ਏਹੁ ਹਮਾਰਾ ਜੀਵਣਾ ਹੈ -109

(ਸਮਾਜ ਵੀਕਲੀ)

ਦੀਵਾਲੀ ਨੂੰ ਰੋਸ਼ਨੀ ਦੇ ਤਿਉਹਾਰ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਤਿਉਹਾਰ ਆਮ ਤੌਰ ‘ਤੇ ਦੇਸੀ ਮਹੀਨੇ ਕੱਤਕ ਦੀ ਮੱਸਿਆ ਦੀ ਰਾਤ ਨੂੰ ਮਨਾਇਆ ਜਾਂਦਾ ਹੈ ਜੋ ਅਕਤੂਬਰ ਜਾਂ ਨਵੰਬਰ ਮਹੀਨੇ ਵਿੱਚ ਆਉਂਦਾ ਹੈ।ਦੀਵਾਲ਼ੀ ਹਨੇਰੇ ‘ਤੇ ਚਾਨਣ, ਬੁਰਾਈ ‘ਤੇ ਚੰਗਿਆਈ ਅਤੇ ਅਗਿਆਨਤਾ ਉੱਤੇ ਗਿਆਨ ਦੀ ਫ਼ਤਹਿ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦੀਵਾਲੀ ਦੇ ਤਿਉਹਾਰ ਤੇ ਧਨ ਦੀ ਦੇਵੀ ਮਾਂ ਲੱਛਮੀ ਅਤੇ ਵਿਘਨ ਹਰਤਾ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ।

ਹਿੰਦੂ ਧਰਮ ’ਚ ਦੀਵਾਲੀ ਦਾ ਪਿਛੋਕੜ ਅਯੁੱਧਿਆ ਦੇ ਰਾਜਾ ਸ਼੍ਰੀ ਰਾਮ ਚੰਦਰ ਜੀ ਨਾਲ ਜੋੜਿਆ ਜਾਂਦਾ ਹੈ, ਜਦੋਂ ਉਹ 14 ਸਾਲਾਂ ਦਾ ਬਨਵਾਸ ਕੱਟ ਕੇ ਤੇ ਲੰਕਾਂ ਦੇ ਰਾਜੇ ਰਾਵਣ ਦਾ ਨਾਸ਼ ਕਰ ਕੇ ਉਸ ਦੀ ਕੈਦ ਵਿੱਚੋਂ ਮਾਤਾ ਸੀਤਾ ਨੂੰ ਰਿਹਾਅ ਕਰਵਾ ਕੇ ਅਯੁੱਧਿਆ ਵਾਪਸ ਆਏ ਸਨ। ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ’ਚ ਅਯੁੱਧਿਆ ਵਾਸੀਆਂ ਵੱਲੋਂ ਘਿਉ ਦੇ ਦੀਵੇ ਜਗਾ ਕੇ ਦੀਪਮਾਲਾ ਕੀਤੀ ਗਈ ਸੀ। ਸਿੱਖ ਧਰਮ ’ਚ ਵੀ ਦੀਵਾਲੀ ਦੇ ਦਿਨ ਦਾ ਵੱਡਾ ਮਹੱਤਵ ਹੈ। ਦੀਵਾਲੀ ਵਾਲੇ ਦਿਨ ਹੀ ਸਿੱਖਾਂ ਦੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸਨ। ਉਨ੍ਹਾਂ ਦੇ ਅੰਮ੍ਰਿਤਸਰ ਪੁੱਜਣ ’ਤੇ ਲੋਕਾਂ ਨੇ ਦੇਸੀ ਘਿਉ ਦੇ ਦੀਵੇ ਜਗਾ ਕੇ ਰੋਸ਼ਨੀਆਂ ਕੀਤੀਆਂ।

ਉਦੋਂ ਤੋਂ ਦੀਵਾਲੀ ਦੇ ਤਿਉਹਾਰ ਨੂੰ ‘ਬੰਦੀ ਛੋੜ ਦਿਵਸ’ ਵਜੋਂ ਮਨਾਇਆ ਜਾਣ ਲੱਗਿਆ।ਦੀਵਾਲੀ ਸਿੱਖਾਂ ਲਈ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਦਿਨ 1577 ਵਿੱਚ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਜੋ ਸਿੱਖ ਭਾਈਚਾਰੇ ਲਈ ਇੱਕ ਪ੍ਰਮੁੱਖ ਤੀਰਥ ਸਥਾਨ ਵਜੋਂ ਜਾਣਿਆ ਜਾਂਦਾ ਹੈ। ਅੰਮ੍ਰਿਤਸਰ ਦੀ ਦੀਵਾਲੀ ਦੀ ਖ਼ਾਸ ਅਹਿਮੀਅਤ ਹੈ,ਇਸੇ ਲਈ ਇੱਕ ਕਹਾਵਤ ਵੀ ਪ੍ਰਚਲਿਤ ਹੈ:

“ਦਾਲ਼ ਰੋਟੀ ਘਰ ਦੀ,ਦੀਵਾਲੀ ਅੰਮ੍ਰਿਤਸਰ ਦੀ ਪਰੰਪਰਾ ਅਨੁਸਾਰ ਇਸ ਤਿਉਹਾਰ ਦੇ ਮੌਕੇ ਮਿੱਟੀ ਦੇ ਬਣੇ ਦੀਵੇ ਬਾਲੇ ਜਾਂਦੇ ਹਨ ਅਤੇ ਨਾਲ ਹੀ ਬੱਚੇ ਅਤੇ ਵੱਡੇ ਸਾਰੇ ਰਲ਼ ਮਿਲ਼ ਕੇ ਇਸ ਮੌਕੇ ਆਤਿਸ਼ਬਾਜ਼ੀ ਵੀ ਕਰਦੇ ਹਨ ਅਤੇ ਪਟਾਕੇ ਚਲਾਉਂਦੇ ਹਨ। ਦੀਵਾਲੀ ਵਾਲੀ ਰਾਤ ਪਿੰਡਾਂ ਅਤੇ ਸ਼ਹਿਰਾਂ ਵਿੱਚ ਹਰ ਘਰ ਦੇ ਬਨੇਰਿਆਂ ਤੇ ਘਿਓ ਜਾਂ ਸਰੋਂ ਦੇ ਤੇਲ ਦੇ ਦੀਵੇ ਜਗਾਏ ਜਾਂਦੇ ਹਨ। ਤੇਲ ਅਤੇ ਘਿਓ ਵਾਤਾਵਰਨ ਦੀ ਸ਼ੁੱਧਤਾ ਲਈ ਵੀ ਵਧੀਆ ਮੰਨਿਆ ਜਾਂਦਾ ਹੈ। ਸ੍ਰੀ ਹਰਮੰਦਰ ਸਾਹਿਬ ਵਿੱਚ ਅਨੋਖੀ ਦੀਪਮਾਲਾ ਅਤੇ ਆਤਿਸ਼ਬਾਜੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸਮਾਂ ਬਦਲਣ ਦੇ ਨਾਲ ਪੱਛਮੀ ਸਭਿਆਤਾ ਵਿੱਚ ਰੰਗੇ ਲੋਕਾਂ ਦੁਆਰਾ ਰਵਾਇਤੀ ਦੀਵਿਆਂ ਦੀ ਥਾਂ ਤੇ ਚੀਨੀ ਬਿਜਲੀ ਦੀਆਂ ਲੜੀਆਂ ਨੂੰ ਪਹਿਲ ਦਿੱਤੀ ਜਾਣ ਲੱਗੀ ਹੈ। ਇਹਨਾਂ ਦੀ ਵਰਤੋਂ ਨਾਲ ਜਿੱਥੇ ਦੀਵੇ ਬਣਾਉਣ ਵਾਲੇ ਘੁਮਿਆਰਾਂ ਅਤੇ ਕਾਰੀਗਰਾਂ ਦੀ ਰੋਟੀ ਰੋਜ਼ੀ ਤੇ ਬਹੁਤ ਬੁਰਾ ਅਸਰ ਪਿਆ ਹੈ, ਉਥੇ ਵਾਤਾਵਰਨ ਤੇ ਵੀ ਬੁਰਾ ਅਸਰ ਪੈਂਦਾ ਹੈ।

ਦੀਵਾਲੀ ਦੀ ਸਜਾਵਟ ਵਿੱਚ ਰੰਗੋਲੀ ਤੋਂ ਬਿਨ੍ਹਾਂ ਜਸ਼ਨ ਦੀ ਤਿਆਰੀ ਮੁਕੰਮਲ ਹੀ ਨਹੀਂ ਸਮਝੀ ਜਾਂਦੀ, ਜਿਵੇਂ ਕਿ ਦੱਖਣੀ ਭਾਰਤ ਦੇ ਭਾਈਚਾਰਿਆਂ ਵਿੱਚ ‘ਕੋਲਮ’ ਦੇ ਨਾਂ ਤੋਂ ਜਾਣੇ ਜਾਂਦੇ ਰੰਗੀਨ ਨਮੂਨਿਆਂ ਦੀ ਬਹੁਤ ਅਹਿਮੀਅਤ ਹੁੰਦੀ ਹੈ।ਸਾਨੂੰ ਆਪਣਾ ਘਰ ਸਜਾਉਣ ਲਈ ਬਨਾਵਟੀ ਫੁੱਲਾਂ ਦੀ ਥਾਂ ਕੁਦਰਤੀ ਫੁੱਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਰੰਗੋਲੀ ਬਣਾਉਣ ਲਈ ਹਮੇਸ਼ਾ ਜੈਵਿਕ ਰੰਗਾਂ ਦੀ ਚੋਣ ਕਰੋ ਜਾਂ ਫਿਰ ਫੁੱਲਾਂ ਤੇ ਪੱਤਿਆਂ ਦੀ ਵਰਤੋਂ ਨਾਲ ਵੀ ਘਰ ਸਜਾਇਆ ਜਾ ਸਕਦਾ ਹੈ। ਤਿਉਹਾਰਾਂ ਮੌਕੇ ਹਲਵਾਈ ਮੁਨਾਫ਼ਾਖੋਰੀ ਖ਼ਾਤਰ ਜ਼ਹਿਰੀਲੇ ਕੈਮੀਕਲਾਂ ਨਾਲ ਮਠਿਆਈਆਂ ਤਿਆਰ ਕਰਕੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਵੀ ਕਰਦੇ ਹਨ। ਇਸ ਲਈ ਕੋਸ਼ਿਸ਼ ਕੀਤੀ ਜਾਵੇ ਕਿ ਘਰ ਵਿੱਚ ਤਿਆਰ ਕੀਤੀਆਂ ਮਠਿਆਈਆਂ ਨਾਲ ਹੀ ਦੀਵਾਲੀ ਦੇ ਜਸ਼ਨ ਨੂੰ ਦੁੱਗਣਾ ਕੀਤਾ ਜਾਵੇ।

ਹਰ ਕਿਸੇ ਨੂੰ ਤਿਉਹਾਰਾਂ ਦੀ ਉਡੀਕ ਰਹਿੰਦੀ ਹੈ। ਪਟਾਕਿਆਂ ਅਤੇ ਆਤਿਸ਼ਬਾਜ਼ੀ ਬਿਨਾਂ ਇਹ ਤਿਉਹਾਰ ਅਧੂਰਾ ਜਾਪਦਾ ਹੈ।ਪਰ ਕਈ ਵਾਰ ਪਟਾਕੇ ਚਲਾਉਂਦੇ ਸਮੇਂ ਜੇ ਸਾਵਧਾਨੀ ਨਾ ਵਰਤੀ ਜਾਵੇ ਤਾਂ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਨਾਲ ਤਿਉਹਾਰਾਂ ਦਾ ਮਜ਼ਾ ਖ਼ਰਾਬ ਹੋ ਜਾਂਦਾ ਹੈ। ਦੀਵਾਲੀ ਮੌਕੇ ਆਪਣੀ ਅਤੇ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਦੇ ਨਾਲ਼ ਨਾਲ਼ ਸਾਡੇ ਆਲੇ ਦੁਆਲੇ ਵਿਚਰ ਰਹੇ ਬੇਜ਼ੁਬਾਨਾਂ ਦਾ ਵੀ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਦੀਵਾਲੀ ਖ਼ੁਸ਼ੀਆਂ ਅਤੇ ਚਾਵਾਂ ਉਮੰਗਾਂ ਦਾ ਤਿਉਹਾਰ ਹੈ ਇਸ ਨੂੰ ਸਾਨੂੰ ਖੁਸ਼ੀ ਖੁਸ਼ੀ ਮਨਾਉਣਾ ਚਾਹੀਦਾ ਹੈ।ਹਰ ਤਿਉਹਾਰ ਦੀ ਮਹੱਤਤਾ ਨੂੰ ਅਪਣਾ ਕੇ ਜੀਵਨ ਵਿੱਚ ਲਾਗੂ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੱਕੜਦਾਦੇ ਦੇ ਸੰਸਕਾਰ ਤੇ ਖਾਸ ਗਿੱਧਾ
Next article“ਜਿੰਦਗੀ ਜ਼ਿੰਦਾਬਾਦ “