HOME ਪੰਜਾਬ ਦੇ ਸਮੂਹ ਐਸ.ਸੀ ਵਰਗਾਂ ਦਾ ਵੀ ਇੱਕ ਸਾਂਝਾ ਸੰਯੁਕਤ ਮੋਰਚਾ ਬਣਾਉਣਾ...

ਪੰਜਾਬ ਦੇ ਸਮੂਹ ਐਸ.ਸੀ ਵਰਗਾਂ ਦਾ ਵੀ ਇੱਕ ਸਾਂਝਾ ਸੰਯੁਕਤ ਮੋਰਚਾ ਬਣਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ : ਪਰਮਿੰਦਰ ਸਮਾਣਾ

2
ਪਰਮਿੰਦਰ ਸਮਾਣਾ
ਮਾਲੇਰਕੋਟਲਾ   (ਸਮਾਜ ਵੀਕਲੀ)   (ਕੁਲਵੰਤ ਸਿੰਘ ਮੁਹਾਲੀ) ਪੰਜਾਬ ਦੇ ਹੋਰਨਾਂ ਵਰਗਾਂ ਜਿਵੇੰ ਕਿਸਾਨਾਂ ਦਾ ਐਸ.ਕੇ.ਐਮ ਆਦਿ ਦੀ ਤਰਾਂ ਪੰਜਾਬ ਦੀਆਂ ਸਮੂਹ ਐਸ ਸੀ ਜਥੇਬੰਦੀਆਂ (ਅੰਬੇਡਕਰਬਾਦੀ ਜੱਥੇਬੰਦੀਆਂ) ਨੂੰ ਵੀ ਆਪਣੇ ਸਮਾਜ ਦੀਆਂ ਮੁਸ਼ਕਿਲਾਂ,ਲੋੜਾਂ ਦਾ ਹੱਲ ਕਰਨ ਅਤੇ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਕੇ ਅਪਣਾ ਇੱਕ ਸਾਂਝਾ ਸੰਯੁਕਤ ਮੋਰਚਾ ਬਣਾਉਣਾ ਅਜੋਕੇ ਸਮੇਂ ਦੀ ਪ੍ਰਮੁੱਖ ਲੋੜ ਬਣ ਗਈ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਾਵਾ ਡਾ ਬੀ ਆਰ ਅੰਬੇਡਕਰ ਹਿਊਮਨ ਰਾਈਟਸ ਐਂਡ ਵੈੱਲਫੇਅਰ ਫਾਊਂਡੇਸ਼ਨ ਪੰਜਾਬ (ਰਜਿ) ਦੇ ਪ੍ਰਧਾਨ ਸ ਪਰਮਿੰਦਰ ਸਿੰਘ ਸਮਾਣਾ (ਮੋ. ਨੰ. 97794-33001) ਨੇ ਅੱਜ ਅਮਰਗੜ੍ਹ ਵਿਖ਼ੇ ਚੋਣਵੇਂ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਵਿੱਚ ਐਸ.ਸੀ ਭਾਈਚਾਰੇ ਦੀ ਕਰੀਬ 40% ਆਬਾਦੀ ਹੈ, ਪਰ ਕਿਸੇ ਵੀ ਰਾਜਨੀਤਿਕ ਪਾਰਟੀ ਕੋਈ ਵੀ ਲੀਡਰ ਭਾਵੇਂ ਉਹ ਸੱਤਾਧਾਰੀ ਹੀ ਕਿਉਂ ਨਾ ਹੋਵੇ ਜਿਹਨੇ ਸਾਡੀਆਂ ਵੋਟਾਂ ਲੈਕੇ ਸੱਤਾ ਦਾ ਸੁੱਖ ਮਾਣਿਆ, ਕਾਫੀ ਧਨ ਵੀ ਇਕੱਠਾ ਕਰ ਲਿਆ ਹੋਵੇ ਪਰ  ਕੋਈ ਵੀ ਲੀਡਰ ਅੱਜ ਐਸ.ਸੀ ਸਮਾਜ ਦੇ ਜਿਹੜੇ ਬੁਨਿਆਦੀ ਸਵਾਲ ਚਿਰਾਂ ਤੋਂ ਆਪਣਾ ਉਤਰ ਉਡੀਕਦੇ ਹਨ,ਉਨ੍ਹਾਂ ਦਾ ਹੱਲ ਜਾਂ ਉਤਰ ਦੇਣ ਲਈ ਕੋਈ ਲੀਡਰ ਆਪਣੀ ਜੁਬਾਨ ਤੱਕ ਨਹੀਂ ਖੋਲ੍ਹ ਰਿਹਾ।
                         ਉਨ੍ਹਾਂ ਕਿਹਾ ਕਿ ਜੇ ਦੇਸ਼ ਦੀਆਂ 52 ਕਿਸਾਨਾਂ ਦੀਆਂ ਜਥੇਬੰਦੀਆਂ ਇਕੱਠੀਆਂ ਹੋਕੇ,ਆਪਣੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਇੱਕ ਸਾਂਝਾ ਸੰਯੁਕਤ ਮੋਰਚਾ ਕਿਸਾਨ (ਐਸ.ਕੇ.ਐਮ) ਬਣਾ ਕੇ ਸੰਘਰਸ਼ ਕਰਕੇ ਆਪਣੀਆਂ ਮੰਗਾਂ ਮੰਨਣ ਲਈ ਸਰਕਾਰਾਂ ਨੂੰ ਮਜਬੂਰ ਕਰਕੇ ਉਨ੍ਹਾਂ ਕੋਲੋਂ ਮੰਗਾਂ ਮਨਵਾ ਸਕਦੀਆਂ ਨੇ ਤਾਂ ਫਿਰ ਅਸੀਂ ਜਿਹੜੇ  ਐਸ.ਸੀ ਵਰਗਾਂ ਦੇ ਲੋਕ ਹਾਂ ਅਸੀਂ ਚਾਹੇ ਛੋਟੇ ਹਾਂ ਚਾਹੇ ਵੱਡੇ ਤਾਂ ਅਸੀਂ ਵੀ ਇਕੱਠੇ ਹੋਈਏ ਅਤੇ ਦਲਿਤਾਂ ਉਪਰ ਜੋ ਅੱਤਿਆਚਾਰ ਹੋ ਰਿਹੈ ਉਸਨੂੰ ਰੋਕਣ ਲਈ ਇਕਜੁੱਟ ਹੋਕਰ ਸੰਘਰਸ਼ ਕਰੀਏ।ਉਨ੍ਹਾਂ ਕਿਹਾ ਕਿ ਤੁਸੀਂ ਦੇਖੋਗੇ ਅਗਲੇ ਸਾਲ 2027 ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਾਂ ਪੈਣਗੀਆਂ।ਪਿਛਲੇ ਸਾਲ ਵੀ ਵੋਟਾਂ ਲੰਘੀਆਂ ਨੇ ਠੀਕ ਉਸੇ ਤਰਾਂ ਹੁਣ ਵੀ ਫਿਰ ਤੋਂ ਵੋਟਾਂ ਲੈਣ  ਵਾਸਤੇ ਹਰੇਕ ਪਾਰਟੀ ਦਾ ਐਸ.ਸੀ ਲੀਡਰ ਅਤੇ ਜਰਨਲ ਲੀਡਰ ਕਿਵੇਂ ਝੁੰਡ ਬਣਾ ਕੇ ਸਾਡੇ ਵਿਹੜਿਆਂ ਚ ਆਉਣਗੇ ਅਤੇ ਵੋਟਾਂ ਲੈਕੇ ਜਿੱਤ ਕੇ ਫਿਰ ਅਰਾਮ ਨਾਲ ਪੰਜ ਸਾਲ ਆਪਣੇ ਆਪਣੇ ਕੰਮ ਕਰਨਗੇ ਪਰ ਸਾਡੀ ਜਾਂ ਸਾਡੀਆਂ ਜਰੂਰਤਾਂ ਦੀ ਯਾਦ ਕਿਸੇ ਨੂੰ ਨਹੀਂ ਆਉਣੀ ਕਿਉਂਕਿ ਸਾਡੀ ਯਾਦ ਦਾ ਇਨ੍ਹਾਂ ਲੋਕਾਂ ਨੂੰ ਸਿਰਫ ਤੇ ਸਿਰਫ ਵੋਟਾਂ ਲੈਣ ਵੇਲੇ ਹੀ ਆਉਂਦੀ ਹੈ।ਉਨ੍ਹਾਂ ਕਿਹਾ ਕਿ ਜਦੋਂ ਸਾਡੇ ਸਮਾਜ ਦੇ ਕਿਸੇ ਪਰਿਵਾਰ ਤੇ ਅੱਤਿਆਚਾਰ ਹੁੰਦੈ ਜਾਂ ਕੋਈ ਜਬਰ-ਜਨਾਹ  ਹੁੰਦਾ ਜਾਂ ਸਾਡੀ ਧੀ ਭੈਣ ਨਾਲ ਕਿਸੇ ਕਿਸਮ ਦਾ ਧੱਕਾ ਹੁੰਦਾ ਜਾਂ ਸਾਡੇ ਕੋਲੋਂ ਕੰਮ ਕਰਾ ਕੇ ਕੋਈ ਸਾਡੀ ਦਿਹਾੜੀ ਦੀ ਮਜਦੂਰੀ ਨਹੀਂ ਦਿੰਦਾ ਤਾਂ ਉਦੋਂ ਇਹਨਾਂ ਚਿੱਟੇ ਕੱਪੜਿਆਂ ਵਾਲੇ ਲੀਡਰਾਂ ਦੇ ਵਿੱਚੋਂ ਕੋਈ ਵੀ ਸਾਡੀ ਮੱਦਦ ਕਰਨ ਲਈ ਨਹੀਂ ਸੀ ਬਹੁੜਦਾ।
                                   ਉਨ੍ਹਾਂ ਕਿਹਾ ਕਿ ਸਾਡੇ ਹੀ ਸਮਾਜ ਦੇ ਬਹੁਤ ਸਾਰੇ ਲੋਕੀਂ ਆਪੋ-ਆਪਣੀਆਂ ਜਥੇਬੰਦੀਆਂ ਬਣਾ ਕੇ ਵੱਖੋ ਵੱਖ ਫਿਰ ਰਹੇ ਹਨ ਜਿਸਦਾ ਕੋਈ ਬਹੁਤਾ ਸਾਰਥਕ ਨਤੀਜਾ ਨਹੀਂ ਨਿਕਲ ਰਿਹਾ, ਸਾਡੇ ਵਿੱਚੋ ਕਈਆਂ ਨੂੰ ਤਾਂ ਗਰੀਬੀ ਲਫ਼ਜ਼ ਦੇ ਅਸਲੀ ਅਰਥ ਵੀ ਨਹੀਂ ਪਤਾ ਪਰ ਉਹ ਵੀ ਸ਼ੋਸ਼ਲ ਮੀਡੀਆ ਉਪਰ ਪੋਸਟਾਂ ਪਾਕੇ ਆਪਣੇ ਆਪ ਨੂੰ ਗਰੀਬਾਂ ਦੇ ਸੱਚੇ ਹਮਦਰਦ ਅਤੇ ਰੱਖਵਾਲੇ ਅਖਵਾਉਂਦੇ ਹਨ। ਪਰ ਜਦੋਂ ਕਿਤੇ ਗਰੀਬ ਵਰਗਾਂ ਨੂੰ ਮੱਦਦ ਦੀ ਜਰੂਰਤ ਹੁੰਦੀ ਹੈ ਇਨ੍ਹਾਂ ਜੱਥਬੰਦੀਆਂ ਵਿੱਚੋ ਬਹੁਤੇ ਤਾਂ ਮੌਕੇ ਤੇ ਲੱਭਦੇ ਹੀ ਹੁੰਦੇ ਤੇ ਹਾਂ ਪਰ ਕੁੱਝ ਲੋਕੀਂ ਹਨ ਜੋ ਔਖੇ ਵੇਲੇ ਵੀ ਗਰੀਬਾਂ ਦੀ ਮੱਦਦ ਲਈ ਬਹੁੜਦੇ ਹਨ।ਮੇਰਾ ਅੱਜ ਦੀ ਇਸ ਮੀਟਿੰਗ ਦਾ ਮੁੱਖ ਮਕਸਦ ਇਹ ਹੈ ਕਿ ਜੇਕਰ ਸਮਾਜ ਦੇ ਹੋਰ ਵਰਗ ਜਿਨਾਂ ਵਿੱਚ ਕਿਸਾਨ ਜਥੇਬੰਦੀਆਂ, ਵਪਾਰ ਮੰਡਲ ਜਾਂ ਹੋਰ ਸਮਾਜ ਦੇ ਕਈ ਵਰਗਾਂ ਦੇ ਲੋਕੀ ਜੱਥੇ ਬੰਦੀਆਂ ਬਣਾ ਕੇ ਆਪੋ-ਆਪਣੇ ਸਮਾਜ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਹਨ ਅਤੇ ਲੋੜ ਪੈਣ ਵੇਲੇ ਸਾਰੇ ਗਿਲੇ-ਸ਼ਿਕਵੇ ਭੁਲਾ ਕੇ ਆਪਸ ਵਿੱਚ ਇਕੱਠੇ ਹੋ ਕੇ ਇੱਕ ਮੋਰਚਾ ਬਣਾ ਕੇ ਸੰਘਰਸ਼ ਕਰਕੇ ਵੱਡੀ ਤੋਂ ਵੱਡੀ ਮੁਸ਼ਕਿਲ ਦਾ ਹੱਲ ਕਰਵਾਉਂਦੇ ਹਨ।ਪਰ ਸਾਡੇ ਐਸ.ਸੀ ਵਰਗਾਂ ਦੇ ਲੋਕੀ ਜਦੋਂ ਸਾਡੇ ਆਪਣੇ ਸਮਾਜ ਦੇ ਬੰਦੇ ਨੂੰ ਔਖੇ ਵੇਲੇ ਕਿਸੇ ਮਦਦ ਦੀ ਲੋੜ ਪੈ ਜਾਵੇ ਅਤੇ ਜੇਕਰ ਇੱਕ ਜਥੇਬੰਦੀ ਉਸਦੀ ਮੱਦਦ ਲਈ ਅੱਗੇ ਆ ਗਈ ਤਾਂ ਉਸ ਦੀ ਜਿੱਦ ਦੇ ਵਿੱਚ ਪੀੜਤ ਵਿਅਕਤੀ ਦੀ ਮੱਦਦ ਕਰਨ ਲਈ ਦੂਸਰੇ ਪਹੁੰਚਦੇ ਹੀ ਨਹੀਂ।ਜਦਕਿ ਆਪਣੇ ਸਾਰੇ ਗਿਲੇ-ਛਿਕਵੇਂ ਭੁਲਾ ਕੇ ਕਿਸੇ ਲੋੜਵੰਦ ਜਾਂ ਪੀੜਤ ਵਿਅਕਤੀ ਜਾਂ ਔਰਤ ਨਾਲ ਧੱਕਾ ਹੁੰਦੈ, ਜਾਂ ਕੋਈ ਹੋਰ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਸਾਨੂੰ ਇਕੱਠੇ ਹੋ ਕੇ ਲੋੜਵੰਦਾਂ ਦੀ ਮਦਦ ਲਈ ਸੰਘਰਸ਼ ਕਰਨਾ ਚਾਹੀਦਾ ਹੈ।
                                ਅਸੀਂ ਕਿਉਂ ਨਹੀਂ ਇਕੱਠੇ ਹੋ ਰਹੇ ਜਾਂ ਇਕੱਠੇ ਹੋ ਸਕਦੇ, ਇਸ ਦਾ ਇੱਕੋ-ਇੱਕ ਮੁੱਖ ਕਾਰਨ ਹੈ ਸਾਡੀ ਆਪਸ ਵਿੱਚ ਹਉਮੈਬਾਜੀ-ਜਿੱਦਬਾਜ਼ੀ ਜਾਂ ਖਹਿਬਾਜ਼ੀ ਕਿ ਅਸੀਂ ਆਪਸ ਵਿੱਚ ਇੱਕ ਦੂਜੇ ਨਾਲੋਂ ਖੁਦ ਨੂੰ ਉੱਚਾ ਦਿਖਾਉਣ ਦੀ ਸੋਚ ਕਾਰਨ ਹੀ ਮੱਦਦ ਲਈ ਅੱਗੇ ਨਹੀਂ ਆਉਂਦੇ। ਅਸੀਂ ਇਹ ਨਹੀਂ ਸੋਚਦੇ ਕਿ ਸਾਡੇ ਅਜਿਹਾ ਕਰਨ ਨਾਲ ਸਾਡੇ ਆਪਣੇ ਸਮਾਜ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ, ਜਿਸਦਾ ਫਾਇਦਾ ਮਨੂਵਾਦੀ ਲੋਕੀਂ ਉਠਾ ਰਹੇ ਹਨ ਅਤੇ ਸਾਡੇ ਉਪਰ ਹੋ ਰਹੇ ਜ਼ੁਲਮਾਂ ਦਾ ਕਦੇ ਅੰਤ ਹੋ ਰਿਹਾ।ਮੈਂ ਇੱਕ ਵਾਰੀ ਫਿਰ ਤੋਂ ਪੰਜਾਬ ਦੀਆਂ ਸਾਰੀਆਂ ਅੰਬੇਡਕਰਬਾਦੀ ਜਥੇਬੰਦੀਆਂ ਦੇ ਆਗੂਆਂ ਅਤੇ ਹੋਰਨਾਂ ਦਰਜਾ-ਬਾ-ਦਰਜਾ ਸਾਰੇ ਅਹੁਦੇਦਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕਿਸਾਨਾਂ ਦੇ ਸੰਯੁਕਤ ਕਿਸਾਨ ਮੋਰਚੇ (ਐਸ.ਕੇ.ਐਮ) ਦੀ ਤਰ੍ਹਾਂ ਆਪਣਾ ਵੀ ਇੱਕ ਸੰਯੁਕਤ ਐਸ.ਸੀ ਮੋਰਚਾ (ਐਸ.ਐਸ.ਸੀ.ਐਮ) ਬਣਾਉਣ, ਜਿਸ ਵਿੱਚ ਸਾਰੀਆਂ ਅੰਬੇਡਕਰਬਾਦੀ ਜਥੇਬੰਦੀਆਂ ਦੇ ਵਿੱਚੋਂ ਨੁਮਾਇੰਦੇ ਲੈਕੇ ਇੱਕ ਸਾਂਝਾ ਸੂਬਾ ਪੱਧਰੀ ਇੱਕ ਪਲੇਟਫਾਰਮ ਬਣਾਉਣ ਲਈ ਉਪਰਾਲਾ ਕਰਨ ਤਾਂ ਕਿ ਕਿਸੇ ਪੀੜਤ ਜਾਂ ਲੋੜਵੰਦ ਦੀ ਲੋੜ ਪੈਣ ਵੇਲੇ ਮੱਦਦ ਕਰ ਸਕੀਏ।ਲੋੜਪੈਣ ਵੇਲੇ ਸਾਰੇ ਪੰਜਾਬ ਵਿੱਚ ਇਕੱਠੇ ਹੋਕੇ ਸੰਘਰਸ਼ ਕਰਕੇ ਵੱਡੀ ਤੋਂ ਵੱਡੀ ਮੁਸ਼ਕਿਲ ਨੂੰ ਵੀ ਸੌਖਿਆਂ ਹੱਲ ਅਤੇ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰ ਸਕੀਏ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleकेन्द्रीय विद्यालय संगठन की 55वीं राष्ट्रीय खेलकूद प्रतियोगिता का भव्य आगाज़
Next articleਐਡਵੋਕੇਟ ਸੰਜੀਵ ਚੌਧਰੀ ਚੇਚੀ ਦੇ ਜ਼ਿਲ੍ਹਾ ਪ੍ਰਧਾਨ ਬਣਨ ‘ਤੇ ਖੁਸ਼ੀ ਦੀ ਲਹਿਰ; ਚੇਅਰਮੈਨ ਸੇਠੀ ਉਧਨਵਾਲ ਨੇ ਦਿੱਤੀਆਂ ਵਧਾਈਆਂ