ਪੁਸਤਕ ਬਾਰੇ….

(ਸਮਾਜ ਵੀਕਲੀ) ਡਾ. ਨਵਦੀਪ ਕੌਰ ਇੱਕ ਸੂਖ਼ਮ-ਭਾਵੀ ਸ਼ਾਇਰਾ ਹੋਣ ਦੇ ਨਾਲ਼-ਨਾਲ਼ ਥੀਏਟਰ ਨੂੰ ਪ੍ਰਣਾਈ ਇੱਕ ਨਾਰੀ ਨਾਟਕਕਾਰ ਵੀ ਹੈ ਜਿਸਨੇ ਨਾਟਕ ਦੇ ਖੇਤਰ ਲਈ ਦਸ ਦੇ ਕਰੀਬ ਅਲੋਚਨਾ ਪੁਸਤਕਾਂ ਦਿੱਤੀਆਂ ਹਨ ਜਿਨ੍ਹਾਂ ਵਿੱਚ ਮਨਜੀਤਪਾਲ ਕੌਰ ਦਾ ਨਾਟ-ਜਗਤ, ਨਾਰੀਘਾਟ,ਪੰਜਾਬੀ ਨਾਟਕ ਦਾ ਵਿਕਾਸ ਰੁਖ਼,ਪੰਜਾਬੀ ਇਸਤਰੀ ਨਾਟਕਕਾਰਾਂ ਦੇ ਨਾਟ ਸਰੂਪ ਅਤੇ ਸੰਚਾਰ, ਪੰਜਾਬੀ ਨਾਟਕ ਅਤੇ ਨਾਰੀ ਨਾਟਕਕਾਰ, ਪੰਜਾਬੀ ਇਸਤਰੀ ਨਾਟਕਕਾਰਾਂ ਦੇ ਨਾਟਕ ਸਰੋਕਾਰ, ਪੰਜਾਬੀ ਨਾਟ-ਦ੍ਰਿਸ਼, ਅਵਤਾਰ ਕੌਰ ਜਵੰਦਾ ਦੀ ਨਾਟ-ਚੇਤਨਾ, ਆਬਜੈਕਟ ਥੀਏਟਰ, ਅਤੇ ਡਾ. ਨਵਦੀਪ ਕੌਰ (ਸੰਪਾਦਕ), ਸਮਕਾਲੀ ਪੰਜਾਬੀ ਨਾਟਕ ਪ੍ਰਮੁੱਖ ਸਰੋਕਾਰ ਆਦਿ ਸ਼ਾਮਲ ਹਨ। ਡਾ. ਨਵਦੀਪ ਕੌਰ ਦੀ ਹਥਲੀ ਪਲੇਠੀ ਮੌਲਿਕ ਕਾਵਿ-ਪੁਸਤਕ ‘ਪਥਰਾਟ ‘ਚੋਂ ਗੂੰਜਦੇ ਸੂਹੇ ਬੋਲ’ ਦਾ ਸਿਰਲੇਖ ਪੜ੍ਹਨ ਸਾਰ ਮੈਨੂੰ ਮੰਮਟ ਕਵੀ ਦੇ ‘ਕਾਵਿਯਾ ਪ੍ਰਕਾਸ਼’ ‘ਚ ਲਿਖੇ ਸ਼ਬਦ ਚੇਤੇ ਆ ਗਏ ਜਿਸ ਵਿੱਚ ਉਹਨੇ ਲਿਖਿਆ ਹੈ ਕਿ ‘ ਚੰਗੇ ਕਵੀ ‘ਚ ਭਾਵ-ਸ਼ਕਤੀ ਦਾ ਐਨਾ ਪ੍ਰਬਲ ਰੂਪ ਹੁੰਦਾ ਹੈ ਜਿਸ ਨਾਲ਼ ਉਹ ਆਪਣੀ ਇੱਛਾ ਅਨੁਸਾਰ ਬੇਜਾਨ ਵਸਤੂ ਵਿੱਚ ਜਾਨ ਵੀ ਪਾ ਸਕਦਾ ਹੈ।’ ਸੋ ਕਵੀ ਪਲ਼ਕ-ਝਪਕ ਕਵਿਤਾ ਦੇ ਮੰਡਲਾਂ ਵਿੱਚ ਕਿਤੇ ਵੀ ਪਹੁੰਚ ਸਕਦਾ ਹੈ..ਅੰਬਰਾਂ ਤੋਂ ਤਾਰੇ ਤੋੜ ਸਕਦਾ ਹੈ…ਪੱਥਰਾਂ,ਰੁੱਖਾਂ ਆਦਿ ਨਾਲ਼ ਵਾਰਤਾਲਾਪ ਰਚਾ ਸਕਦਾ ਹੈ…ਬਲਦੇ ਅੰਗਿਆਰ ਨੂੰ ਪਲ਼ਕਾਂ ‘ਤੇ ਰੱਖ ਸਕਦਾ ਹੈ ਅਤੇ ਪਾਣੀਆਂ ਨੂੰ ਅੱਗ ਵੀ ਲਗਾ ਸਕਦਾ ਹੈ। ਇਹ ਇੱਕ ਸੂਖ਼ਮ ਕਵੀ-ਮਨ ਹੀ ਕਰ ਸਕਦਾ ਹੈ ਕਿਉੰਕਿ ਉਹ ਸੰਵੇਦਨਸ਼ੀਲ ਅਤੇ ਸੂਖ਼ਮਭਾਵੀ ਹੁੰਦਾ ਹੈ।ਸ਼ਾਇਰਾ ਡਾ. ਨਵਦੀਪ ਕੌਰ ਨੇ ਆਪਣੀ ਪੁਸਤਕ ਦੇ ਸਿਰਲੇਖ ਵਿੱਚ ਹੀ ਆਪਣੇ ਕਵੀ-ਮਨ ਦੇ ਅਤਿ ਸੂਖਮ-ਭਾਵੀ ਹੋਣ ਦਾ ਸੰਕੇਤ ਦਿੱਤਾ ਹੈ ਜਿਸ ਵਿੱਚ ਉਸਨੇ ਪੱਥਰ ਦਾ ਮਾਨਵੀਕਰਨ ਕਰਕੇ ਪਥਰਾਟ ਵਿੱਚ ਸੂਹੇ ਬੋਲ ਗੂੰਜਣ ਲਾਏ ਹਨ। ‘ਸੂਹੇ ਬੋਲ’ ਰੋਹ ਭਰੇ ਸ਼ਬਦਾਂ ਦਾ ਇਸ਼ਾਰਾ ਮਾਤਰ ਹੈ ਜੋ ਮਾਨਵੀ ਸਰੋਕਾਰਾਂ ਦੇ ਮੱਦੇਨਜ਼ਰ ਵਿਦਰੋਹੀ ਸੁਰ ਦਾ ਲਖਾਇਕ ਹੈ। ਸ਼ਾਇਰਾ ਨਵਦੀਪ ਕੋਲ ਆਪਣੀ ਗੱਲ ਕਹਿਣ ਲਈ ਸਿਰਫ਼ ਸੀਮਤ ਸ਼ਬਦਾਬਲੀ ਨਹੀਂ ਬਲਕਿ ਸ਼ਬਦਾਂ ਦਾ ਅਮੁੱਕ ਭੰਡਾਰ ਹੈ। ਉਸਦੇ ਵਰਤੇ ਸ਼ਬਦ ਸੀਮਤ ਅਰਥ ਨਹੀਂ ਰੱਖਦੇ ਸਗੋਂ ਸ਼ਾਬਦਿਕ ਅਰਥਾਂ ਦੀਆਂ ਤਿੰਨੋਂ ਸ਼ਕਤੀਆਂ ਅਬਿਧਾ,ਲਕਸ਼ਣਾ ਤੇ ਵਿਅੰਜਣਾ ਵਿੱਚ ਵਿਚਰਦੇ ਹਨ। ਉਸਦੇ ਸ਼ਬਦ ਚਿੰਨ੍ਹ ਤੋਂ ਚਿਹਨਕ ਤੇ ਚਿਹਨਿਤ ਦਾ ਸਫ਼ਰ ਤੈਅ ਕਰਦੇ ਹਨ। ਇੱਕ ਸੌ ਅਠਾਨਵੇਂ ਪੰਨਿਆਂ ਦੀ ਇਸ ਪੁਸਤਕ ਵਿੱਚ ਸੱਤਰ ਕਵਿਤਾਵਾਂ ਸ਼ੁਮਾਰ ਹਨ ਜੋ ਕਿ ਵਿਸ਼ਾ ਪੱਖੋਂ ਵੰਨ- ਸੁਵੰਨੀਆਂ ਹਨ। ਇਨ੍ਹਾਂ ਕਵਿਤਾਵਾਂ ਵਿੱਚ ਮਿਥਾਵਾਂ ਵੀ ਹਨ, ਕਥਾਵਾਂ ਵੀ ਤੇ ਪ੍ਰਥਾਵਾਂ ਵੀ। ਡਾ. ਨਵਦੀਪ ਦੇ (ਸ਼ਾਇਦ) ਖ਼ੁਦ ਔਰਤ ਹੋਣ ਦੇ ਨਾਤੇ ਇਸ ਕਾਵਿ-ਪੁਸਤਕ ਵਿੱਚ ਨਾਰੀ-ਚੇਤਨਾ ਦੇ ਤ੍ਰਾਸਦੀ ਭਰੇ ਅਹਿਸਾਸ ਦੀ ਸ਼ਿੱਦਤ ਭਰਪੂਰ ਸ਼ਮੂਲੀਅਤ ਹੈ। ਦੇਖੋ :–
‘ ਮੈਂ ਨਹੀਂ ਸੋਚਣਾ ਚਾਹੁੰਦੀ
ਕਿ ਕਿਹੜੇ ਧਰਮ ਦੀ
ਕਿਹੜੀ ਕਿਤਾਬ ਦੇ
ਕਿਹੜੇ ਸਫ਼ੇ ‘ਤੇ ਔਰਤ ਨੂੰ
ਬੇਪਰਦ ਹੋਣ ਦੀ ਸਿੱਖਿਆ
ਦਿੱਤੀ ਹੈ?’ (ਪੰਨਾ 60)
ਇਨ੍ਹਾਂ ਕਵਿਤਾਵਾਂ ਵਿੱਚ ਮਾਨਵੀ ਸਰੋਕਾਰਾਂ ਦੀ ਬਾਤ ਪਾਉੰਦੀ ਸ਼ਾਇਰੀ ਦੇ ਨਾਲ਼-ਨਾਲ਼ ਨਿੱਜਤਾ ਬਿਆਨ ਕਰਦੀ ਕਾਵਿ ਰੰਗਤ ਵੀ ਬਾ-ਸ਼ਲੀਕਾ ਮੌਜ਼ੂਦ ਹੈ। ਇਸ ਵਿੱਚ ਬਿਰਹਾ ਦੀ ਤੜਪ ਵੀ ਹੈ,ਵਸਲ ਦੀ ਤਾਂਘ ਵੀ ਹੈ,ਰੋਸਾ ਵੀ ਹੈ,ਨਿਹੋਰਾ ਵੀ ਅਤੇ ਮੰਨਣ-ਮਨਾਉਣ ਦਾ ਤਰਲਾ ਵੀ।
ਦੇਖੋ :–
‘ ਚੰਨ ਅੰਦਰ
ਰਹਿੰਦੀ ਸਦਾ
ਧਰਤ ਮਿਲਣ
ਦੀ ਲੋਚਾ…
…..
ਚੱਲ !
ਆਪਾਂ ਵੀ
ਚੰਨ ਧਰਤੀ ਬਣੀਏ
ਜਲ ਤਰੰਗਾਂ
‘ਚ ਸਮਾਈਏ
ਆ ਚੁਪੀਤੇ
ਇਕਮਿਕ ਹੋ
ਜਾਈਏ। ( ਪੰਨਾ 113-114)
ਇੱਕ ਹੋਰ ਕਵਿਤਾ ਦੇਖੋ:–
‘ਦੇਹਾਂ ਦਾ ਭਲਾ ਕੀ ਮਿਲਣਾ ਹੋਇਆ
ਮਿਲਣਾ ਹੈ ਤਾਂ ਰੂਹ ਤੱਕ ਮਿਲੀਏ
ਦੇਹਾਂ ਨੇ ਤਾਂ ਖੇਹ ਹੋ ਜਾਣਾ
ਖਾਕ ਬਣ ਉੱਡ-ਪੁੱਡ ਜਾਣਾ…
…..
ਚੱਲ!
ਝੋਲੀ ਅੱਡੀਏ,
ਪਿਆਰ ਅੰਮ੍ਰਿਤ ਲਈ
ਤੇਰੇ ਮੇਰੇ ਮਨ ਦੇ
ਖੂਹ ਖੂਹ ਤੱਕ ਮਿਲੀਏ (ਪੰਨਾ 117)
ਇਸ ਤਰ੍ਹਾਂ ਹੋਰ ਵੀ ਕਈ ਕਵਿਤਾਵਾਂ ਦੀਆਂ ਪੰਕਤੀਆਂ ਨੂੰ ਕੋਡ ਕੀਤਾ ਜਾ ਸਕਦਾ ਹੈ। ਅੰਗਰੇਜ਼ ਕਵੀ ਜਾਰਜ਼ ਇਲੀਅਟ ਅਨੁਸਾਰ,
‘ਕਵੀ ਬਣਨ ਲਈ ਰੂਹ ਚਾਹੀਦੀ ਹੈ ਜਿਸ ਵਿੱਚ ਧਿਆਨ ਸਹਿਜੇ ਵੀ ਅਨੁਭਵ ਵਿੱਚ ਬਦਲ ਜਾਂਦਾ ਹੈ ਅਤੇ ਅਨੁਭਵ ਇੱਕ ਨਵਾਂ ਹੀ ਗਿਆਨ ਬਣਕੇ ਪ੍ਰਗਟ ਹੁੰਦਾ ਹੈ।’
ਇਲੀਅਟ ਦੇ ਇਸ ਕਥਨ ਵਿੱਚ ਪਰੰਪਰਾਗਤ ਵਿਸ਼ਿਆਂ ਅਤੇ ਸ਼ਬਦਾਂ ਨੂੰ ਨਵੇਂ ਅਰਥ ਪ੍ਰਦਾਨ ਕਰਨਾ ਹੀ ਭਾਸਦਾ ਹੈ। ਸ਼ਾਇਰਾ ਨਵਦੀਪ ਕੌਰ ਕੋਲ ਆਪਣੀ ਮੌਲਿਕ ਸ਼ੈਲੀ ਵਿੱਚ ਮੌਲਿਕ ਵਿਚਾਰ ਹਨ ਜੋ ਵਲਵਲਿਆਂ ਦੇ ਰੂਪ ਵਿੱਚ ਕਲਪਨਾ ਦੀ ਚਾਸ਼ਨੀ ਵਿੱਚ ਲਿਪਤ ਹੋ ਸਰਲ ਭਾਸ਼ਾ ਦਾ ਜਾਮਾਂ ਪਹਿਨ ਖੁੱਲ੍ਹੀ ਕਵਿਤਾ (free verse) ਦੇ ਖੜ੍ਹੇ (vertical) ਰੂਪ ਵਿੱਚ ਸਫ਼ਿਆਂ ‘ਤੇ ਪ੍ਰਕਾਸ਼ਮਾਨ ਹੋਏ ਹਨ। ਅਸਲ ਕਵਿਤਾ ਹੀ ਉਹ ਹੁੰਦੀ ਹੈ ਜਿਸਦੇ ਦਿੱਖ ਸਰੀਰ ਵਿੱਚ ਅਦਿੱਖ ਆਤਮਾ ਦਾ ਨਿਵਾਸ ਹੋਵੇ ਜਿਸਨੂੰ ਸੁਹਿਰਦ ਪਾਠਕ ਨੁਮਾ ਅਭਿਲਾਸ਼ੀ ਦੇ ਅੰਤਰਮਨ ਨਾਲ਼ ਪਰਖਿਆਂ-ਪੜਚੋਲਿਆਂ ਦਰਸ਼ਨ ਨਸੀਬ ਹੋ ਸਕਣ। ਇਸ ਪੱਖੋਂ ਸ਼ਾਇਰਾ ਨਵਦੀਪ ਵਧਾਈ ਦੀ ਪਾਤਰ ਹੈ ਜਿਸਦੀ ਇਸ ਪੁਸਤਕ ਵਿੱਚ ਸਸ਼ੋਬਿਤ ਛੋਟੀ-ਵੱਡੀ ਦੋਨੋਂ ਤਰ੍ਹਾਂ ਦੀ ਕਵਿਤਾ ਦੇ ਸਰੀਰ ਵਿੱਚ ਆਤਮਾ ਵੀ ਹੈ ਅਤੇ ਉਸਦੇ ਸਪੱਸ਼ਟ ਦਰਸ-ਦੀਦਾਰੇ ਵੀ ਹੁੰਦੇ ਹਨ। ਹਥਲੀ ਪੁਸਤਕ ਪੜ੍ਹਨਯੋਗ ਹੈ ਜੋ ਪਾਠਕ ਨੂੰ ਅਨੰਦਿਤ ਵੀ ਕਰਦੀ ਹੈ ਅਤੇ ਜਾਗਰੂਕ ਵੀ। ਆਮੀਨ…।
ਮਾਲਵਿੰਦਰ ਸ਼ਾਇਰ
ਪਤਾ :–ਪਿੰਡ ਤੇ ਡਾਕ. — ਸ਼ੇਰ ਸਿੰਘ ਪੁਰਾ ( ਨਾਈਵਾਲਾ) ਤਹਿ. ਤੇ ਜਿਲ੍ਹਾ — ਬਰਨਾਲਾ
ਪੰਜਾਬ — 148100