ਬੁੱਧ ਵਿਵੇਕ

 *ਚੌਕੀਦਾਰਾ ਲੈ ਮਿੱਤਰਾ ਤੇਰੇ ਲੱਗਦੇ ਨੇ ਬੋਲ ਪਿਆਰੇ !*
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਹੁਣ ਅਸੀਂ ਜਿਸ ਦੌਰ ਵਿੱਚੋਂ ਗੁਜ਼ਰ ਰਹੇ ਹਾਂ, ਇਸ ਸਮੇਂ ਅਸੀਂ ਗੂੰਗੇ, ਬੋਲੇ ਤੇ ਅੰਨ੍ਹੇ ਬਣ ਕੇ ਰਹਿ ਗਏ ਹਾਂ। ਅੱਖਾਂ ਦੇ ਸਭ ਕੁੱਝ ਹੁੰਦਾ ਦੇਖੀ ਜਾ ਰਹੇ ਹਾਂ, ਪਰ ਬੋਲਦੇ ਨਹੀਂ। ਸਾਡੀ ਜੀਭ ਕਿਉਂ ਠਾਕੀ ਗਈ ? ਇਸ ਬੀਮਾਰੀ ਦਾ ਸਾਨੂੰ ਕੋਈ ਪਤਾ ਨਹੀਂ, ਕਦੋਂ ਲੱਗ ਗਈ ਹੈ। ਅਸੀਂ ਬਹਾਦਰਾਂ ਦੇ ਵਾਰਿਸ ਹੁਣ ਫੁਕਰਿਆਂ ਦੇ ਵਿੱਚ ਕਿਵੇਂ ਬਦਲ ਗਏ ? ਅਸੀਂ ਆਪਣਿਆਂ ਦੀਆਂ ਜੜ੍ਹਾਂ ਕਿਉਂ ਵੱਢਣ ਲੱਗ ਪਏ ਤੇ ਦੁਸ਼ਮਣ ਸਾਹਮਣੇ ਚੱਡਿਆਂ ਵਿੱਚ ਪੂੰਛਾਂ ਲੈਣ ਕੇ ਉਹਨਾਂ ਦੇ ਖੁਰ ਚੱਟਣ ਲੱਗ ਪਏ। ਮਿੱਤਰੋ ! ਜਦੋਂ ਦੇ ਅਸੀਂ ਚੌਕੀਦਾਰ ਬਣੇ ਆਂ, ਓਦੋਂ ਦੇ ਮਿੱਤਰਾਂ ਦੇ ਬੋਲ ਪਿਆਰੇ ਹੀ ਨਹੀਂ ਲਗਦੇ, ਸਗੋਂ ‘ਮਿੱਠਾ ਸ਼ਰਬਤ ਵਰਗਾ ਪਾਣੀ’ ਬਣ ਗਏ ਹਨ। ਉਸ ਵੇਲ਼ੇ ਤੋਂ ਅਸੀਂ ਸਿਆਸੀ ਆਗੂਆਂ ਤੇ ਪੁਲਿਸ ਵਾਂਙੂੰ ‘ਨੋਟ ਅਤੇ ਮਾਲ’  ਦੇ ਢੇਰ ਤਾਂ ਨਹੀਂ ਲਗਾਏ, ਸਗੋਂ ਆਪਣੇ ਆਲ਼ੇ ਦੁਆਲ਼ੇ ਬਦਨਾਮੀ ਦੇ ‘ਵੱਟਿਆਂ’ ਦਾ ‘ਬੋਹਲ਼’ ਜ਼ਰੂਰ ਬਣਾ ਲਿਆ ਹੈ। ਆਪਣੇ ਚਾਰੇ ਪਾਸੇ ਮਿੱਤਰਾਂ ਦੀ ਨਹੀਂ, ਦੁਸ਼ਮਣਾਂ ਦੀ ਭੀੜ ‘ਕੱਠੀ ਕਰ ਲਈ ਹੈ। ਹੁਣ ਹਰ ਵੇਲ਼ੇ ਇਹੀ ਡਰ ਬਣਿਆ ਰਹਿੰਦਾ ਹੈ ਕਿਤੇ ਪੀੜ ਨਾ ਸ਼ੁਰੂ ਹੋ ਜਾਵੇ। ਜਦੋਂ ‘ਪੁਰੇ ਦੀ ਵਾਅ’ ਚੱਲੀ ਤਾਂ ਹੱਡਾਂ ‘ਚ ਕਿਤੇ ਵਾਈ ਬਾਦੀ ਦੀ ਪੀੜ ਈ ਨਾ ਸ਼ੁਰੂ ਹੋ ਜਾਵੇ। ਲੇਖਕ ਭਾਈਚਾਰੇ ਨੂੰ ਇਹ ਝੋਰਾ ਵੱਢ-ਵੱਢ ਖਾਈ ਜਾਂਦਾ ਹੈ ਕਿ ਇਹ ਦਾਦੇ ਮਗ੍ਹਾਉਣਾ ‘ਬੁੱਕਲ਼’ ‘ਚ ਬੈਠ ਕੇ ਸਾਡੀ ਦਾਹੜੀ ਪੁੱਟੀ ਜਾਂਦਾ ਹੈ।  ਮਿੱਤਰੋ, ਕਰੀਏ ਕੀ ? ਜਦੋਂ ਆਪਣੇ ਹੀ ਪਰਾਏ ਹੋ ਜਾਣ ਤਾਂ ਫਿਰ ਤੇਹ ਮੋਹ ਦੀ ਭੁੱਖ ਦਾ ਮਾਰਿਆ ਬੰਦਾ ਕੀ ਕੀ ਨਹੀਂ ਕਰਦਾ ? ਉਹ ਜਿਉਂਦੇ ਰਹਿਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ। ਹੁਣ ਸਾਨੂੰ ਥੁੱਕ ਨਾਲ਼ ਵੜੇ ਪਕਾਉਣੇ ਤਾਂ ਆਉਂਦੇ ਨਹੀਂ। ਅਸੀਂ ਤਾਂ ‘ਨੰਗੇ ਧੜ’ ਲੜ ਰਹੇ ਹਾਂ, ਤੇ ਨਿੱਤ ‘ਭੁੱਖ-ਨੰਗ’ ਨਾਲ਼ ਘੁਲ਼ ਰਹੇ ਹਾਂ। ਹੁਣ ਤੁਸੀਂ ਆਖੋਗੇ ਕਿ ਇਹ ਕੀ ‘ਨਘੋਚਾਂ’ ਜਿਹੀਆਂ ਕੱਢੀ ਜਾਂਦਾ ਐ? ਵਿਚਲੀ ਗੱਲ ਨਹੀਂ ਦੱਸਦਾ ਜਿਵੇਂ ਮਰਾਸੀ ਦੱਸਦੇ ਹੁੰਦੇ ਹਨ, ਬੰਦੇ ਦਾ ਕੁਰਸੀਨਾਮਾ! ਇਹਦਾ ਪਿਉ ਦਾ ਪਿਉ ਤੇ ਹੋਰ ਬਗੈਰਾ ਬਗੈਰਾ। ਮਿੱਤਰੋ ! ਅਸਲ ਗੱਲ ਇਹ ਹੈ ਕਿ ਆਪਾਂ ਕੁੱਕੜੀ ਵਾਂਙੂੰ ਨਿੱਤ ਆਂਡਾ ਨਹੀਂ ਦੇਂਦੇ, ਨਾ ਹੀ ਕਦੇ ਆਪਣੀ ‘ਜਿੱਤ ਦੇ ਝੰਡੇ ਗੱਡੇ’ ਹਨ। ਪਰ ਜਦੋਂ ਆਲੇ਼-ਦੁਆਲੇ਼ ਚੋਰੀ ਕੀਤੇ ਸ਼ਬਦਾਂ ਦੀਆਂ ਉਲ਼ਟੀਆਂ ਦਾ ਮੁਸ਼ਕ ਸਿਰ ਨੂੰ ਚੜ੍ਹਦਾ ਹੈ ਤਾਂ ਉਸਦੀ ਕਾਟ ਲਈ ਸੁਰਤ ਵਿੱਚ ਸੰਭਾਲ ਕੇ ਰੱਖੇ ਸ਼ਬਦ ਬਾਣ ਚਲਾਉਣੇ ਜ਼ਰੂਰੀ ਹੋ ਜਾਂਦੇ ਹਨ। ਦੁੱਖ ਇਸ ਗੱਲ ਦਾ ਐ ਕਿ ਮੂਹਰੇ ਕੋਈ ਦੁਸ਼ਮਣ ਨਹੀਂ ਸਗੋਂ ਉਹ ਭਰਾ ਹਨ ਜਿਹਨਾਂ ਨਾਲ਼ ਜੰਗ ਲੜਨੀ ਪੈ ਗਈ। ਹੁਣ ਤਾਂ ਹਾਲਾਤ ਵੀ ਮਹਾਂਭਾਰਤ ਦੀ ਜੰਗ ਵਰਗੇ ਹੋਏ ਪਏ ਆ । ਸਾਡੇ ਕੋਲ਼ ਤਾਂ ਮਹਾਨ ਕੋਈ ਪਾਤਰ ਵੀ ਨਹੀਂ ਹੈਗਾ ਜਿਹੜਾ ਆਪਣਿਆਂ ਨੂੰ ਮਾਰਨ ਲਈ ‘ਉਪਦੇਸ਼’ ਦੇ ਸਕਦਾ ਹੋਵੇ। ਹੁਣ ਤੇ ਵਿਭੀਖ਼ਣ ਵੀ ਨਹੀਂ ਹੈਗਾ ਜੋ ਕੋਈ ਗੁੱਝਾ ਭੇਤ ਆ ਕੇ ਦੱਸ ਦੇਵੇ ਤੇ ਨਿੱਤ ਦਾਲ਼ ਰੋਟੀ ਮੰਗਣ ਵਾਲ਼ਿਆਂ ਦਾ ਗਲ਼ਾ ਵੱਢਿਆ ਜਾਵੇ। ਹੁਣ ਇਹ ਹਾਲਾਤ ਮੇਰੇ ‘ਕੱਲੇ ਦੇ ਨਹੀਂ ਸਭ ਦੇ ਹੀ ਬਣ ਗਏ ਹਨ। ਹੁਣ ਇੱਥੇ ਤਾਂ ਲੜਾਈ ਵਿਰੋਧੀਆਂ ਨਾਲ਼ ਲੜਨ ਦੀ ਬਜਾਏ ਬੰਦਾ ਆਪਣੇ ਆਪ ਨਾਲ਼ ਹੀ ਲੜੀ ਜਾ ਰਿਹਾ ਹੈ। ਇਸ ਲੜਾਈ ਵਿੱਚ ਕੋਈ ਹੋਰ ‘ਮਰੇ ਜਾਂ ਨਾ ਮਰੇ’ ਪਰ ਬੰਦਾ ਆਪਣੇ ਆਪ ਨੂੰ ਜਰੂਰ ਮਾਰ ਲੈਂਦਾ ਹੈ। ਨਿੱਤ ਮਰ ਰਿਹਾ, ਕਿਸੇ ਨੂੰ ਕੋਈ ਫਰਕ ਨਹੀਂ ਪਿਆ। ਬੰਦਾ ਕਿਵੇਂ ਮਰਦਾ ਹੈ, ਇਸ ਦੀ ਕਿਧਰੇ ਭਿਣਕ ਵੀ ਨਹੀਂ ਪੈਂਦੀ ਤੇ ਨਾ ਹੀ ਕੰਨੋਂ-ਕੰਨੀਂ ਖ਼ਬਰ ਹੁੰਦੀ ਹੈ। ਕਿੱਧਰੇ ਸੋਗ ਦੇ ਮਤੇ ਵੀ ਨਹੀਂ ਪੈਂਦੇ, ਅਖ਼ਬਾਰਾਂ ਨੂੰ ਬਿਆਨ ਵੀ ਜਾਰੀ ਨਹੀਂ ਹੁੰਦੇ। ਸਮਾਜ ਦੇ ਕਈ ਘੜ੍ਹੰਮ ਚੌਧਰੀ ਸਵੇਰੇ ਉਠ ਕੇ ਪਹਿਲਾਂ ਅਖ਼ਬਾਰਾਂ ਦੀਆਂ ਸੁਰਖੀਆਂ ਪੜ੍ਹਦੇ ਨੇ ਤੇ ਫਿਰ ਫ਼ੈਸਲਾ ਕਰਦੇ ਨੇ ਕਿ ਕਿਹੜਾ ਬਿਆਨ ਜਾਰੀ ਕਰਨਾ ਹੈ। ਇਹ ਕੰਮ ਸਿਆਸੀ ਆਗੂ ਕਰੇ ਤਾਂ ਪਿਆ ਕਰੇ, ਇਹ ਉਸ ਦੀ ਆਪਣੀ ‘ਭੁੱਖ’ ਹੋ ਸਕਦੀ ਹੈ, ਪਰ ਜਦੋਂ ਕੋਈ ‘ਸਾਹਿਤ ਤੇ ਸਮਾਜ ਸੇਵੀ ਸੰਸਥਾ’ ਇਹ ਕਹਿਣ ਲੱਗ ਪਏ ਕਿ “ਘਬਰਾ ਨਾ, ਤੇਰੀ ਮੌਤ ‘ਤੇ ਵੀ ਅਸੀਂ ਮਤਾ ਪਾ ਦਿਆਂਗੇ ਤੇ ਅਖ਼ਬਾਰ ਨੂੰ ਬਿਆਨ ਵੀ ਜਾਰੀ ਕਰ ਦਿਆਂਗੇ।” ਹੱਦ ਹੋ ਗਈ, ਜਿਵੇਂ ਆਪ ਕਦੇ ਮਰਨਾ ਹੀ ਨਹੀਂ ਹੁੰਦਾ । ਬੰਦਾ ਸਰੀਰਕ ਮੌਤ ਤਾਂ ਭਾਂਵੇਂ ਇੱਕ ਵਾਰ ਮਰਦਾ ਹੈ ਪਰ ਮਾਨਸਿਕ ਤੌਰ ਤੇ ਪਲ ਪਲ ਮਰਦਾ ਹੈ। ਘਟਨਾ ਕੋਈ ਵੀ ਹੋਵੇ, ਅੱਜਕੱਲ੍ਹ ਇਹੋ ਕੁਝ ਹੁੰਦਾ ਹੈ। ਸਿਰਫ਼ ਬਿਆਨ ਹੀ ਜਾਰੀ ਹੁੰਦੇ ਹਨ। ਸਥਿਤੀ ਕਾਬੂ ਹੇਠ ਹੈ, ਜਾਂਚ ਕਮਿਸ਼ਨ ਬਣਾ ਦਿੱਤਾ ਹੈ । ਹੁਣ ਤੱਕ ਕਿਸੇ ਕਮਿਸ਼ਨ ਦੀ ਰਿਪੋਰਟ ਲਾਗੂ ਨਹੀ ਹੋਈ ? ਨਹੀਂ ਹੋਈ, ਇਹਨੂੰ ਕਹਿੰਦੇ “ਟਾਲੋ ਨੀਤੀ ਭੁੱਲ ਜਾਓ ਕੀ ਹੈ ਹੋਈ ਬੀਤੀ ।” ਹਕੀਕਤ ਵਿੱਚ ਕੁੱਝ ਵੀ ਨਹੀਂ ਹੁੰਦਾ। ਕਦੋਂ ਤੋਂ ਕਮਿਸ਼ਨ ਤੇ ‘ਸਿੱਟਾਂ’ ਬਣ ਰਹੀਆਂ ਹਨ। ਇਹਨਾਂ ਨੇ ਲੋਕਾਂ ਦੇ ਪੱਲੇ ਕੀ ਪਾਇਆ ਹੈ ? ਦਰਿਆਈ ਪਾਣੀਆਂ ਦੀ ਵੰਡ ਹੋਵੇ, ਬੋਲੀਆਂ ਦੀ ਹੱਦਬੰਦੀ ਹੋਵੇ, ਬੇਅਦਬੀਆਂ ਦਾ ਮਾਮਲਾ, ਬਗੈਰਾ ਬਗੈਰਾ ; ਕਿਸੇ ਵੀ ਕਮਿਸ਼ਨ ਨੇ ਪੰਜਾਬੀਆਂ ਨੂੰ ਇਨਸਾਫ਼ ਨਹੀਂ ਦਿੱਤਾ। ਐਨੀ ਬਦਨਾਮੀ ਖੱਟਣ ਤੋਂ ਬਾਅਦ, ‘ਕਮਿਸ਼ਨ’ ਨੇ ਲਿੰਗ ਬਦਲੀ ਕਰਵਾ ਕੇ ਆਪਣਾ ਨਵਾਂ ਨਾਂ ‘ਸਿੱਟ’ ਰੱਖ ਲਿਆ ਹੈ: ਇਹ ਨਵੀਂ ਨਵੇਲੀ ਸਿੱਟ, ਸਰਕਾਰਾਂ ਦੇ ਬੜੀ ਹੈ ਫਿੱਟ, ਪੱਲੇ ਕਿਸੇ ਦੇ ਕੁਝ ਨਾ ਪਾਉਂਦੀ, ਲੋਕ ਰਹੇ ਨੇ ਪਿੱਟ, ਕੀ ਬਲ਼ਾਅ ਇਹ, ਕਿਸ ਕਿਸ ਦੇ ਨਾਲ਼ ਕਰਦੀ ਇਹ ਗਿਟਮਿਟ, ਚਾਤ੍ਰਿਕ ਵਾਂਙੂੰ ਅਸੀਂ ਤਿਹਾਏ, ਤੱਕਦੇ ਪਏ ਬਿਟ ਬਿਟ, ਪਤਾ ਨਹੀਂ ਕਦ ਮਿਲ਼ੂ ਪੀਣ ਨੂੰ ‘ਸਵਾਤਿ ਨਛੱਤਰ’ ਦੀ ਛਿੱਟ ?
ਜਦੋਂ ਸਾਰੇ ਹੀ ‘ਬਾਪੂ ਕੇ ਤੀਨ ਬੰਦਰ’ ਬਣ ਜਾਣ, ਅੱਖਾਂ, ਕੰਨ ਤੇ ਮੂੰਹ ਬੰਦ ਕਰ ਲੈਣ… ਸਰ੍ਹਾਣੇ ਹੇਠ ਬਾਂਹ ਦੇ ਕੇ ਸੌਂ ਜਾਣ ਤਾਂ ਕਿਸੇ ਨੂੰ ਤਾਂ ਬੋਲਣਾ ਈ ਪਉ, ਤੇ ਕਿਸੇ ਨੂੰ ਤਾਂ ਲਿਖਣਾ ਈ ਪਊ ? ਕਈਆਂ ਨੂੰ ਇਹ ਭਰਮ ਹੈ ਕਿ ਅਸੀਂ ‘ਚੌਧਰੀ’ ਹਾਂ ਤੇ ਸਾਡੀ ਚੌਧਰ ਦਾ ‘ਤੁਰ੍ਹਲਾ’ ਸਭ ਤੋਂ ਉੱਚਾ ਹੈ। ਉਹ ਹਰ ਥਾਂ ਚੌਧਰ ਘੋਟਦੇ ਹਨ, ਆਪਣੇ ਪ੍ਰਵਚਨ ਸੁਣਾਉਂਦੇ ਹਨ ਤੇ ਕੁਰਸੀ ਦੁਆਲ਼ੇ ਪੂਛ ਫੇਰਦੇ ਹਨ… ਕੁਰਸੀ ਨੂੰ ਜੀਭ ਨਾਲ਼ ਰਗੜ ਕੇ ਸਾਫ਼ ਕਰਦੇ ਹਨ ਤੇ ਮਾਇਆ ਨਾਲ਼ ਝੋਲੀ਼ ਭਰਦੇ ਹਨ। ਕਈ ਵਾਰ ਭਰਮ ਵਿੱਚ ਜਾਂ ਸ਼ਰਮ ਵਿੱਚ ਮੀਸਣਾ ਹਾਸਾ ਹਸਦੇ ਹਨ । ਉਹਨਾਂ ਦੀਆਂ ਝੱਲ ਵਲੱਲੀਆਂ ਦਾ ਪਤਾ ਨੀ ਲੱਗਦੈ ਕਿ ਹੋ ਕੀ ਰਿਹਾ..? ਉਹ ਆਪਣਿਆਂ ਨੂੰ ਹੀ ਨਹੀਂ ਸਗੋਂ ਬੇਗਾਨਿਆਂ ਨੂੰ ਵੀ ਅਜਿਹੇ ਹੁਕਮ ਜਾਰੀ ਕਰਨ ਲਗਦੇ ਹਨ ਕਿ ਸੁਣਨ ਵਾਲ਼ੇ ਨੂੰ ਸਮਝ ਹੀ ਨਹੀਂ ਪੈਂਦੀ ਕਿ ਇਹ ‘ਸੱਜਣ ਪੁਰਸ਼’ ਕਹਿ ਕੀ ਰਹੇ ਹਨ ? ਬਹੁਤਿਆਂ ਨੇ ਲਿਖਣਾ ਸ਼ੁਗਲ ਬਣਾ ਲਿਆ ਹੈ। ਉਹਨਾਂ ਉਵੇਂ ਹੀ ਸ਼ੌਕ ਪਾਲ਼ ਲਿਆ ਹੈ ਜਿਵੇਂ ਕਬੂਤਰ ਪਾਲ਼ੀ ਦੇ ਹਨ। ਹੁਣ ਉਹ ਕਿਸੇ ਸ਼ਰਾਬੀ ਵਾਂਙੂੰ ਕਿਤਾਬਾਂ ਦੀਆਂ ‘ਉਲ਼ਟੀਆਂ’ ਕਰਨ ਲੱਗ ਪਏ ਹਨ। ਉਨਾਂ ਦੀਆਂ ਕਿਤਾਬਾਂ ਕਿਸ ਦੀ ‘ਜੇਬ੍ਹ’ ਭਾਰੀ ਕਰਦੀਆਂ ਹਨ? ਇਹ ਤਾਂ ਓਹੀਓ ਜਾਣਦੇ ਹਨ, ਜਿਹੜੇ ਕਿਤਾਬਾਂ ਛਾਪਦੇ ਹਨ। ਜਿਵੇਂ ਜਿਵੇਂ ਸਮਾਜ ਵਿੱਚ ਇਹਨਾਂ ‘ਉਗਲੱਛਣਿਆਂ’ ਦਾ ਵਾਧਾ ਹੋਇਆ ਹੈ, ਆਲੇ਼ ਦੁਆਲੇ਼ ਦੇ ਪੌਣ ਪਾਣੀ ਦੀ ਗਲਾਜ਼ਤ ਵੀ ਲਗਾਤਾਰ ਵਧਦੀ ਗਈ  ਹੈ। ਜਦੋਂ ਕੋਈ ਇਹੋ ਜਿਹੀਆਂ ‘ਉਲ਼ਟਬਾਜੀਂਆਂ’ ਤੇ ਪੋਚਾ ਫੇਰ ਕੇ ‘ਉਗਲੱਛਣਿਆਂ’ ਨੂੰ ‘ਵੱਡਾ’ ਬਣਾਕੇ ਪੇਸ਼ ਕਰਨ ਲੱਗ ਪਵੇ ਤਾਂ ਸਮਝ ਨਹੀਂ ਆਉਂਦੀ ਕਿ ਅਸੀਂ ਕਿਹੜੇ ਸਮਿਆਂ ‘ਚ, ਕਿਹੜੇ ਕਵੀਆਂ ਦੇ ਘੇਰੇ ਵਿੱਚ ਫਸੇ ਬੈਠੇ ਹਾਂ। ਸ਼ਬਦਾਂ ਦੀ ਜੁਗਾਲ਼ੀ ਕਰਦਿਆਂ ਤੇ ਅਲੋਕਾਰੀ ਸਾਖੀਆਂ ਸੁਣਦਿਆਂ ਹੁਣ ਡਰ ਜਿਹਾ ਲੱਗਣ ਲੱਗ ਪਿਆ ਹੈ ਕਿ ਅਸੀਂ ਕਿਸ ਨੂੰ ਆਖੀਏ ਕਿ ‘ਰਾਣੀਏ ਅੱਗਾ ਢੱਕ’। ਹੁਣ ਤਾਂ ਚਿੱਟੀਆਂ ਮੁੱਛਾਂ ਵਾਲ਼ੇ ‘ਰਾਣੀਆਂ’ ਨੂੰ ‘ਰਾਣੀਹਾਰ’ ਪਾਉਣ ਲਈ ਪੱਬਾਂ ਭਾਰ ਹੋਏ ਆਪਣੇ ਕਾਰੋਬਾਰ ਹੀ ਬੰਦ ਕਰੀ ਜਾ ਰਹੇ ਹਨ। ਇਹਨਾਂ ‘ਪਾਨ ਦੀਆਂ ਬੇਗ਼ਮਾਂ’ ਨੂੰ ਥਾਂ ਥਾਂ ਹੁੰਦੇ ਸ਼ਬਦਾਂ ਦੇ ਮੁਜ਼ਰਿਆਂ ਵਿੱਚ ‘ਮਲਿਕਾ ਏ ਅਲਫ਼ਾਜ਼’ ਦਾ ਖਿਤਾਬ ਦਿਵਾਉਣ ਲਈ ਜੁਗਾੜਬੰਦੀ ਕਰਦੇ ਹਨ। ਜੇ ਅਗਾਂਹ ਦਾਲ਼ ਨਾ ਗਲ਼ੇ ਤਾਂ ਪੱਲਿਓਂ ਮਾਇਆ ਵੀ ਭੇਟ ਕਰੀ ਜਾ ਰਹੇ ਹਨ। ਇਹਨਾਂ ‘ਚਿੱਟੀਆਂ ਮੁੱਛਾਂ’ ਵਾਲ਼ਿਆਂ ਨੇ ਸਾਹਿਤ ਦੀ ਬੜੀ ਸੇਵਾ ਕੀਤੀ ਹੈ। ਇਹ ਅਸਮਾਨੀਂ ਚੜ੍ਹੀ ਇੱਲ ਵਾਂਙੂੰ ਹਰ ਵੇਲ਼ੇ ‘ਕੱਚੇ ਮਾਸ’ ‘ਤੇ ਨਿਗਾਹ ਰੱਖਦੇ ਹਨ। ਜਦੋਂ ਕਦੇ ਅਸੀਂ ਇਹਨਾਂ ‘ਚਿੱਟੀਆਂ’ ਮੁੱਛਾਂ ਦਾਹੜੀਆਂ ਵਾਲ਼ਿਆਂ ਦੇ ਕੁਰਸੀਨਾਮੇ ਵੇਖਦੇ ਹਾਂ ਤਾਂ ਜਾ ਕੇ ਕਿਤੇ ਸਮਝ ਆਉਂਦੀ ਹੈ ਕਿ ‘ਜੇਹੇ ਕੁੱਜੇ ਤੇਹੇ ਆਲ਼ੇ’ ਹਨ। ਉਹ ਆਪਣੇ ਆਲ਼ੇ ਦੁਆਲ਼ੇ ਜਿਹੜੇ ‘ਗੜਵਈਆਂ’ ਦੀ ਭੀੜ ਲਾਈ ਬੈਠੇ ਹਨ, ਜਦੋਂ ਉਹ ਪ੍ਰਵਚਨ ਕਰਦੇ ਹਨ ਕਿ “ਸਾਡੇ ਚੌਗਿਰਦੇ ਸਮਾਜ ਵਿੱਚ ਪ੍ਰਦੂਸ਼ਣ ਵਧਾਉਣ ਵਾਲ਼ੀਆਂ ਸ਼ਕਤੀਆਂ ਪੈਦਾ ਹੋ ਗਈਆਂ ਹਨ, ਜਿਹੜੀਆਂ ਸਮਾਜ ਨੂੰ ਗਧਿਆਂ ਵਾਂਙੂੰ ਚਰੀ ਜਾ ਰਹੀਆਂ ਹਨ” ਤਾਂ ਹਾਸਾ ਆਉਂਦਾ ਹੈ। ਇਹ ਹਾਸਾ ਰੋਣੇ ਵਰਗਾ ਹੁੰਦਾ ਹੈ ਪਰ ਇਸ ਰੋਣੇ ਨੂੰ ਕੋਈ ਸੁਣਦਾ ਨਹੀਂ । ਸਗੋਂ ਹਰ ਕਿਸੇ ਨੇ ‘ਟਿੰਡ ਵਿੱਚ ਕਾਨਾ’ ਪਾਇਆ ਹੋਇਆ ਹੈ ਤੇ ਆਪੋ-ਆਪਣਾ ਰਾਗ ਅਲਾਪ ਰਿਹਾ ਹੈ। ਇਹ ਰਾਗ ਕਿਹੜਾ ਹੈ? ਇਸ ਦੀ ਨਾ ਤਾਂ ਉਹਨਾਂ ਨੂੰ ਖੁਦ ਸਮਝ ਹੈ ਤੇ ਨਾ ਹੀ ਸੁਣਨ ਵਾਲਿਆਂ ਨੂੰ ਸਮਝ ਆਉਂਦੀ ਹੈ। ਸਮਾਜ ਵਿੱਚ ਵਧ੍ਹ ਰਹੇ ਸ਼ੋਰ ਕਰਕੇ ‘ਮੁਰਾਰੀ ਲਾਲ’ ਆਪਣੀ ਚੁੱਪ ਦੀ ਗੁਫ਼ਾ ਵਿੱਚ ਬੈਠਾ ਆਖੀ ਜਾ ਰਿਹਾ ਹੈ, ‘ਭਾਊ ਤੈਂ ਕੀ ਲੈਣਾ ਐ’ ! ਢਕੀ ਰਿੱਝਣ ਦੇ। ਪਰ ਚੌਕੀਦਾਰ ਕੀ ਕਹੇ ? ‘ਜਾਗਦੇ ਰਹੋ, ਜਾਗਦੇ ਰਹੋ’ ਜਾਂ ‘ਚੋਰੋ ਆ ਜਾਓ, ਘਰਾਂ ਵਾਲ਼ਿਓ ਸੌਂ ਜਾਓ’ ? ਜਦੋਂ ‘ਅੰਨ੍ਹੀ ਪੀਹਵੇ ਤੇ ਕੁੱਤਾ ਚੱਟੇ,  ਕੁੱਤਾ  ਰਾਜ ਬਹਾਲੀਐ ਮੁੜ ਚੱਕੀ ਚੱਟੇ ! ਫਿਰ ਤਾਂ ਏਹੀ ਕਹਿਣ ਦੀ ਲੋੜ ਹੈ: ਚੌਕੀਦਾਰਾ ਲੈ ਮਿੱਤਰਾ, ਤੇਰੇ ਲੱਗਦੇ ਨੇ ਬੋਲ ਪਿਆਰੇ । ਅੱਜਕੱਲ੍ਹ ਮਿੱਤਰ ਵੀ ਮੌਸਮ ਵਾਂਗੂੰ ਬਦਲ ਰਹੇ ਨੇ ; ਕੱਚੀ ਟੁੱਟਗੀ ਜੀਹਨਾ ਦੀ ਯਾਰੀ ; ਹੁਣ ਤਾਂ ਕੱਚੀ ਯਾਰੀ ਲੱਡੂਆਂ ਦੀ ਬਣ ਗਈ ਹੈ । ਹੁਣ ਬੇਭਰੋਸਗੀ ਵੱਧ ਰਹੀ ਮਹਿੰਗਾਈ ਵਾਂਗੂੰ ; ਮੋਹ ਪਿਆਰ, ਜੀਡੀ ਪੀ ਤੇ ਭਾਰਤੀ ਕਰੰਸੀ ਵਾਂਗੂੰ ਦਿਨੋਂ ਦਿਨ ਡਿੱਗ ਰਿਹਾ ਹੈ ;  ਝੂਠ, ਫਰੇਬ ਤੇ ਲੁੱਟਮਾਰ ਡਾਲਰ ਵਾਂਗੂੰ ਮਜ਼ਬੂਤ ਹੋ ਰਹੀ ਹੈ । ਹੁਣ ਜਲਦੀ ਸਭ ਭਾਰਤੀ ਬਰਾਬਰ ਹੋ ਜਾਣਗੇ ; ਸਾਰੀਆਂ  ਸਿਆਸੀ ਪਾਰਟੀਆਂ ਇਕੋ ਹੀ ਵਰਦੀ ਪਾਉਣਗੀਆਂ ; ਤੁਸੀਂ ਸੌੰ ਜਾਵੋ ਚੌਕੀਦਾਰ ਜਾਗ ਰਿਹਾ ਹੈ। ਲੋਕ ਬੋਲੀ ਦੇ ਬੋਲ ਚੇਤੇ ਆਉਂਦੇ ਹਨ, ਚੌਕੀਦਾਰਾ ਲੈ ਮਿੱਤਰਾ ਤੇਰੇ ਲੱਗਦੇ ਨੇ ਬੋਲ ਪਿਆਰੇ। ਉਧਰ ਕਹਾਵਤ ਆਪੇ ਬੋਲਦੀ ਹੈ, ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ, ਜਿਸ ਵਿੱਚ ਛੱਤੀ ਛੇਕ।
…….
ਬੁੱਧ ਸਿੰਘ ਨੀਲੋਂ
ਨੀਲੋਂ ਕਲਾਂ
ਲੁਧਿਆਣਾ।
94643-70823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਘਰ ਕੱਚੇ ਤੇ ਲੋਕ ਸੱਚੇ ਸਨ*
Next articleਕਵਿਤਾਵਾਂ