ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਬੇਰੁਖੀ ਖਿਲਾਫ ਰੋਸ ਪ੍ਰਦਰਸ਼ਨ ਵਿੱਚ ਕਪੂਰਥਲਾ ਤੋਂ ਅਧਿਆਪਕ ਜਥੇਬੰਦੀਆਂ ਵੱਲੋਂ ਵੱਡੀ ਪੱਧਰ ਤੇ ਸ਼ਾਮਿਲ ਹੋਣ ਦਾ ਐਲਾਨ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰ ਪੁਰ ਵਿਖੇ 1 ਦਸੰਬਰ ਨੂੰ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਸਬੰਧੀ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਰਵਿੰਦਰਜੀਤ ਸਿੰਘ ਪੰਨੂੰ ਦੀ ਅਗਵਾਈ ਹੇਠ ਜ਼ਿਲ੍ਹਾ ਕਪੂਰਥਲਾ ਦੀਆਂ ਅਧਿਆਪਕ ਜਥੇਬੰਦੀਆਂ ਦੀ ਅਹਿਮ ਮੀਟਿੰਗ ਕੈਮਰਾ ਬਾਗ਼ ਕਪੂਰਥਲਾ ਵਿਖੇ ਕਰਵਾਈ ਗਈ ।ਜਿਸ ਦੌਰਾਨ ਸੁਖਦਿਆਲ ਸਿੰਘ ਝੰਡ ਜਿਲ੍ਹਾ ਪ੍ਰਧਾਨ ਅਧਿਆਪਕ ਦਲ, ਸੁਖਚੈਨ ਬੱਧਣ ਜਿਲ੍ਹਾ ਪ੍ਰਧਾਨ ਜੀ ਟੀ ਯੂ, ਸੋਮ ਸਿੰਘ ਜਿਲ੍ਹਾ ਪ੍ਰਧਾਨ ਗੁਰਦਾਸਪੁਰ ਗੌਰਮਿੰਟ ਟੀਚਰ ਯੂਨੀਅਨ ( ਵਿਗਿਆਨਕ), ਜਸਪਾਲ ਸਿੰਘ ਪਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ, ਪੰਕਜ ਕੁਮਾਰ ਪਰਧਾਨ ਐਸ ਐਲ ਏ ਯੂਨੀਅਨ ਆਦਿ ਅਧਿਆਪਕ ਆਗੂਆਂ ਨੇ ਦਸਿਆ ਕਿ ਸਿੱਖਿਆ ਮੰਤਰੀ ਨਾਲ ਹੋਈ 22 ਅਗਸਤ ਦੀ ਮੀਟਿੰਗ ਦੇ ਫੈਸਲੇ ਨਾ ਲਾਗੂ ਕਰਨ ਦੇ ਰੋਸ ਵਜੋਂ ਸਿੱਖਿਆ ਵਿਭਾਗ ਦੇ ਦੋਹਾਂ ਡਾਇਰੈਕਟਰ ਰਾਹੀਂ ਰੋਸ ਪੱਤਰ ਸਿੱਖਿਆ ਮੰਤਰੀ ਨੂੰ ਭੇਜੇ ਗਏ ਸਨ ਜਿਸ ਵਿੱਚ ਸਿੱਖਿਆ ਨੀਤੀ 2020 ਤਹਿਤ ਮਿਡਲ ਸਕੂਲਾਂ ਦੀ ਮਰਜਿੰਗ ਸਬੰਧੀ ਮੋਰਚੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਬਾਅਦ ਹੋਈਆਂ ਲੈਕਚਰਾਰਾਂ ਦੀਆਂ ਪ੍ਰਮੋਸ਼ਨਾਂ ਵਿੱਚ ਵਿਭਾਗ ਨੇ ਆਪਣੀ ਮੰਨ ਮਾਨੀ ਨਾਲ਼ ਅਧਿਆਪਕਾਂ ਨੂੰ ਦੂਰ ਦੁਰਾਡੇ ਸਟੇਸ਼ਨ ਦਿੱਤੇ, ਜਿਸ ਕਾਰਨ ਪੂਰੇ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੋਰਚੇ ਵੱਲੋਂ ਹਰ ਵਰਗ ਦੀਆਂ ਰਹਿੰਦੀਆਂ ਤਰੱਕੀਆਂ ਸਬੰਧੀ, 2018 ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ, ਸੀ ਐਂਡ ਵੀ ਤੋਂ ਮਾਸਟਰ ਕਾਡਰ ਤਰੱਕੀਆਂ, 873 ਡੀਪੀਈ ਭਰਤੀ ਵਿੱਚੋਂ ਰਹਿੰਦੇ ਉਮੀਦਵਾਰਾਂ ਨੂੰ ਜਲਦ ਆਰਡਰ ਦੇਣ ਸਬੰਧੀ, ਪੰਚਾਇਤੀ ਚੋਣਾਂ ਵਿੱਚ ਅਧਿਆਪਕਾਂ ਦੀ ਹੋਈ ਖੱਜਲ ਖੁਆਰੀ ਸਬੰਧੀ ਉਠਾਏ ਗਏ ਮੁੱਦਿਆਂ ਤੇ ਸਿੱਖਿਆ ਵਿਭਾਗ ਦੇ ਕਿਸੇ ਵੀ ਅਧਿਕਾਰੀ ਜਾਂ ਸਿੱਖਿਆ ਮੰਤਰੀ ਨੇ ਕੋਈ ਨੋਟਿਸ ਨਹੀਂ ਲਿਆ ਸਗੋਂ ਸੀ ਐਂਡ ਵੀ ਕਾਡਰ ਦੇ ਪੀ ਟੀ ਆਈਜ਼ / ਆਰਟ ਐਂਡ ਕਰਾਫਟ ਟੀਚਰਜ਼ ਤੋਂ ਰਿਕਵਰੀ ਦਾ ਪੱਤਰ ਮੁੜ ਜਾਰੀ ਕੀਤਾ ਗਿਆ ਹੈ। ਸੀ ਈ ਪੀ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿੱਖਿਆ ਤੋਂ ਹਟਾ ਕੇ ਫਰਜ਼ੀ ਰਿਕਾਰਡ ਬਣਾਉਣ ਲਈ ਉਲਝਾਇਆ ਜਾ ਰਿਹਾ ਹੈ ਦੂਜੇ ਪਾਸੇ ਇਹ ਫਰਜੀ ਰਿਕਾਰਡ ਚੈਕ ਕਰਨ ਲਈ ਟੀਮਾਂ ਅਧਿਆਪਕਾਂ ਨੂੰ ਅਲੱਗ ਪ੍ਰੇਸ਼ਾਨ ਕਰ ਰਹੀਆਂ ਹਨ। ਪਹਿਲ਼ਾਂ ਅਧਿਆਪਕ ਸਮਰੱਥ ਪ੍ਰੋਜੈਕਟ ਵਿੱਚ ਲੱਗੇ ਹੋਏ ਸਨ, ਹੁਣ ਸੀ ਈ ਪੀ ਕਰਨ ਵਿੱਚ ਲੱਗੇ ਹੋਏ ਹਨ ਜਦੋਂ ਕਿ ਇਮਤਿਹਾਨ ਨੇੜੇ ਆ ਰਹੇ ਹਨ ਅਤੇ ਸਿਲੇਬਸ ਦੀ ਪੜ੍ਹਾਈ ਵਿਚਾਲੇ ਹੀ ਛੁਡਵਾ ਲਈ ਗਈ ਹੈ ਜਿਸ ਕਾਰਨ ਅਧਿਆਪਕ ਵਰਗ ਵਿੱਚ ਭਾਰੀ ਰੋਸ ਹੈ। ਓਹਨਾਂ ਦਸਿਆ ਕਿ ਉਪਰੋਕਤ ਮੰਗਾਂ ਤੋਂ ਇਲਾਵਾ ਬਹੁਤ ਸਾਰੀਆਂ ਵਿਭਾਗੀ ਮੰਗਾਂ ਅਤੇ ਵਿੱਤੀ ਮੰਗਾਂ ਤਨਖਾਹ ਦੁਹਰਾਈ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਏ, ਪੇਂਡੂ ਭੱਤੇ ਸਮੇਤ 37 ਭੱਤਿਆਂ ਦੀ ਬਹਾਲੀ ਆਦਿ ਅਜਿਹੀਆਂ ਹਨ ਜਿਸ ਪ੍ਰਤੀ ਵਿਭਾਗ ਸੁਹਿਰਦ ਨਹੀਂ ਹੈ ਜਿਸ ਕਾਰਨ ਪਹਿਲੀ ਦਸੰਬਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਵੱਡੀ ਗਿਣਤੀ ਵਿੱਚ ਅਧਿਆਪਕ ਵੱਡੀ ਪੱਧਰ ਤੇ ਰੋਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕਰਨਗੇ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ। ਇਸ ਮੌਕੇ ਰਵਿੰਦਰਜੀਤ ਸਿੰਘ ਪੰਨੂੰ ਨੇ ਅਧਿਆਪਕ ਆਗੂਆਂ ਨੂੰ ਅਪੀਲ ਕੀਤੀ ਕਿ ਜਿੱਲੇ ਦੇ ਹਰੇਕ ਸਕੂਲ ਤੱਕ ਪਹੁੰਚ ਕਰ ਕੇ ਅਧਿਆਪਕਾਂ ਨੂੰ ਇਸ ਰੋਸ ਪ੍ਰਦਰਸ਼ਨ ਵਿਚ ਵਧ ਤੋਂ ਵਧ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਅਧਿਆਪਕ ਵਰਗ ਦੀਆਂ ਹੱਕੀ ਮੰਗਾਂ ਮਨਵਾਈਆਂ ਜਾ ਸਕਣ। ਇਸ ਮੌਕੇ ਗੁਰਿੰਦਰਪਾਲ ਮੀਤ ਪ੍ਰਧਾਨ ਅਧਿਆਪਕ ਦਲ, ਸੂਬਾਈ ਆਗੂ ਸ: ਭਜਨ ਸਿੰਘ ਮਾਨ, ਸੰਦੀਪ ਕੁਮਾਰ ਪਰਧਾਨ ਮਾਸਟਰ ਕੇਡਰ, ਰਮੇਸ਼ ਕੁਮਾਰ ਭੇਟਾ, ਹਰਦੇਵ ਸਿੰਘ ਖਾਨੋਵਾਲ , ਕਮਲਜੀਤ ਸਿੰਘ ਮੇਜਰਵਾਲ ,ਮਨੂੰ ਕੁਮਾਰ ਪਰਾਸ਼ਰ, ਡਾਕਟਰ ਅਰਵਿੰਦਰ ਸਿੰਘ ਭਰੋਤ, ਮਨਜਿੰਦਰ ਸਿੰਘ ਧੰਜੂ, ਅਮਰੀਕ ਸਿੰਘ ਰੰਧਾਵਾ, ਵੱਸਣਦੀਪ ਸਿੰਘ ਜੱਜ,ਲੈਕਚਰਾਰ ਵਨੀਸ਼ ਸ਼ਰਮਾ, ਜਗਜੀਤ ਸਿੰਘ ਬੂਲਪੁਰ,ਅਸ਼ਵਨੀ ਕੁਮਾਰ,ਰਜੀਵ ਪਠਾਣੀਆ,ਸੋਹਣ ਲਾਲ , ਅਜੈ ਕੁਮਾਰ ਟਿੱਬਾ, ਜਗਜੀਤ ਸਿੰਘ ਪਿਥੋਰਾਹਲ, ਰੌਸ਼ਨ ਲਾਲ ਸੈਫਲਾਬਾਦ, ਲੈਕਚਰਾਰ ਟੋਨੀ ਕੌੜਾ, ਸ਼ੁੱਭ ਦਰਸ਼ਨ ਆਨੰਦ, ਪਰਵੀਨ ਕੁਮਾਰ, ਸੁਖਦੇਵ ਸਿੰਘ ਬੂਲਪੁਰ,ਰਜੀਵ ਪਠਾਨੀਆ, ਜਗਜੀਤ ਸਿੰਘ ਬੂਲਪੁਰ, ਅਸ਼ਵਨੀ ਕੁਮਾਰ,ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly