(ਸਮਾਜ ਵੀਕਲੀ)
ਪੁਸਤਕ: ਯਾਦਾਂ ਦੇ ਪਰਛਾਵੇਂ
ਸੰਪਾਦਿਕਾ: ਡਾ.ਮੀਨੂੰ ਸੁਖਮਨ, ਜਸਪ੍ਰੀਤ ਕੌਰ ਪ੍ਰੀਤ
ਪ੍ਰਕਾਸ਼ਨ:ਜੋ਼ਹਰਾ ਪਬਲੀਕੇਸ਼ਨ ਪਟਿਆਲਾ
ਚਰਚਾ ਅਧੀਨ ਪੁਸਤਕ ਇੱਕ ਕਾਵਿ-ਸੰਗ੍ਰਹਿ ਹੈ।ਡਾ ਮੀਨੂੰ ‘ਸੁਖਮਨ’ ਅਤੇ ਜਸਪ੍ਰੀਤ ਕੌਰ ਪ੍ਰੀਤ ਦੋਵਾਂ ਨੇ ਇੱਕ ਸਾਂਝਾ ਉਪਰਾਲਾ ਕਰਕੇ ਸੱਠ ਦੇ ਕਰੀਬ ਨਵੇਂ ਪੁਰਾਣੇ ਸ਼ਾਇਰਾਂ ਅਤੇ ਕਵੀਆ ਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਇਕੱਠੀਆਂ ਕਰਕੇ ‘ਯਾਦਾਂ ਦੇ ਪਰਛਾਵੇਂ’ ਵਿੱਚ ਅੰਕਿਤ ਕਰਕੇ ਪ੍ਰਸ਼ੰਸਾਯੋਗ ਕਾਰਜ ਕੀਤਾ ਹੈ।’ਯਾਦਾਂ ਦੇ ਪਰਛਾਵੇਂ’ ਜਾਂ ਅਸੀਂ ਅਤੀਤ ਦੇ ਪਰਛਾਵੇਂ ਕਹਿ ਲਈਏ ਦੋਵੇਂ ਹੀ ਦਿਲ ਨੂੰ ਟੀਸ ਦਿੰਦੇ ਹਨ।ਇੱਕ ਮਾਂ ਆਪਣੀ ਹੋਣਹਾਰ ਧੀ ਦੀ ਹਾਮੀ ਭਰਦੀ ਹੈ,ਕਿ ਅਰਪਿਤਾ ਸਿੰਘ ਸੱਚ- ਮੁੱਚ ਰੂਹਾਨੀਅਤ ਨਾਲ ਭਰੀ ਰੂਹ ਸੀ।
ਜਿਸਨੇ ਸਿਰਫ਼ ਸੱਤ ਅੱਠ ਸਾਲਾਂ ਦੇ ਛੋਟੇ ਅਰਸੇ਼ ਵਿੱਚ ਧਰਤ ਤੇ ਆਈ ਤੇ ਕੌਤਕ ਵਰਤਾ ਕੇ ਚਲੀ ਗਈ।ਡਾ.ਮੀਨੂੰ ‘ਸੁਖਮਨ’ ਜਿਸ ਅਸਹਿ ਦਰਦ ਨਾਲ ਆਪਣੀ ਮਰਹੂਮ ਧੀ ਅਰਪਿਤਾ ਸਿੰਘ ਨੂੰ ਯਾਦ ਕਰਦੀ ਹੈ,ਇਹ ਮੰਜ਼ਰ ਵੇਖ ਦਿਆ ਦਿਲ ਬਜ਼ਤ ਹੋ ਜਾਂਦਾ ਹੈ। ਗ਼ਜ਼ਲਾਂ, ਕਵਿਤਾਵਾਂ ਜੋ ਇਸ ਪੁਸਤਕ ਵਿੱਚ ਦਰਜ ਨੇ ਉਹ ਸਾਰੀਆਂ ਅਰਪਿਤਾ ਸਿੰਘ ਦੇ ਛੋਟੇ ਪਰ ਮਹਾਨ ਜੀਵਨ ਨਾਲ ਜੁੜੀਆਂ ਹੋਈਆਂ ਹਨ। ਉਰਦੂ ਗ਼ਜ਼ਲ ਦੇ ਅਦੀਬ ਜਨਾਬ ਸਰਦਾਰ ਪੰਛੀ ਜੀ ਦੀ ਗ਼ਜ਼ਲ ਦਾ ਇੱਕ ਸ਼ੇਅਰ ਵੇਖੋ..
ਯਾਦ ਉਹਦੀ ਭੁੱਲ ਨਾਂ ਜਾਂਵਾ ਕਿਤੇ,ਸੋਚ ਕੇ ਇਹੀ, ਗ਼ਮ ਆਕੇ ਮੈਨੂੰ ਯਾਦ ਕਰਾਉਂਦੇ ਕਦੇ ਕਦੇ।
ਪੰਜਾਬੀ ਗ਼ਜ਼ਲ ਦੇ ਮਰਹੂਮ ਗ਼ਜ਼ਲਗੋ ਜਨਾਬ ਸ੍ਰੀ ਰਾਮ ਅਰਸ਼ ਜੀ ਦੀ ਗ਼ਜ਼ਲ ਦਾ ਸ਼ੇਅਰ ਵੇਖੋ..
ਕੋੲੀ ਸ਼ਕਤੀ ਨਹੀਂ ਮਾਂ ਦੇ ਬਰਾਬਰ ਏਸ ਦੁਨੀਆਂ ਵਿੱਚ,ਉਕਤ ਇੱਕ ਰੱਬ ਹੈ ਜੋ ਮਾਂ ਦੀ ਸੀਰਤ ਧਾਰ ਸਕਦਾ ਹੈ।
ਅਰਪਿਤਾ ਸਿੰਘ ਦੀ ਨੰਨ੍ਹੀ ਜੀਵਨ ਗਾਥਾ ਵੱਡੇ ਸ਼ਾਇਰਾਂ ਨੇ ਅਤੇ ਅਸਲੋਂ ਨਵੇਂ ਕਵੀਆਂ ਨੇ ਇਸ ਪੁਸਤਕ ਵਿੱਚ ਗਾਈ ਹੈ।ਇਸ ਪੁਸਤਕ ਵਿੱਚ ਜੋ ਮੈਨੂੰ ਘਾਟ ਕੜਕਦੀ ਹੈ,ਉਹ ਗ਼ਜ਼ਲ ਅਤੇ ਕਵਿਤਾਵਾਂ ਦੀ ਤਰਤੀਬ ਰੱਲਗੱਡ ਹੈ। ਮੇਰੇ ਜਾਚੇ ਗ਼ਜ਼ਲ ਅਤੇ ਕਵਿਤਾਵਾਂ ਦੀ ਤਰਤੀਬ ਅਲੱਗ- ਅਲੱਗ ਹੋਣੀ ਚਾਹੀਦੀ ਸੀ। ਚੱਲੋ ਵੱਡੇ ਕਾਰਜ ਵਿੱਚ ਕੁਝ ਘਾਟਾਂ ਰਹਿ ਵੀ ਜਾਂਦੀਆਂ ਹਨ। ਦਰਸ਼ਨ ਸਿੰਘ ਆਸ਼ਟ ਜੋ ਬਾਲ ਸਾਹਿਤ ਨੂੰ ਪਰਨਾਇਆ ਹੋਇਆ ਸਾਹਿਤਕਾਰ ਹੈ, ਉਨ੍ਹਾਂ ਦੀ ਕਵਿਤਾ ਵੇਖੋ..
ਕਿੱਥੇ ਗਈ ਏਂ ਮਾਰ ਉਡਾਰੀ ਨੀ ਚਿੜੀਏ,
ਸੁਣਦੀ ਨਹੀਂ ਤੇਰੀ ਚੀਂ ਚੀਂ ਪਿਆਰੀ ਨੀ ਚਿੜੀਏ।
ਅੰਤ ਵਿੱਚ ਮੈਂ ਡਾ.ਮੀਨੂੰ ‘ਸੁਖਮਨ’ ਅਤੇ ਜਸਪ੍ਰੀਤ ਕੌਰ ਪ੍ਰੀਤ ਨੂੰ ਢੇਰ ਸਾਰੀ ਮੁਬਾਰਕਬਾਦ ਦਿੰਦਾ ਹਾਂ। ਜਿਨ੍ਹਾਂ ਰਲ ਕੇ ਨਿਵੇਕਲਾ ਕਾਰਜ ਕੀਤਾ ਹੈ। ਡਾ ਮੀਨੂੰ ‘ਸੁਖਮਨ’ ਦੀ ਕੁੱਖੋਂ ਜਾਈ ਅਰਪਿਤਾ ਸਿੰਘ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਹੈ। ਸਾਨੂੰ ‘ਯਾਦਾਂ ਦੇ ਪਰਛਾਵੇਂ’ ਪੁਸਤਕ ਦਾ ਪੰਜਾਬੀ ਸਾਹਿਤ ਵਿੱਚ ਨਿੱਘਾ ਸੁਆਗਤ ਕਰਨਾ ਬਣਦਾ ਹੈ। ਪੰਜਾਬੀ ਸਾਹਿਤ ਵਿੱਚ ਪੀੜਾਂ ਅਤੇ ਕਰੁਣਾ ਦਾ ਇੱਕ ਖਾਸ ਮੁਕਾਮ ਹੈ। ਇਸ ਪੁਸਤਕ ਨੂੰ ਜੀ ਆਇਆਂ ਨੂੰ ਆਖਦੇ ਹੋਏ ਇੱਕ ਮਾਂ ਦੀ ਹੂਕ ਸੁਣੀਏ…
ਯਾਦਾਂ ਨਾਂ ਭੁੱਲਦੀਆਂ, ਨਾਂ ਮਿਟਦੀਆਂ
ਸਮੇਂ ਦੇ ਨਾਲ ਹੋ ਜਾਣ ਇਹ ਧੁੰਦਲੀਆਂ।
ਚਿਹਰਾ ਤੇਰਾ ਅੱਜ ਵੀ ਸਾਫ਼ ਦਿਖਦਾ
ਪਰਛਾਵਿਆਂ ਚੋਂ ਦਿਲ ਤੈਨੂੰ ਰਹੇ ਲੱਭਦਾ।
ਤੇਜਿੰਦਰ ਸਿੰਘ ਬਾਜ਼
9872074034
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly