HOME ਅੰਬੇਡਕਰ ਮਿਸ਼ਨ ਸੁਸਾਇਟੀ ਨੇ ਮਨਾਇਆ ਸੰਵਿਧਾਨ ਦਿਵਸ

ਅੰਬੇਡਕਰ ਮਿਸ਼ਨ ਸੁਸਾਇਟੀ ਨੇ ਮਨਾਇਆ ਸੰਵਿਧਾਨ ਦਿਵਸ

3

ਭਾਰਤੀ ਸੰਵਿਧਾਨ ਸਾਡੀ ਏਕਤਾ, ਅਧਿਕਾਰਾਂ, ਸਮਾਨਤਾ ਅਤੇ ਨਿਆਂ  ਦਾ ਪ੍ਰਤੀਕ ਹੈ – ਪ੍ਰੋ.  ਬਲਬੀਰ

ਫੋਟੋ ਕੈਪਸ਼ਨ: ਮੁਖ ਬੁਲਾਰੇ ਨੂੰ ਸਨਮਾਨ ਕਰਦੇ ਸੁਸਾਇਟੀ  ਦੇ ਆਗੂ ਅਤੇ ਪ੍ਰੋਗਰਾਮ ਦੀਆਂ ਕੁਝ ਝਲਕੀਆਂ

ਜਲੰਧਰ  (ਸਮਾਜ ਵੀਕਲੀ)   ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਵੱਲੋਂ ਅੰਬੇਡਕਰ ਭਵਨ, ਡਾ.ਅੰਬੇਡਕਰ ਮਾਰਗ, ਜਲੰਧਰ ਵਿਖੇ ਸੰਵਿਧਾਨ ਦਿਵਸ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ।  ਅੰਬੇਡਕਰ ਭਵਨ ਵਿੱਚ ਤਥਾਗਤ ਬੁੱਧ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਦੀ ਮੂਰਤੀ ਨੂੰ ਨਤਮਸਤਕ ਹੋਣ ਤੋਂ ਬਾਅਦ ਸਮਾਗਮ ਦੀ ਸ਼ੁਰੂਆਤ ਕੀਤੀ ਗਈ।  ਮੁੱਖ ਬੁਲਾਰੇ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਮੀਤ ਪ੍ਰਧਾਨ ਅਤੇ ਸਾਬਕਾ ਮੁਖੀ, ਰਾਜਨੀਤੀ  ਸ਼ਾਸਤਰ ਵਿਭਾਗ,  ਦੋਆਬਾ ਕਾਲਜ ਜਲੰਧਰ ਦੇ ਪ੍ਰੋਫ਼ੈਸਰ ਬਲਬੀਰ ਨੇ ਆਪਣੇ ਸੰਬੋਧਨ ਵਿੱਚ ਭਾਰਤੀ ਸੰਵਿਧਾਨ ਦਾ ਮਹੱਤਵ ਅਤੇ ਵਿਸ਼ੇਸ਼ਤਾਈਆਂ ਦਾ ਵਰਣਨ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਸਾਡੀ ਏਕਤਾ, ਅਧਿਕਾਰਾਂ ਅਤੇ ਸਮਾਨਤਾ,  ਨਿਆਂ  ਆਦਿ ਦਾ ਪ੍ਰਤੀਕ ਹੈ।  ਉਨ੍ਹਾਂ  ਨੇ ਡਾ. ਅੰਬੇਡਕਰ ਦੇ ਭਾਸ਼ਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤੀ ਲੋਕਤੰਤਰ ਦੇ ਭਵਿੱਖ ਦੀ ਚਿੰਤਾ ਜ਼ਾਹਿਰ ਕਰਦਿਆਂ ਬਾਬਾ ਸਾਹਿਬ ਵਲੋਂ ਲੋਕਤੰਤਰ ਦੇ ਪਤਨ ਨੂੰ ਲੈ ਕੇ ਦਿੱਤੀਆਂ ਤਿੰਨ ਚੇਤਾਵਨੀਆਂ ਦਾ ਜ਼ਿਕਰ ਵੀ ਕੀਤਾ ਅਤੇ ਭਾਰਤੀ ਸੰਵਿਧਾਨ ਨੂੰ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਦੱਸਿਆ। ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਅਤੇ  ਅੰਬੇਡਕਰ ਮਿਸ਼ਨ ਸੁਸਾਇਟੀ ਦੇ ਸਰਪ੍ਰਸਤ ਡਾ. ਜੀ.ਸੀ. ਕੌਲ ਨੇ ਭਾਰਤੀ ਸੰਵਿਧਾਨ ਦੀ ਮਹੱਤਾ ‘ਤੇ ਗੱਲ ਕਰਦਿਆਂ ਕਿਹਾ ਕਿ ਜੇਕਰ ਬਾਬਾ ਸਾਹਿਬ ਦਾ ਸੰਵਿਧਾਨ ਸਾਡੇ ਜੀਵਨ ਵਿੱਚ ਨਾ ਹੁੰਦਾ ਤੇ ਅਸੀਂ ਅੱਜ ਵੀ 3 ਹਜਾਰ ਸਾਲ ਪਹਿਲਾਂ ਵਾਲੀ ਗੁਲਾਮੀ ਵਾਲਾ ਜੀਵਨ ਭੋਗ ਰਹੇ ਹੁੰਦੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸੰਵਿਧਾਨ ਸਿਰਫ ਦਲਿਤਾਂ ਵਾਸਤੇ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਸੰਵਿਧਾਨ ਹੈ। ਪੂਰੇ ਭਾਰਤ ਨੂੰ ਸੰਵਿਧਾਨ ਦਿਵਸ ਨੂੰ ਬਹੁਤ ਉਤਸ਼ਾਹ ਦੇ ਨਾਲ ਮਨਾਉਣਾ ਚਾਹੀਦਾ ਹੈ। ਇਨ੍ਹਾਂ ਤੋਂ ਇਲਾਵਾ ਸਾਬਕਾ ਰਾਜਦੂਤ ਰਮੇਸ਼ ਚੰਦਰ ਅਤੇ ਸਮਰਪਿਤ ਅੰਬੇਡਕਰਵਾਦੀ ਅਤੇ ਬੁੱਧੀਜੀਵੀ ਸੋਹਨ ਲਾਲ ਸਾਂਪਲਾ ਜਰਮਨੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਚਰਨ ਦਾਸ ਸੰਧੂ ਨੇ ਕਿਹਾ ਕਿ ਭਾਰਤੀ ਸੰਵਿਧਾਨ ਦਾ ਵਿਰੋਧ ਕਰਨ ਵਾਲੇ ਲੋਕ ਇਹ ਯਾਦ ਰੱਖਣ ਕਿ ਇਹ ਸੰਵਿਧਾਨ ਉਨ੍ਹਾਂ ਦਾ ਵੀ ਭਲਾ ਕਰਦਾ ਹੈ। ਜਿਹੜੇ ਵੀ ਲੋਕ ਸੱਤਾ ਦਾ ਸੁੱਖ ਭੋਗ ਰਹੇ ਹਨ, ਉਹ ਇਸੇ ਹੀ ਸੰਵਿਧਾਨ ਸਦਕਾ ਹੈ।, ਭਾਰਤੀ ਸੰਵਿਧਾਨ ਦੀ ਖਾਸੀਅਤ ਇਹ ਹੈ ਕਿ ਦੇਸ਼ ਵਿੱਚ ਵਿਭਿੰਨ  ਭਾਸ਼ਾਵਾਂ, ਜਾਤਾਂ,  ਧਰਮ ਅਤੇ ਸੈਂਕੜੇ ਤਰ੍ਹਾਂ ਦਾ ਆਪਾ ਵਿਰੋਧ ਹੋਣ ਦੇ ਬਾਵਜੂਦ ਵੀ ਸੰਵਿਧਾਨ ਨੇ ਇਨ੍ਹਾਂ  ਸੱਭ ਨੂੰ ਇੱਕ ਲੜੀ ਵਿੱਚ ਪਰੋਈ ਰੱਖਿਆ ਹੈ ਅਤੇ 75 ਸਾਲ ਬਾਅਦ ਵੀ ਦੇਸ਼ ਦੀ ਅਖੰਡਤਾ ਬਰਕਰਾਰ ਹੈ। ਇਸ ਲਈ ਡਾ. ਅੰਬੇਡਕਰ ਵੱਲੋਂ ਬਣਾਏ ਗਏ ਸੰਵਿਧਾਨ ਦਾ ਪੂਰੇ ਭਾਰਤ ਵਾਸੀਆਂ ਨੂੰ ਸਤਿਕਾਰ ਕਰਨਾ ਚਾਹੀਦਾ ਹੈ। ਸਟੇਜ ਦਾ ਸੰਚਾਲਨ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਬਾਖੂਬੀ ਕੀਤਾ। ਇਸ ਮੌਕੇ ਐਡਵੋਕੇਟ ਪਰਮਿੰਦਰ ਸਿੰਘ ਖੁੱਤਣ, ਤਿਲਕਰਾਜ, ਐਡਵੋਕੇਟ ਹਰਭਜਨ ਸਾਂਪਲਾ, ਬਲਦੇਵ ਰਾਜ ਜੱਸਲ, ਸੋਹਣ ਲਾਲ  (ਰੀਟਾ.ਡੀ ਪੀ ਆਈ), ਹਰਮੇਸ਼ ਜੱਸਲ , ਪਿਸ਼ੌਰੀ ਲਾਲ ਸੰਧੂ, ਜੋਤੀ ਪ੍ਰਕਾਸ਼, ਡੀ ਪੀ ਭਗਤ, ਹਰੀ ਸਿੰਘ ਥਿੰਦ, ਡਾ. ਸਤਪਾਲ, ਜਗਤਾਰ ਰਾਮ, ਰਜਿੰਦਰ ਕੁਮਾਰ, ਪ੍ਰਿੰਸੀਪਲ ਪਰਮਜੀਤ ਜੱਸਲ, ਪ੍ਰੋਫੈਸਰ ਅਸ਼ਵਨੀ ਜੱਸਲ, ਪ੍ਰਿੰਸੀਪਲ ਕੇ.ਐਸ. ਫੁੱਲ, ਨਿਰਮਲ ਬਿੰਝੀ, ਹਰੀ ਰਾਮ, ਧਨੀ ਰਾਮ ਸੂਦ, ਅਮਜਦ ਬੇਗ, ਮੈਡਮ ਸੁਮਨ, ਸੁਖਵਿੰਦਰ ਕੌਰ, ਸੁਰਿੰਦਰ ਕੌਰ ਆਦਿ ਹਾਜ਼ਰ ਸਨ।

ਬਲਦੇਵ ਰਾਜ ਭਾਰਦਵਾਜ

ਜਨਰਲ ਸਕੱਤਰ  ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous articleਕੀ ਦੁੱਧ ਮਾਂਸਾਹਾਰੀ ਹੋ ਸਕਦਾ ਹੈ?
Next articleਕਾਰ ਅਤੇ ਮੱਝ ਦੀ ਟੱਕਰ ‘ਚ’ ਮੱਝ ਦੀ ਮੌਕੇ ਤੇ ਮੌਤ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ