ਬੀ ਬਰੀਫ਼

ਮਨਜੀਤ ਸਿੰਘ ਬੱਧਣ
(ਮਨਜੀਤ ਸਿੰਘ ਬੱਧਣ)
  (ਸਮਾਜ ਵੀਕਲੀ)    ਉਸ ਅਫਸਰ ਤੋਂ ਇਜਾਜ਼ਤ ਲੈ ਮੈਂ ਅੰਦਰ ਵੜਿਆ ਅਤੇ ਮੈਨੂੰ ਬੈਠਣ ਦਾ ਇਸ਼ਾਰਾ ਹੋਇਆ। ਅਫਸਰ ਦੇ ਟੇਬਲ ਉੱਪਰ ਇੱਕ ਤਿਕੋਨੀ ਲੱਕੜੀ ‘ਤੇ ਉਸ ਦਾ ਨਾਮ ਅਤੇ ਅਹੁਦਾ ਗੁਰਮੁਖੀ ਵਿੱਚ ਲਿਖਿਆ ਹੋਇਆ ਸੀ ਨਾਲ ਹੀ ਇੱਕ ਫਰੇਮ ਉੱਪਰ ਅੰਗਰੇਜੀ ਦੇ ਸ਼ਬਦ ਛਪੇ ਹੋਏ ਸਨ, ‘ਕਾਇੰਡਲੀ ਬੀ ਬਰੀਫ਼’। ਆਪਣੇ ਕੰਮ ਵਿੱਚ ਮਸ਼ਰੂਫ ਉਹ ਕੁਝ ਫਾਈਲਾਂ ਵੇਖ ਅਤੇ ਹਸਤਾਖਰ ਕਰ ਰਿਹਾ ਸੀ। ਇਸ ਦੌਰਾਨ ਮੈਨੂੰ ਲੇਖਕ ਰਸੂਲ ਹਮਜ਼ਾਤੋਵ ਦੀ ਇੱਕ ਗੱਲ ਯਾਦ ਆ ਰਹੀ ਸੀ ਜਿਸ ਵਿੱਚ ਉਹ ਕਹਿੰਦਾ ਹੈ ਕਿ ਇੱਕ ਵਾਰ ਉਸ ਦੇ ਪਿਤਾ ਨੇ ਉਸ ਨੂੰ ਸਰਦੀਆਂ ਵਿੱਚ ਨਵਾਂ ਕੋਟ ਖ਼ਰੀਦਣ ਲਈ ਪੈਸੇ ਦਿੱਤੇ ਪਰ ਰਸੂਲ ਨੇ ਉਹ ਪੈਸੇ ਕਿਸੇ ਹੋਰ ਪਾਸੇ ਖ਼ਰਚ ਲਏ। ਜਦੋਂ ਦੋ ਸਾਲ ਬਾਅਦ ਉਹ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਸਰਦੀਆਂ ਹੀ ਸਨ। ਉਹ ਵੱਖ-ਵੱਖ ਗੱਲਾਂ ਜਾਂ ਬਹਾਨੇ ਸੋਚ ਰਿਹਾ ਸੀ ਜੋ ਉਸ ਨੇ ਆਪਣੇ ਕੋਟ ਨਾ ਖ਼ਰੀਦਣ ਬਾਰੇ ਆਪਣੇ ਪਿਤਾ ਜੀ ਨੂੰ ਦੱਸਣੇ ਸਨ। ਪਰ ਹਰ ਇੱਕ ਗੱਲ ਬੜੀ ਅਸਪੱਸ਼ਟ ਅਤੇ ਹਾਸੋਹੀਣੀ ਵੀ ਲੱਗ ਰਹੀ ਸੀ।  ਜਦੋਂ ਉਹ ਘਰ ਪਹੁੰਚਿਆ ਤਾਂ ਉਸ ਦੇ ਪਿਤਾ ਨੇ ਉਸ ਨੂੰ ਕਿਹਾ ਕਿ ਉਹ ਫਾਲਤੂ ਦੀਆਂ ਗੱਲਾਂ ਦਾ ਬੋਝ ਲੈ ਕੇ ਨਾ ਬੈਠਾ ਰਹੇ, ਸਿਰਫ ਦੋ ਗੱਲਾਂ ਦਾ ਜਵਾਬ ਦੇ ਦੇਵੇ। ਰਸੂਲ ਨੇ ਪੁੱਛਿਆ, “ਕਿਹੜੀਆਂ ਗੱਲਾਂ?” ਉਸਦੇ ਪਿਤਾ ਨੇ ਪੁੱਛਿਆ ਕਿ ਕੀ ਉਸ ਨਵਾਂ ਕੋਟ ਖ਼ਰੀਦਿਆ ਹੈ। ਰਸੂਲ ਦਾ ਜਵਾਬ ਸੀ ਨਹੀਂ। ਪਿਤਾ ਨੇ ਪੁੱਛਿਆ ਕਿ ਕੀ ਉਸ ਨੇ ਉਹ ਪੈਸੇ ਕਿਸੇ ਹੋਰ ਪਾਸੇ ਖ਼ਰਚ ਲਏ ਹਨ। ਰਸੂਲ ਦਾ ਜਵਾਬ ਸੀ, “ਜੀ ਹਾਂ।” ਰਸੂਲ ਦੇ ਪਿਤਾ ਨੇ ਕਿਹਾ ਐਵੇਂ ਫਾਲਤੂ ਦੀਆਂ ਭੂਮਿਕਾਵਾਂ ਵਿੱਚ ਆਪਣਾ ਤੇ ਕਿਸੇ ਹੋਰ ਦਾ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ। ਮੌਕੇ ਅਨੁਸਾਰ ਜੋ ਵਧੀਆ ਸੀ ਉਸ ਨੇ ਉਹ ਕਾਰਜ ਕਰ ਲਿਆ ਹੋਵੇਗਾ। ਇੱਧਰ ਜਦੋਂ ਉਸ ਅਧਿਕਾਰੀ ਦਾ ਹੱਥਲਾ ਕਾਰਜ ਪੂਰਾ ਹੋਇਆ ਤਾਂ ਮੈਂ ਆਪਣੀ ਗੱਲ ਬਿਲਕੁਲ ਸੰਖੇਪ ਵਿੱਚ ਸਾਹਮਣੇ ਰੱਖੀ। ਅਧਿਕਾਰੀ ਨੇ ਮੁਸਕਰਾਉਂਦੇ ਹੋਏ ਮੈਨੂੰ ਦੋ -ਤਿੰਨ ਸ਼ਬਦਾਂ ਵਿੱਚ ਯਕੀਨ ਦਵਾਇਆ ਕਿ ਮੇਰਾ ਕਾਰਜ ਜਲਦ ਹੀ ਹੋ ਜਾਵੇਗਾ। ਵਾਪਸੀ ‘ਤੇ ਮੇਰਾ ਧੰਨਵਾਦ ਉਸ ਨੇਕ ਅਧਿਕਾਰੀ ਅਤੇ ‘ਕਾਇੰਡਲੀ ਬੀ ਬਰੀਫ਼’ ਵਾਲੀ ਪਲੇਟ ਨੂੰ ਵੀ ਸੀ।
 ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article***ਬਾਪੂ ਵਾਹੁੰਦਾ ਹਲ ਸੀ—
Next articleਪੱਕੀ ਪਕਾਈ – ਤਾਜ਼ਾ ਤਾਜ਼ਾ