ਅੰਬੇਡਕਰਾਇਟ ਬੁੱਧੀਸਟ ਕੋਰਡੀਨੇਸ਼ਨ ਕਮੇਟੀ ਪੰਜਾਬ ਦੇ ਪ੍ਰਮੁੱਖ ਸਾਥੀ ਸੁਭਾਸ਼ ਬੌਧ ਜੀ ਦੇ ਪਿਤਾ ਉਪਾਸਕ ਸੁਰਜੀਤ ਕੁਮਾਰ ਜੀ ਦਾ ਦੇਹਾਂਤ

ਸਮਾਜ ਵੀਕਲੀ ਯੂ ਕੇ-

ਫਿਲੋਰ- ਬੀਤੇ ਦਿਨੀਂ ਅੰਬੇਡਕਰਾਇਟ ਬੁੱਧੀਸਟ ਕੋਰਡੀਨੇਸ਼ਨ ਕਮੇਟੀ ਪੰਜਾਬ ਦੇ ਪ੍ਰਮੁੱਖ ਸਾਥੀ ਸੁਭਾਸ਼ ਬੌਧ ਜੀ ਦੇ ਪਿਤਾ ਉਪਾਸਕ ਸੁਰਜੀਤ ਕੁਮਾਰ ਜੀ ਦਾ ਦੇਹਾਂਤ ਹੋ ਗਿਆ ਸੀ। ਮਿਤੀ 16 ਜਨਵਰੀ 2025 ਨੂੰ ਬੋਧੀਸਤਵ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਪਿੰਡ ਸ਼ਾਹਪੁਰ ਤਹਿਸੀਲ ਫਿਲੋਰ ਵਿਖੇ ਉਨ੍ਹਾਂ ਦੀ ਨਿੱਘੀ ਯਾਦ ਵਿੱਚ ਸ਼ੋਕ ਸਭਾ ਅਤੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸ਼ੋਕ ਸਭਾ ਵਿੱਚ ਇਲਾਕੇ ਭਰ ਤੋਂ ਭਾਰੀ ਸੰਖਿਆ ਵਿੱਚ ਸ਼ਾਮਲ ਹੋਏ ਰਿਸ਼ਤੇਦਾਰਾਂ, ਸਕੇ ਸੰਬੰਧੀਆਂ, ਪਰਿਵਾਰਕ ਹਿਤੈਸ਼ੀਆਂ ਅਤੇ ਮਿਸ਼ਨਰੀ ਸਾਥੀਆਂ ਵੱਲੋਂ ਵਿੱਛੜੇ ਸਾਥੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

ਇਸ ਸ਼ਰਧਾਂਜਲੀ ਸਮਾਗਮ ਵਿੱਚ ਤਕਸ਼ਿਲਾ ਮਹਾਂ ਬੁੱਧ ਵਿਹਾਰ ਲੁਧਿਆਣਾ ਤੋਂ ਸਤਿਕਾਰ ਯੋਗ ਭੰਤੇ ਪ੍ਰਗਯਾ ਬੋਧੀ ਜੀ ਅਤੇ ਭੰਤੇ ਦਰਸ਼ਨ ਦੀਪ ਜੀ ਨੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਕੇ ਦੁੱਖਾਂ ਤੋਂ ਮੁਕਤੀ ਪਾਉਣ ਦੇ ਮਾਰਗ ਤੇ ਰੋਸ਼ਨੀ ਪਾਈ। ਉਨ੍ਹਾਂ ਨੇ ਬੁੱਧ ਧੱਮ ਦੇ ਸਿਧਾਂਤਾਂ ਤੇ ਚਲਦਿਆਂ ਮਾਨਵ ਸੇਵਾ ਕਰਨ ਅਤੇ ਸ਼ੀਲ, ਸਮਾਧੀ, ਪ੍ਰਗਯਾ ਨੂੰ ਮਾਨਵੀ ਜੀਵਨ ਵਿੱਚ ਅਪਨਾਉਣ ਦੀ ਲੋੜ ਤੇ ਜੋਰ ਦਿੱਤਾ।

ਸ਼ਰਧਾਂਜਲੀ ਸਭਾ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਵਿੱਛੜੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪਿੰਡ ਸ਼ਾਹਪੁਰ ਅਤੇ ਇਸ ਪਰਿਵਾਰ ਦੇ ਮਿਸ਼ਨਰੀ ਸਾਥੀਆਂ ਵਲੋਂ ਅੰਬੇਡਕਰ ਮਿਸ਼ਨ ਵਿੱਚ ਪਾਏ ਯੋਗਦਾਨ ਦੀ ਪ੍ਰਸ਼ੰਸ਼ਾ ਕੀਤੀ ਅਤੇ ਪਰਿਵਾਰ ਨੂੰ ਕੁਦਰਤ ਦਾ ਭਾਣਾ ਮੰਨਣ ਲਈ ਹੌਸਲਾ ਦਿੰਦਿਆਂ ਬੁੱਧ ਧੱਮ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੱਤੀ।

ਅੰਬੇਡਕਰਾਇਡ ਬੁੱਧੀਸਟ ਕੋਰਡੀਨੇਸ਼ਨ ਕਮੇਟੀ ਪੰਜਾਬ ਦੇ ਕਨਵੀਨਰ ਅਤੇ ਇੰਟਰਨੈਸ਼ਨਲ ਬੁੱਧੀਸਟ ਮਿਸ਼ਨ ਟਰੱਸਟ ਦੇ ਪ੍ਰਧਾਨ ਬਲਦੇਵ ਰਾਜ ਜੱਸਲ ਜੀ ਨੇ ਵੀ ਮਾਨਯੋਗ ਉਪਾਸਕ ਸੁਰਜੀਤ ਕੁਮਾਰ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਇਸੇ ਪਿੰਡ ਦੇ ਇਤਿਹਾਸਕ ਮਿਸ਼ਨਰੀ ਸਾਥੀ ਦੁਨੀ ਚੰਦ ਸ਼ਾਹਪੁਰੀ ਜੀ ਨੂੰ ਵੀ ਯਾਦ ਕੀਤਾ ਅਤੇ ਇਸਦੇ ਨਾਲ ਲਗਦੇ ਪਿੰਡ ਮੁਠੱਡਾ ਖੁਰਦ ਦੇ ਸਮੁੱਚੇ ਮਿਸ਼ਨਰੀ ਸਾਥੀਆਂ ਵਲੋਂ ਪੰਜਾਬ ਦੇ ਅਜੋਕੇ ਬੌਧ ਅੰਦੋਲਨ ਵਿੱਚ ਪਾਏ ਯੋਗਦਾਨ ਦੀ ਪ੍ਰਸ਼ੰਸ਼ਾ ਕਰਦੇ ਹੋਏ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਸਮੇਂ ਪੰਜਾਬ ਦੇ ਸਤਿਕਾਰ ਯੋਗ ਮਿਸ਼ਨਰੀ ਬਜ਼ੁਰਗਾਂ ਨੇ ਪਹਿਲਾਂ ਰਿਪਬਲਿਕਨ ਪਾਰਟੀ ਆਫ ਇੰਡੀਆ ਅਤੇ ਸ਼ੇਡੁਲਡ ਕਾਸਟ ਫੈਡਰੇਸ਼ਨ ਦੇ ਮਾਧਅਮ ਤੋਂ ਪੁਰਖਿਆਂ ਦੇ ਮਿਸ਼ਨਰੀ ਅੰਦੋਲਨ ਦੀ ਸੇਵਾ ਕੀਤੀ ਫੇਰ ਪੰਜਾਬ ਵਿੱਚ ਡੀ ਐੱਸ ਫੋਰ, ਬਾਮਸੇਫ਼ ਅਤੇ ਬਹੁਜਨ ਸਮਾਜ ਪਾਰਟੀ ਦੇ ਅੰਦੋਲਨ ਤੋਂ ਪ੍ਰੇਰਣਾ ਲੈਕੇ ਇਹ ਮਹਿਸੂਸ ਕੀਤਾ ਗਿਆ ਕਿ ਪੰਜਾਬ ਵਿੱਚ ਬੁੱਧ ਧੱਮ ਦੇ ਪ੍ਰਚਾਰ ਪ੍ਰਸਾਰ ਲਈ ਵੀ ਯਤਨ ਕੀਤੇ ਜਾਣੇ ਚਾਹੀਦੇ ਹਨ ਤਾਂ ਲਗਭਗ 1990 ਤੋਂ ਬਕਾਇਦਾ ਬੁੱਧ ਧੱਮ ਪ੍ਰਚਾਰ ਸਮਿਤੀ ਦੀ ਸਥਾਪਨਾ ਕਰਕੇ ਅੰਬੇਡਕਰ ਮਿਸ਼ਨ ਅਤੇ ਬੁੱਧ ਧੱਮ ਦੇ ਪ੍ਰਚਾਰ ਪ੍ਰਸਾਰ ਵਾਰੇ ਨਵੇਂ ਜੋਸ਼ ਅਤੇ ਆਧੁਨਿਕ ਢੰਗ ਤਰੀਕਿਆਂ ਨਾਲ ਯਤਨ ਸ਼ੁਰੂ ਕੀਤੇ ਗਏ। ਪੰਜਾਬ ਵਿੱਚ ਅੰਬੇਡਕਰ ਮਿਸ਼ਨ ਅਤੇ ਬੁੱਧ ਧੱਮ ਦੇ ਪ੍ਰਚਾਰ ਪ੍ਰਸਾਰ ਦੇ ਮੌਜੂਦਾ ਅੰਦੋਲਨ ਦੀ ਬਦੌਲਤ ਅੱਜ ਪੰਜਾਬ ਵਿੱਚ ਲਗਭੱਗ 25 ਬੁੱਧ ਵਿਹਾਰ ਅਤੇ ਪਿੰਡ ਪਿੰਡ ਅੰਬੇਡਕਰ ਭਵਨ ਬਣੇ ਹੋਏ ਹਨ। ਇਨ੍ਹਾਂ ਵਿੱਚ ਡਾ ਅੰਬੇਡਕਰ ਮੈਮੋਰੀਅਲ ਕਮੇਟੀ ਦੀ ਬਦੌਲਤ ਲਗਭੱਗ 3 ਏਕੜ ਵਿਚ ਬਣਿਆ ਮਹਾਂ ਸ਼ੰਭੂਨ ਬੁੱਧ ਵਿਹਾਰ, ਡਾ ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ, ਡਾ ਅੰਬੇਡਕਰ ਬੁੱਧੀਸਟ ਰਿਸੋਰਸ ਸੈਂਟਰ ਸੂੰਢ ਅਤੇ ਭਿੱਖੂ ਸੰਘ ਦੇ ਅਸ਼ੀਰਵਾਦ ਸਦਕਾ ਪੰਜਾਬ ਬੁਧੀਸਟ ਸੋਸਾਇਟੀ ਦੀ ਮਿਹਨਤ ਨਾਲ ਬਣਿਆ ਤਕਸ਼ਿਲਾ ਮਹਾਂ ਬੁੱਧ ਵੀਹਾਰ ਲੁਧਿਆਣਾ ਦੇਖਣ ਯੋਗ ਹਨ।

ਇੰਟਰਨੈਸ਼ਨਲ ਬੁੱਧੀਸਟ ਮਿਸ਼ਨ ਟਰੱਸਟ ਦੁਆਰਾ ਇਸਦੇ ਹੈੱਡ ਆਫ਼ਿਸ ਵਿਖੇ ਸਥਾਪਿਤ ਅੰਬੇਡਕਰ ਬੁੱਧ ਵਿਹਾਰ ਮਕਸੂਦਾਂ ਅਤੇ ਫੂਲਪੁਰ ਧਨਾਲ ਵਿੱਚ ਸਥਾਪਿਤ ਕੀਤਾ ਗਿਆ ਬੋਧੀਸਤਵ ਅੰਬੇਡਕਰ ਸੀਨੀਅਰ ਸਕੈਂਡਰੀ ਸਕੂਲ ਵੀ ਇਸੇ ਲੜੀ ਦੀ ਬੇਮਿਸਾਲ ਉਦਾਹਰਣ ਹੈ ਜਿਥੋਂ ਭਵਿੱਖ ਵਿੱਚ ਆਉਣ ਵਾਲੀਆਂ ਪੀਹੜੀਆਂ ਵੀ ਪ੍ਰੇਰਣਾ ਲੈਂਦੀਆਂ ਰਹਿਣਗੀਆਂ। ਮਿਸ਼ਨਰੀ ਉਪਾਸਕ ਸੁਭਾਸ਼ ਬੌਧ ਜੀ ਨੇ ਵੀ ਸਮਾਗਮ ਦੇ ਅਖੀਰ ਵਿਚ ਆਪਣੇ ਪਿਤਾ ਜੀ ਦੀ ਯਾਦ ਵਿੱਚ ਆਯੋਜਿਤ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਹੋਏ ਸਮੁੱਚੇ ਮਿਸ਼ਨਰੀ ਸਾਥੀਆਂ, ਸਾਰੇ ਰਿਸ਼ਤੇ ਦਾਰਾਂ ਅਤੇ ਸਕੇ ਸੰਬੰਧੀਆਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਫਿਲੋਰ ਇਲਾਕੇ ਵਿੱਚ ਹੀ ਸਥਿਤ ਬੁੱਧੀਸਟ ਮਿਸ਼ਨ ਚੈਰੀਟੇਬਲ ਟਰੱਸਟ ਦੀ ਸਮੁੱਚੀ ਟੀਮ ਵਲੋਂ ਜੀ ਟੀ ਰੋਡ ਤੇ ਹੀ ਇੱਕ ਹੋਰ ਖੂਬਸੂਰਤ ਅੰਬੇਡਕਰਾਇਡ ਬੁੱਧੀਸਟ ਮਿਸ਼ਨਰੀ ਸੇਵਾ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਵਾਰੇ ਜਾਣਕਾਰੀ ਦਿੱਤੀ। ਸਟੇਜ਼ ਸੰਚਾਲਨ ਦੀ ਸੇਵਾ ਮਿਸ਼ਨਰੀ ਸਾਥੀ ਰਾਮ ਸਰੂਪ ਸਰਗੁੰਦੀ ਜੀ ਨੇ ਬਾਖੂਬੀ ਨਿਭਾਈ।

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਕਰਨਾਣਾ ਵਿਖੇ ਦਾਤਾ ਮੀਆਂ ਸਾਹਿਬ ਦੇ ਮੇਲੇ ਤੇ ਨਤਮਸਤਕ ਹੋਏ ਸ਼ਰਧਾਲੂ ਮੇਲੇ ਦੇ ਤੀਜੇ ਦਿਨ ਲੋਕ ਗਾਇਕਾਂ ਨੇ ਗਾਇਕੀ ਦਾ ਬੰਨਿਆ ਰੰਗ
Next articleਸੰਤ ਭਿੰਡਰਾਂਵਾਲਿਆਂ ਦੀ ਕਿਰਦਾਰਕੁਸ਼ੀ ਕਰਦੀ ਕੰਗਣਾ ਰਣੌਤ ਦੀ “ਐਮਰਜੈਂਸੀ” ਫਿਲਮ ਦਾ ਸਿੱਖ ਜਥੇਬੰਦੀਆਂ ਨੇ ਕੀਤਾ ਵਿਰੋਧ