕੀਤੀ ਹੈ। ਇਸ ਗੀਤ ਦਾ ਬੰਦ ਵੀ ਕਹਿੰਦਾ ਹੈ –
” ਅੱਧ ਜੇਠ ਤੋਂ ਵੰਡਾ ਲੈ ਹਾਕਮ ਸਿਆਂ।
ਕੰਧ ਵਿਹੜੇ ‘ ਚ ਕਢਾ ਲੈ, ਹਾਕਮ ਸਿਆਂ।
ਘਰ ਅੱਡ ਤੂੰ ਬਣਾ ਲੈ, ਹਾਕਮ ਸਿਆਂ। –” (ਪੰਨਾ 84)
ਇਵੇਂ ਹੀ ਉਂਜ ਤਾ ਉਸ ਦੇ ਸਾਰੇ ਗੀਤ ਸੱਭਿਆਚਾਰਕ ਹਨ ਪਰ ਖਾਸ ਕਰਕੇ ਜੀਓ ਧੀਏ ਰਾਣੀਏ, ਰਾਜੇ ਬਾਬਲ ਦਾ ਖੇੜਾ, ਮੇਲਾ ਵਿਸਾਖੀ ਦਾ, ਸੁਪਨੇ ‘ਚ ਸੱਸ ਮਰਗੀ, ਪੇਕਿਆਂ ਦਾ ਪਿੰਡ, ਸੁੱਚਾ ਰੁਮਾਲ, ਚੰਨ ਵਰਗਾ ਦਿਓਰ, ਜੇ  ਮੈਂ ਹੁੰਦੀ ਮੁੰਡਾ ਅਤੇ ਰੱਖਿਆ ਨਹੀਂ ਕੁੱਝ ਵਿਦੇਸ਼ ਆਦਿ ਵਧੀਆ ਗੀਤ ਹਨ। ਇਸ ਪਲੇਠੇ ਗੀਤ ਸੰਗ੍ਰਹਿ ਦਾ ਖ਼ੈਰ ਮਰਦਮ ਕਰਦਾ ਹਾਂ।

– ਤੇਜਿੰਦਰ ਚੰਡਿਹੋਕ, ਐਮ ਏ,
ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਜੇਤੂ)
ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਧਿਆਪਕ ਨਰਿੰਦਰ ਭੰਡਾਰੀ ਦੇ 10 ਸਾਲ ਤੋਂ ਰੁਕੇ ਹੋਏ ਆਰਡਰ ਡੀ.ਟੀ.ਐਫ. ਨੇ ਕਰਵਾਏ ਜਾਰੀ
Next articleਪੰਜਾਬ ਦੇ ਜੰਮਿਆਂ ਨੂੰ