‘ਆਪ’ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਕਾਂਗਰਸ ਵਿੱਚ ਸ਼ਾਮਲ

ਚੰਡੀਗੜ੍ਹ (ਸਮਾਜ ਵੀਕਲੀ) : ਆਮ ਆਦਮੀ ਪਾਰਟੀ ਦੀ ਬਠਿੰਡਾ (ਦਿਹਾਤੀ) ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ‘ਆਪ’ ਤੋਂ ਅਸਤੀਫ਼ਾ ਦੇਣ ਮਗਰੋਂ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਧਾਨ ਨਵਜੋਤ ਸਿੱਧੂ ਦੀ ਮੌਜੂਦਗੀ ਵਿਚ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ ਹਨ। ਆਗਾਮੀ ਚੋਣਾਂ ਤੋਂ ਪਹਿਲਾਂ ਇਹ ‘ਆਪ’ ਲਈ ਇੱਕ ਵੱਡਾ ਝਟਕਾ ਹੈ। ‘ਆਪ’ ਦੇ ਹੁਣ ਤੱਕ ਪੰਜ ਵਿਧਾਇਕ ਕਾਂਗਰਸ ਦਾ ਪੱਲਾ ਫੜ ਚੁੱਕੇ ਹਨ। ਰੂਬੀ ਨੇ ਮੰਗਲਵਾਰ ਨੂੰ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਯੂਨਿਟ ਦੇ ਕਨਵੀਨਰ ਭਗਵੰਤ ਮਾਨ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਭੇਜ ਦਿੱਤਾ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਰੂਬੀ ਦਾ ਪਾਰਟੀ ’ਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਸਿੱਧੂ ਨੇ ਇਸ ਮੌਕੇ ਭਰੋਸਾ ਦਿੱਤਾ ਕਿ ਰੂਬੀ ਨੂੰ ਪਾਰਟੀ ’ਚ ਇੱਕ ਪਰਿਵਾਰਕ ਮੈਂਬਰ ਵਾਂਗ ਸਨਮਾਨ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਕ ਰੂਬੀ ਨੂੰ ‘ਆਪ’ ਤੋਂ ਆਪਣੀ ਟਿਕਟ ਕੱਟੇ ਜਾਣ ਦਾ ਡਰ ਸੀ।

ਇਸ ਮੌਕੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਪਰਗਟ ਸਿੰਘ, ਰਾਜਾ ਵੜਿੰਗ ਆਦਿ ਹਾਜ਼ਰ ਸਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਹੁਣ ਆਮ ਆਦਮੀ ਦਾ ਰਾਜ ਸਥਾਪਿਤ ਹੋ ਗਿਆ ਹੈ ਅਤੇ ਜਿਸ ਜੋਸ਼ ਨਾਲ ਕਿਸੇ ਸਮੇਂ ਪੰਜਾਬ ਦਾ ਨੌਜਵਾਨ ‘ਆਪ’ ਵੱਲ ਗਿਆ ਸੀ, ਅੱਜ ਉਹੀ ਨੌਜਵਾਨ ਉਸੇ ਜੋਸ਼ ਨਾਲ ਕਾਂਗਰਸ ਵੱਲ ਵਧ ਰਿਹਾ ਹੈ। ‘ਪੰਜਾਬ ਦੇ ਲੋਕ ਜਿਹੋ ਜਿਹਾ ਰਾਜ ਚਾਹੁੰਦੇ ਸਨ, ਉਹ ਅੱਜ ਉਨ੍ਹਾਂ ਨੂੰ ਮਿਲ ਗਿਆ ਹੈ।’ ਉਨ੍ਹਾਂ ਦੱਸਿਆ ਕਿ ਬਿਨਾਂ ਕਿਸੇ ਟਿਕਟ ਦੇ ਲਾਲਚ ਤੋਂ ਰੂਬੀ ਪਾਰਟੀ ’ਚ ਸ਼ਾਮਲ ਹੋਏ ਹਨ। ‘ਆਪ’ ਦੇ ਹੋਰ ਵਿਧਾਇਕਾਂ ਦੇ ਵੀ ਕਾਂਗਰਸ ’ਚ ਆਉਣ ਬਾਰੇ ਪੁੱਛੇ ਗਏ ਸੁਆਲ ਦੇ ਜੁਆਬ ’ਚ ਚੰਨੀ ਨੇ ਸਿਰਫ਼ ਇੰਨਾ ਕਿਹਾ ਕਿ ‘ਕਾਹਨੂੰ ਖੋਲ੍ਹਦੇ ਹੋ ਗੱਲਾਂ।’

ਚੰਨੀ ਸਰਕਾਰ ਦੇ 50 ਦਿਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋਈ: ਰੂਬੀ

ਵਿਧਾਇਕ ਰੁਪਿੰਦਰ ਰੂਬੀ ਨੇ ਕਾਂਗਰਸ ਸਰਕਾਰ ਨੂੰ ਆਮ ਆਦਮੀ ਦੀ ਸਰਕਾਰ ਦੱਸਦੇ ਹੋਏ ਕਿਹਾ ਕਿ ਜੋ ਚੰਨੀ ਸਰਕਾਰ ਨੇ 50 ਦਿਨਾਂ ’ਚ ਕਰ ਦਿਖਾਇਆ ਹੈ, ਕੇਜਰੀਵਾਲ ਦੀ ਦਿੱਲੀ ਸਰਕਾਰ 49 ਦਿਨਾਂ ਵਿਚ ਨਹੀਂ ਕਰ ਸਕੀ ਸੀ। ਰੂਬੀ ਨੇ ਤਰਕ ਦਿੱਤਾ ਕਿ ਪਿਛਲੇ 50 ਦਿਨਾਂ ਦੇ ਕੰਮ ਦੇਖ ਕੇ ਉਸ ਨੇ ਕਾਂਗਰਸ ’ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ ਜਦੋਂ ਕਿ ‘ਆਪ’ ਦੀ ਕਹਿਣੀ ਅਤੇ ਕਰਨੀ ‘ਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਟਿਕਟ ਦੇ ਲੋਭ ਵਿਚ ਕਾਂਗਰਸ ’ਚ ਨਹੀਂ ਆਈ ਹੈ। ‘ਮੈਂ ‘ਆਪ’ ਵਿਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਲਈ ਲੜ ਰਹੀ ਸੀ ਜਦੋਂ ਕਿ ਬਾਕੀ ਕਿਸੇ ’ਚ ਏਨੀ ਬੋਲਣ ਦੀ ਹਿੰਮਤ ਨਹੀਂ ਹੈ, ਸਭ ਨੂੰ ਟਿਕਟਾਂ ਕੱਟੇ ਜਾਣ ਦਾ ਡਰ ਹੈ।’ ਉਨ੍ਹਾਂ ਕਿਹਾ ਕਿ ਕੋਈ ਵੀ ਕੇਜਰੀਵਾਲ ਖ਼ਿਲਾਫ਼ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ।

ਕੇਜਰੀਵਾਲ ਨੂੰ ਆਮ ਆਦਮੀ ਦਾ ਕੀ ਪਤੈ: ਚੰਨੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤਾਂ ਨਕਲੀ ਆਮ ਆਦਮੀ ਬਣਿਆ ਹੈ ਜਦੋਂ ਕਿ ਉਨ੍ਹਾਂ ਨੂੰ ਸਭ ਘਰੇਲੂ ਕੰਮ ਆਉਂਦੇ ਹਨ। ‘ਮੈਨੂੰ ਤਾਂ ਮੱਝਾਂ ਦੀਆਂ ਧਾਰਾਂ ਕੱਢਣੀਆਂ, ਮੱਝਾਂ ਨੂੰ ਸੰਨ੍ਹੀ ਰਲਾਉਣੀ ਆਉਂਦੀ ਹੈ, ਲੋੜ ਪੈਣ ’ਤੇ ਪਸ਼ੂਆਂ ਨੂੰ ਟੀਕੇ ਲਾਉਣ ਦਾ ਵੀ ਗੁਰ ਹੈ, ਪੇਂਡੂ ਖੇਡਾਂ ਆਉਂਦੀਆਂ ਨੇ।’ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਆਮ ਆਦਮੀ ਦਾ ਕੀ ਪਤਾ ਹੈ। ਪੰਜਾਬ ਦੇ ਨੌਜਵਾਨ ਕਿਉਂ ਬਾਹਰ ਜਾ ਰਹੇ ਹਨ, ਉਸ ਨੂੰ ਕੀ ਪਤੈ। ਚੰਨੀ ਨੇ ਆਪਣੀ ਮਾਂ ਵੱਲੋਂ ਪਾਈ ਜਾਂਦੀ ਬੋਲੀ ‘ਵਧਾਈਆਂ ਜੀ ਵਧਾਈਆਂ’ ਬੋਲ ਕੇ ਰੂਬੀ ਦਾ ਪਾਰਟੀ ’ਚ ਸਵਾਗਤ ਕੀਤਾ।

Previous articleਕਿਸਾਨਾਂ ਨੇ ਫਿਰੋਜ਼ਪੁਰ ’ਚ ਹਰਸਿਮਰਤ ਦਾ ਕਾਫ਼ਲਾ ਘੇਰਿਆ
Next articleਲਖੀਮਪੁਰ ਖੀਰੀ ਹਿੰਸਾ: ਕੇਂਦਰੀ ਮੰਤਰੀ ਦੇ ਪੁੱਤਰ ਕੋਲੋਂ ਮਿਲੇ ਹਥਿਆਰ ਵਿਚੋਂ ਗੋਲੀ ਚੱਲਣ ਦੀ ਪੁਸ਼ਟੀ