ਡੇਰਾਬਸੀ, (ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ:-ਭਾਰਤ ਵਿਕਾਸ਼ ਪ੍ਰੀਸ਼ਦ ਵਿਵੇਕਾਨੰਦ ਵੱਲੋਂ ਨੇਤਰਦਾਨੀ ਸ੍ਰੀ ਹਰੀਕ੍ਰਿਸ਼ਨ ਸ਼ਰਮਾ ਦੇ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਹੈ। ਡੇਰਾਬੱਸੀ ਦੇ ਮੋਹਨ ਨਗਰ ਦੇ 88 ਸਾਲਾ ਬਜ਼ੁਰਗ ਹਰੀਕ੍ਰਿਸ਼ਨ ਸ਼ਰਮਾ ਦੀਆਂ ਮਰਨ ਉਪਰੰਤ ਅੱਖਾਂ ਦਾਨ ਕੀਤੀਆਂ ਗਈਆਂ ਸਨ। ਇਸ ਨਾਲ ਦੋ ਲੋਕਾਂ ਦੀ ਹਨ੍ਹੇਰੀ ਜ਼ਿੰਦਗੀ ਵਿਚ ਰੌਸ਼ਨੀ ਆਵੇਗੀ। ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਡੇਰਾਬੱਸੀ ਦੀ ਪ੍ਰੇਰਨਾ ਸਦਕਾ ਸ਼ਰਮਾ ਪਰਿਵਾਰ ਵੱਲੋਂ ਬਜ਼ੁਰਗ ਦੀਆਂ ਅੱਖਾਂ ਦਾਨ ਕੀਤੀਆਂ ਹਨ। ਪ੍ਰੀਸ਼ਦ ਦੇ ਪ੍ਰਧਾਨ ਡਾਕਟਰ ਬਰਖਾ ਰਾਮ ਅਤੇ ਉਪੇਸ਼ ਬੰਸਲ ਵੱਲੋਂ ਦਿਤੀ ਗਈ ਜਾਣਕਾਰੀ ਮੁਤਾਬਿਕ ਇਹ ਪਰਿਵਾਰ ਕਾਫੀ ਸਾਲ ਪਹਿਲਾਂ ਪਿੰਡ ਸ਼ੇਖਪੁਰ ਕਲਾਂ-ਕਾਰਕੌਰ ਤੋਂ ਆ ਕੇ ਇਥੇ ਵਸਿਆ ਸੀ। ਸ਼ਰਮਾ ਪਰਿਵਾਰ ਧਾਰਮਿਕ ਸੰਸਥਾਵਾਂ ਨਾਲ ਜੁੜ ਕੇ ਸਮਾਜ ਸੇਵਾ ਕਰ ਰਿਹਾ ਹੈ ਅਤੇ ਬਹੁਤ ਮਿਹਨਤੀ ਪਰਿਵਾਰ ਹੈ। ਉਨ੍ਹਾਂ ਨੇ ਦੱਸਿਆ ਕਿ ਹਰੀਕ੍ਰਿਸ਼ਨ ਸ਼ਰਮਾ ਆਪਣੇ ਪਿਛੇ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ। ਉਨ੍ਹਾਂ ਵੱਲੋਂ ਅੱਖਾਂ ਦਾਨ ਕਰਨ ਨਾਲ ਦੋ ਨੇਤਰਹੀਣਾਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਆਵੇਗੀ। ਉਪੇਸ਼ ਬੰਸਲ ਅਨੁਸਾਰ ਭਾਰਤ ਵਿਕਾਸ ਪ੍ਰੀਸ਼ਦ ਪਿਛਲੇ ਕਾਫੀ ਸਮੇਂ ਤੋਂ ਅੱਖਾਂ ਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਦੀ ਆ ਰਹੀ ਹੈ ਅਤੇ ਹੁਣ ਤੱਕ 157 ਲੋਕਾਂ ਦੀਆਂ ਅੱਖਾਂ ਦਾਨ ਕਰਵਾਈਆਂ ਜਾ ਚੁੱਕੀਆਂ ਹਨ। ਸਵਰਗੀ ਹਰੀਕਿਸ਼ਨ ਸ਼ਰਮਾ ਨਮਿਤ ਪਾਠ ਦੇ ਭੋਗ ਸਥਾਨਕ ਸ੍ਰੀ ਰਾਮ ਮੰਦਿਰ ਵਿਖੇ ਪਾਏ ਗਏ। ਇਸ ਮੌਕੇ ਡੇਰਾਬੱਸੀ ਦੀਆਂ ਵੱਖ-ਵੱਖ ਸਮਾਜ ਸੇਵੀ, ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਪ੍ਰਸ਼ੋਤਮ ਕੁਮਾਰ ਸ਼ਰਮਾ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਨਰੇਸ਼ ਉਪਨੇਜਾ, ਭਾਜਪਾ ਆਗੂ ਪਵਨ ਕੁਮਾਰ ਧੀਮਾਨ, ਸਮਾਜ ਸੇਵੀ ਸੁਨੀਲ ਕੁਮਾਰ ਸੈਣੀ, ਬਲਬੀਰ ਸਿੰਘ ਧਨੌਨੀ, ਡਾ. ਬਰਖਾ ਰਾਮ ਡੇਰਾਬੱਸੀ, ਉਪੇਸ਼ ਕੁਮਾਰ ਬੰਸਲ ਸਮੇਤ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



