ਰਾਮਗੜ੍ਹ ਜਵੰਧੇ ਸਕੂਲ ਵਿਖੇ ਤਰਕਸ਼ੀਲ ਸਮਾਗਮ ਹੋਇਆ

ਜਗਦੇਵ ਕੰਮੋਮਾਜਰਾ ਨੇ ਪੇਸ਼ ਕੀਤਾ ਜਾਦੂ ਸ਼ੋਅ

ਦੁਨੀਆਂ ਵਿੱਚ ਚਮਤਕਾਰ ਨਹੀਂ ਘਟਨਾਵਾਂ ਵਾਪਰਦੀਆਂ ਹਨ

ਘਟਨਾਵਾਂ ਦੇ ਕਾਰਨ ਜਾਣਨਾ ਹੀ ਤਰਕਸ਼ੀਲਤਾ-ਮਾਸਟਰ ਪਰਮਵੇਦ

ਸੰਗਰੂਰ (ਰਮੇਸ਼ਵਰ ਸਿੰਘ) (ਸਮਾਜ ਵੀਕਲੀ): ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਅਜ ਸਰਕਾਰੀ ਹਾਈ ਸਕੂਲ ਰਾਮਗੜ੍ਹ ਜਵੰਧੇ ਵਿਖੇ ਮਾਸਟਰ ਪਰਮਵੇਦ,ਸੀਤਾ ਰਾਮ ਤੇ ਜਗਦੇਵ ਕੰਮੋਮਾਜਰਾ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਤਰਕਸ਼ੀਲ ਪਰੋਗਰਾਮ ਦਿੱਤਾ ਗਿਆ ਅਧਿਆਪਕ ਸਹਿਦੇਵ ਸਿੰਘ ਵੱਲੋਂ ਤਰਕਸ਼ੀਲ ਟੀਮ ਬਾਰੇ ਜਾਣਕਾਰੀ ਦਿੰਦਿਆਂ ਤਰਕਸ਼ੀਲ ਟੀਮ ਦਾ ਸਵਾਗਤ ਕੀਤਾ ਤੇ ਤਰਕਸ਼ੀਲਾਂ ਦੇ ਸੁਨੇਹੇ ਲੋਕਾਂ ਨੂੰ ਅੰਧਵਿਸ਼ਵਾਸਾਂ,ਵਹਿਮਾਂ -ਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਹਨ੍ਹੇਰੇ ਵਿੱਚੋਂ ਨਿਕਲਣ ਤੇ ਵਿਗਿਆਨਕ ਵਿਚਾਰਾਂ ਦੇ ਧਾਰਨੀ ਬਣਨ ਬਾਰੇ ਜਾਣਕਾਰੀ ਦਿੱਤੀ।ਇਸ ਤੋਂ ਬਾਅਦ ਸਮਾਗਮ ਦੇ ਮੁਖ ਬੁਲਾਰੇ ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਸੰਗਰੂਰ- ਬਰਨਾਲਾ ਦੇ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅੰਧਵਿਸ਼ਵਾਸ਼ਾਂ,ਵਹਿਮਾਂ- ਭਰਮਾਂ, ਲਾਈਲਗਤਾ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲਣ ਕੇ ਆਪਣਾ ਸੋਚਣ ਢੰਗ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੱਤਾ।ਉਨਾਂ ਕਿਹਾ ਕਿ ਵਿਗਿਆਨਕ ਤੌਰ ਤੇ ਜਾਗਰੂਕ ਹੋ ਕੇ ਤੇ ਨੈਤਿਕ ਕਦਰਾਂ ਕੀਮਤਾਂ ਅਪਣਾ ਕੇ ਆਪਣੀ ਸ਼ਖਸ਼ੀਅਤ ਨੂੰ ਵਿਕਸਤ ਕਰਨਾ ਚਾਹੀਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਹਿੰਮਤ ,ਲਗਨ , ਤੇ ਕੀ,ਕਿਉਂ ਕਿਵੇਂ ਆਦਿ ਵਿਗਿਆਨਕ ਗੁਣ ਅਪਣਾ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਦਿਨਾਂ,ਨੰਬਰਾਂ,ਮਿਤੀਆਂ,ਸੂਰਜ ,ਚੰਦ ਗ੍ਰਹਿਣ ਦਿਨਾਂ ਦੇ ਛੋਟੇ ਵੱਡੇ ਹੋਣ ਆਦਿ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ,ਉਨ੍ਹਾਂ ਜੋਤਿਸ਼ ਤੇ ਵਾਸਤੂ ਸ਼ਾਸਤਰ ਨੂੰ ਗੈਰਵਿਗਿਆਨਕ ਕਹਿੰਦਿਆਂ ਭੂਤਾਂ ਪ੍ਰੇਤਾਂ ਆਦਿ ਦੀ ਅਣਹੋਂਦ ਬਾਰੇ ਵਿਸਥਾਰ ਪੂਰਵਕ ਸਮਝਾਉਂਦਿਆਂ ਇਨ੍ਹਾਂ ਨੂੰ ਮਨੋਕਲਪਿਤ ਕਿਹਾ।ਮਾਸਟਰ ਪਰਮਵੇਦ ਨੇ ਕਿਹਾ ਕਿ ਦੁਨੀਆਂ ਵਿੱਚ ਘਟਨਾਵਾਂ ਵਾਪਰਦੀਆਂ ਹਨ ,ਕੋਈ ਚਮਤਕਾਰ ਨਹੀਂ,ਘਟਨਾਵਾਂ ਦੇ ਕਾਰਨ ਜਾਣਨਾ ਹੀ ਤਰਕਸ਼ੀਲਤਾ ਹੈ। ਕਿਸੇ ਗਲ ਨੂੰ ਮੰਨਣ ਤੋਂ ਪਹਿਲਾਂ ਉਸਨੂੰ ਤਰਕ ਦੀ ਕਸੌਟੀ ਤੇ ਪਰਖਣ ਦਾ ਸੁਨੇਹਾ ਦਿੱਤਾ। ਇਸ ਮੌਕੇ ਜਗਦੇਵ ਕੰਮੋਮਾਜਰਾ ਨੇ ਜਾਦੂ ਸ਼ੋਅ ਰਾਹੀਂ ਹਾਜ਼ਰੀਨ ਦਾ ਸਾਰਥਿਕ ਮਨੋਰੰਜਨ ਕੀਤਾ।ਉਨ੍ਹਾਂ ਕਿਹਾ ਕਿ ਜਾਦੂ ਇੱਕ ਕਲਾ ਹੈ,ਹੱਥ ਦੀ ਸਫਾਈ ਹੈ। ਉਨ੍ਹਾਂ ਰੁਮਾਲ ਤੋਂ ਛੜੀ ਬਣਾਉਣ,ਛੜੀ ਤੋਂ ਫੁੱਲ ਬਣਾਉਣਾ,ਫੁਲ ਗਾਇਬ ਕਰਨਾ,ਕਾਗਜ ਨੂੰ ਮਚਾ ਕੇ ਨੋਟ ਬਣਾਉਣ ਆਦਿ ਟ੍ਰਿੱਕਾਂ ਰਾਹੀਂ ਬੱਚਿਆਂ ਨੂੰ ਵਿਗਿਆਨਕ ਸੋਚ ਅਪਨਾਉਣ ਦਾ ਹੋਕਾ ਦਿੱਤਾ ।ਮੁਖ ਅਧਿਆਪਕਾ ਸ਼ਰਨਜੀਤ ਕੌਰ, ਸਮੇਤ ਮਹਿੰਦਰ ਸਿੰਘ,ਰਵਿੰਦਰ ਸਿੰਘ,ਹਰਿੰਦਰ ਸਿੰਘ,ਸਾਹਿਲ ਬਾਂਸਲ,ਰੀਚਾ ਗੋਇਲ,ਸਹਿਦੇਵ ਸਿੰਘ,ਜਗਦੀਪ ਕੌਰ,ਰੁਪਿੰਦਰਜੀਤ ਕੌਰ,ਬੇਅੰਤ ਕੌਰ,ਰਣਜੀਤ ਸਿੰਘ ਅਧਿਆਪਕਾਂ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।ਮਾਸਟਰ ਮਹਿੰਦਰ ਸਿੰਘ ਨੇ ਵਿਗਿਆਨਕ ਵਿਚਾਰਾਂ ਦਾ ਛੱਟਾ ਦੇਣ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਆਪਣਾ ਨਜ਼ਰੀਆ ਵਿਗਿਆਨਕ ਬਣਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਸਿਖਿਆਦਾਇਕ ਤੇ ਭਾਵਪੂਰਤ ਹੋ ਨਿਬੜਿਆ।

 

Previous articleਚਮਕੌਰ ਗੜ੍ਹੀ ਵਿੱਚ ਸ਼ਹੀਦ ਸਿੰਘਾਂ ਦਾ ਸ਼ਸਕਾਰ
Next articleਮਰਿਆਦਾ