ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਫਾਰ ਵੀਮੈਨ ਕਪੂਰਥਲਾ ਦੇ ਵਿਦਿਆਰਥੀਆਂ ਦੇ ਸਨਮੁਖ
ਕਪੂਰਥਲਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਦੂਰ ਦੁਰਾਡੇ ਬੈਠੇ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਲਈ ਰੁੱਚੀ ਪੈਦਾ ਕਰਨ ਅਤੇ ਪਹਿਲਾਂ ਹੀ ਮਾਂ ਬੋਲੀ ਦੀ ਚੜ੍ਹਤ ਲਈ ਜੂਝ ਰਹੇ ਵਿਦਿਆਰਥੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ, ਤਜਰਬੇ ਦੇ ਤੌਰ ਤੇ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਕਨੇਡਾ ਵੱਲੋਂ ‘ਨਕਲੀ ਬੁੱਧੀਮਤਾ ਦਾ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪ੍ਰਭਾਵ -Effect of AI on the development of Punjabi language)’ ਵਿਸ਼ੇ ਤੇ ਪੋਸਟਰ ਬਣਾਉਣ ਅਤੇ ਨਿਬੰਧ ਲਿਖਣ ਲਈ ਇੱਕ ਆਨਲਾਈਨ ਮੁਕਾਬਲਾ ਕਰਵਾਇਆ ਗਿਆ। ਆਸ ਤੋਂ ਕਿਤੇ ਵੱਧ, ਇਸ ਨਿਵੇਕਲੇ ਅਤੇ ਔਖੇ ਵਿਸ਼ੇ ਤੇ 28 ਵਿਦਿਆਰਥੀਆਂ ਨੇ ਨਿਬੰਧ ਲਿਖੇ ਅਤੇ ਪੋਸਟਰ ਬਣਾਏ। ਭਾਈਚਾਰੇ ਦੀ ਟੀਮ ਦਾ ਇਸ ਗੱਲ ਨੇ ਬਹੁਤ ਉਤਸ਼ਾਹ ਵਧਾਇਆ ਕਿ ਪੰਜਾਬ ਦੇ ( ਅਬੋਹਰ, ਬਰਨਾਲਾ, ਫਾਜ਼ਿਲਕਾ, ਫਿਰੋਜ਼ਪੁਰ) ਨਾਲ ਨਾਲ ਹਰਿਆਣਾ ਦੇ (ਯਮੁਨਾ ਨਗਰ) ਅਤੇ ਹਿਮਾਚਲ ਪ੍ਰਦੇਸ਼ ਦੇ (ਮੰਡੀ) ਵਿਦਿਆਰਥੀਆਂ ਨੇ ਵੀ ਇਸ ਮੁਕਾਬਲੇ ਵਿੱਚ ਹਾਜ਼ਰੀ ਲਗਵਾਈ। ਮੁਕਾਬਲੇ ਵਿੱਚ ਸਕੂਲਾਂ, ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਉਤਸ਼ਾਹ ਦਿਖਾਇਆ ਅਤੇ ਆਈ.ਆਈ.ਟੀ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਵੀ ਹਿੱਸਾ ਪਾਇਆ। ਇਹ ਹੈਰਾਨੀ ਵਾਲੀ ਗੱਲ ਹੈ ਕਿ 28 ਵਿੱਚੋਂ 27 ਲੜਕੀਆਂ ਹਨ। ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਕਪੂਰਥਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਦੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੇ ਸਹਿਯੋਗ ਨਾਲ ਇਹਨਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਦੋਹਾਂ ਕਾਲਜਾਂ ਦੇ 10-10 ਵਿਦਿਆਰਥੀਆਂ ਨੇ ਪੋਸਟਰ ਬਣਾਏ ਅਤੇ ਨਿਬੰਧ ਲਿਖੇ। ਕੁੱਝ ਵਿਦਿਆਰਥੀਆਂ ਨੇ ਦੋਹਾਂ ਮੁਕਾਬਲਿਆਂ ਵਿਚ ਹਿੱਸਾ ਲਿਆ। ਕਿਉਂਕਿ ਇਸ ਮੁਕਾਬਲੇ ਵਿੱਚ ਯੋਗਦਾਨ ਪਾਉਣ ਲਈ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਫਾਰ ਵੀਮੈਨ ਕਪੂਰਥਲਾ ਦੇ ਦਸ ਵਿਦਿਆਰਥੀਆਂ (ਨਿਬੰਧ ਲਈ: ਪ੍ਰਭਨੂਰ ਕੌਰ, ਜਸਮੀਤ ਕੌਰ, ਸਿਮਰਨਜੀਤ ਕੌਰ, ਅਰਸ਼ਦੀਪ ਕੌਰ, ਪ੍ਰੀਆ, ਅਮਨਦੀਪ ਕੌਰ ਅਤੇ ਸੁਮਨਪ੍ਰੀਤ ਕੌਰ ,ਅਤੇ ਪੋਸਟਰ ਲਈ: ਜਸਮੀਤ ਕੌਰ, ਕਿਰਨਜੀਤ ਕੌਰ, ਵਰਨਜੀਤ ਕੌਰ ਅਤੇ ਅਵਨੀਤ ਕੌਰ ਵਿਦਿਆਰਥੀਆਂ) ਨੂੰ, (ਪ੍ਰਮਾਣ ਪੱਤਰਾਂ, ਮੈਡਲਾਂ ਅਤੇ ਪੁਸਤਕਾਂ ਨਾਲ) ਸਨਮਾਨਿਤ ਕੀਤਾ ਜਾਣਾ ਸੀ ਇਸ ਲਈ ਭਾਈਚਾਰੇ ਦੀ ਟੀਮ ਵੱਲੋਂ ਫੈਸਲਾ ਕੀਤਾ ਗਿਆ ਕਿ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਮਿਲ ਕੇ, ਆਪਣੇ ਹੱਥੀਂ ਸਨਮਾਨਿਤ ਕੀਤਾ ਜਾਵੇ। ਇਹੋ ਇੱਛਾ, ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਾਲੀ, ਪੰਜਾਬੀ ਵਿਭਾਗ ਦੀ ਸੁਘੜ ਅਧਿਆਪਕਾ ਪ੍ਰੋ ਸਪਨਾ ਸੈਣੀ ਅਤੇ ਪ੍ਰਿੰਸੀਪਲ ਮਨਜੀਤ ਕੌਰ ਦੀ ਵੀ ਸੀ। ਜਿਕਰ ਯੋਗ ਹੈ ਕਿ ਜਸਮੀਤ ਕੌਰ ਨੇ ਦੋਵੇਂ ਮੁਕਾਬਲਿਆਂ ਵਿੱਚ ਹਿੱਸਾ ਲਿਆ। 5 ਮਈ 2025 ਨੂੰ ਭਾਈਚਾਰੇ ਦੀ ਟੀਮ ਦੇ ਚਾਰ ਮੈਂਬਰਾਂ (ਮਿੱਤਰ ਸੈਨ ਮੀਤ, ਨਿਰਮਲ ਸਿੰਘ ਔਟਵਾ, ਦਵਿੰਦਰ ਸਿੰਘ ਸੇਖਾ ਅਤੇ ਮੇਜਰ ਸਿੰਘ ਛੀਨਾ) ਨੇ ਕਾਲਜ ਜਾ ਕੇ ਮਾਂ ਬੋਲੀ ਪੰਜਾਬੀ ਦੇ ਵਿਕਾਸ ਅਤੇ ਪ੍ਰਸਾਰ ਲਈ ਯਤਨਸ਼ੀਲ ਵਿਦਿਆਰਥੀਆਂ ਦੇ ਨਾਲ ਨਾਲ ਪ੍ਰੋ ਸਪਨਾ ਸੈਣੀ ਅਤੇ ਪ੍ਰਿੰਸੀਪਲ ਮਨਜੀਤ ਕੌਰ ਦਾ ਵੀ ਸਤਿਕਾਰ ਕੀਤਾ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



