ਪੇਟੀ ਵਾਲੀ ਵਧੀਆ ਚਾਹ ਪੱਤੀ / ਮਿੰਨੀ ਕਹਾਣੀ

ਮਹਿੰਦਰ ਸਿੰਘ ਮਾਨ

         (ਸਮਾਜ ਵੀਕਲੀ)

ਕਰਿਆਨੇ ਦੇ ਸੌਦੇ ਲੈਣ ਲਈ ਜਦੋਂ ਮੈਂ ਲੱਕੀ ਕਰਿਆਨਾ ਸਟੋਰ ਬਲਾਚੌਰ ਪਹੁੰਚਿਆ, ਤਾਂ ਮੈਨੂੰ ਵੇਖ ਕੇ ਸਟੋਰ ਵਾਲਾ ਵੇਦ ਪ੍ਰਕਾਸ਼ ਬੋਲਿਆ,” ਆਉ ਮਾਸਟਰ ਜੀ, ਬੈਠੋ ਬੈਂਚ ਤੇ,
ਦੱਸੋ ਕੀ ਸੇਵਾ ਕਰੀਏ ?”
ਮੈਂ ਆਪਣੀ ਜੇਬ ਵਿੱਚੋਂ ਲੋੜੀਂਦੇ ਸੌਦਿਆਂ ਦੀ ਲਿਸਟ ਕੱਢ ਕੇ ਵੇਦ ਪ੍ਰਕਾਸ਼ ਦੇ ਹੱਥ ਫੜਾ ਦਿੱਤੀ ਅਤੇ ਆਪ ਬੈਂਚ ਤੇ ਬੈਠ ਗਿਆ। ਉਸ ਨੇ ਵੀਹ ਕੁ ਮਿੰਟਾਂ ਵਿੱਚ ਲਿਸਟ ਵਿੱਚ ਲਿਖੇ ਸੌਦਿਆਂ ਨੂੰ ਲਿਫਾਫਿਆਂ ਵਿੱਚ ਪਾ ਕੇ ਬਿੱਲ ਬਣਾਉਣਾ ਸ਼ੁਰੂ ਕਰ ਦਿੱਤਾ। ਬਿੱਲ ਬਣਾਉਣ ਅਤੇ ਸਾਰੇ ਸੌਦੇ ਪੈਕ ਕਰਨ ਪਿੱਛੋਂ ਉਸ ਨੇ ਆਖਿਆ,” ਮਾਸਟਰ ਜੀ, ਹੋਰ ਸਾਰੇ ਸੌਦੇ ਤਾਂ ਤੁਸੀਂ ਲੈ ਲਏ, ਪਰ ਐਤਕੀਂ ਚਾਹ ਪੱਤੀ  ਨਹੀਂ ਲਈ। ਸਾਡੇ ਕੋਲ ਪੇਟੀ ਵਾਲੀ ਵਧੀਆ ਚਾਹ ਪੱਤੀ
ਕੱਲ੍ਹ ਹੀ ਆਈ ਆ। ਜੇ ਹੁਕਮ ਹੋਵੇ, ਤਾਂ ਵਿਖਾਵਾਂ?”
ਮੈਂ ਸੋਚਿਆ, ਚਾਹ ਪੱਤੀ ਵੇਖਣ ਵਿੱਚ ਕੀ ਹਰਜ਼ ਆ। ਵੇਖ ਲੈਂਦੇ ਹਾਂ। “ਵਿਖਾ ਦਿਉ ਫਿਰ।” ਮੈਂ ਆਖਿਆ।
ਜਦੋਂ ਵੇਦ ਪ੍ਰਕਾਸ਼ ਨੇ ਪੇਟੀ ਦਾ ਢੱਕਣ ਚੁੱਕਿਆ, ਤਾਂ ਉਸ ਵਿੱਚ ਪਏ ਜੈ ਹਨੂੰਮਾਨ ਚਾਹ ਪੱਤੀ ਦੇ ਦੋ ਖਾਲੀ ਪੈਕਟ ਮੇਰੇ ਨਜ਼ਰੀਂ ਪੈ ਗਏ। ਪਤਾ ਨਹੀਂ ਹੋਰ ਕਿੰਨੇ ਕੁ ਪੈਕਟ ਇਸ ਚਾਹ ਪੱਤੀ ਵਾਲੇ ਉਸ ਨੇ ਪੇਟੀ ਵਿੱਚ ਖੋਲ੍ਹ ਕੇ ਸੁੱਟੇ ਹੋਣਗੇ। ਪੇਟੀ ਵਾਲੀ ਸਾਰੀ ਵਧੀਆ ਚਾਹ ਪੱਤੀ ਇਨ੍ਹਾਂ ਪੈਕਟਾਂ ਦੀ ਹੀ ਸੀ। ਇਹ ਚਾਹ ਪੱਤੀ ਵਾਲੇ ਪੈਕਟ ਉਸ ਦੇ ਵਾਰ, ਵਾਰ ਕਹਿਣ ਤੇ ਵੀ ਮੈਂ ਕਦੇ ਖਰੀਦੇ ਨਹੀਂ ਸਨ। ਇਹ ਵੇਖ ਕੇ ਮੇਰਾ ਦਿਲ ਖੱਟਾ ਹੋ ਗਿਆ। ਮੈਂ ਆਪਣਾ ਵਿਚਾਰ ਇੱਕ ਦਮ ਬਦਲ ਕੇ ਆਖਿਆ,” ਮੇਰੇ ਕੋਲ ਹਾਲੇ ਪਹਿਲੀ ਚਾਹ ਪੱਤੀ ਪਈ ਆ। ਉਹ ਖਤਮ ਹੋਣ ਤੇ ਇਹ ਵਧੀਆ ਚਾਹ ਪੱਤੀ ਲੈ ਜਾਵਾਂਗਾ।”
ਮੈਂ ਸੌਦਿਆਂ ਦਾ ਬਿੱਲ ਦਿੱਤਾ ਤੇ ਪੈਕ ਕੀਤੇ ਸੌਦਿਆਂ ਨੂੰ ਚੁੱਕ ਕੇ ਲੱਕੀ ਕਰਿਆਨਾ ਸਟੋਰ ਤੋਂ ਬਾਹਰ ਆ ਗਿਆ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBiden to get Black voters’ support in 2024 polls ‘only if he ensures protection of innocent Palestinians’
Next articleਨਹੀਂ ਰੁਕਦਾ ਬਈ ਹੈਪੀ ਮਨੀਲਾ, ‘ਕੇਸ-2’ ਨਾਲ ਫਿਰ ਕਰਵਾਈ ਚਰਚਾ