ਠੇਕੇਦਾਰ ਦੀ ਲਾਪ੍ਰਵਾਹੀ ਕਾਰਨ ਅੱਧ-ਅਧੂਰਾ ਪਿਆ ਕੰਮ, ਰਾਹਗੀਰਾਂ ਦੀਆਂ ਗੱਡੀਆਂ ਫਸੀਆਂ
ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ): ਬਲਾਚੌਰ ਤੋਂ ਭੱਦੀ ਨੂੰ ਜਾਂਦੀ 18 ਫੁੱਟੀ ਮੁੱਖ ਸੜਕ ’ਤੇ ਪਿੰਡ ਰਾਜੂਮਾਜਰਾ ਕੋਲ ਬਣ ਰਹੀ ਪੁਲੀ ਦੇ ਆਲੇ-ਦੁਆਲੇ ਬਰਸਾਤ ਹੋਣ ਨਾਲ ਸੜਕ ਨੇ ਨਰਕ ਦਾ ਰੂਪ ਧਾਰ ਲਿਆ ਹੈ। ਸਿਰਫ਼ ਇੱਕ-ਦੋ ਘੰਟੇ ਦੀ ਪਈ ਬਾਰਸ਼ ਨੇ ਹੀ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਵਿਕਾਸ ਦੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪੁਲੀ ਦੇ ਆਲੇ-ਦੁਆਲੇ ਮਿੱਟੀ ਅਤੇ ਬਜਰੀ ਪਾ ਕੇ ਸੜਕ ਨੂੰ ਸੁਚਾਰੂ ਰੂਪ ਵਿੱਚ ਚਾਲੂ ਕਰਨ ਦੀ ਬਜਾਏ ਸਬੰਧਤ ਠੇਕੇਦਾਰ ਵੱਲੋਂ ਕੰਮ ਨੂੰ ਅੱਧ-ਅਧੂਰਾ ਹੀ ਛੱਡ ਦਿੱਤਾ ਗਿਆ। ਹੁਣ ਮੀਂਹ ਪੈਣ ਕਾਰਨ ਸੜਕ ਦੇ ਨਾਲ ਬਣਾਏ ਗਏ ਬਦਲਵੇਂ ਕੱਚੇ ਰਸਤੇ ’ਤੇ ਗੋਡਿਆਂ ਤੱਕ ਚਿੱਕੜ ਜਮ੍ਹਾਂ ਹੋ ਗਿਆ ਹੈ, ਜਿਸ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਅਤੇ ਦੋਪਹੀਆ ਵਾਹਨ ਚਾਲਕਾਂ ਦਾ ਇੱਥੋਂ ਲੰਘਣਾ ਬੇਹੱਦ ਦੁਭਰ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਭੱਦੀ ਰੋਡ ਅੱਗੇ ਜਾ ਕੇ ਰੋਪੜ੍ਹ , ਨੂਰਪੁਰ ਬੇਦੀ ਅਤੇ ਇਲਾਕੇ ਦੇ ਹੋਰ ਅਨੇਕਾਂ ਪਿੰਡਾਂ ਨੂੰ ਆਪਸ ਵਿੱਚ ਜੋੜਦੀ ਹੈ। ਰਾਜੂਮਾਜਰਾ ਕੋਲ ਪਹਿਲਾਂ ਰੈਂਪ ਬਣਿਆ ਹੋਇਆ ਸੀ, ਜਿਸ ਨੂੰ ਹਟਾ ਕੇ ਹੁਣ ਨਵੀਂ ਪੁਲੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਪਰ ਠੇਕੇਦਾਰ ਵੱਲੋਂ ਇਹ ਕੰਮ ਬਹੁਤ ਹੀ ਢਿੱਲੀ ਰਫ਼ਤਾਰ ਨਾਲ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਇੱਥੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਈਡ ਤੋਂ ਬਣਾਏ ਕੱਚੇ ਰਸਤੇ ‘ਤੇ ਮੀਂਹ ਦੇ ਪਾਣੀ ਅਤੇ ਚਿੱਕੜ ਕਾਰਨ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਲੋਕਾਂ ਦੀਆਂ ਗੱਡੀਆਂ ਉੱਥੇ ਫਸ ਰਹੀਆਂ ਹਨ, ਜਿਸ ਕਾਰਨ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਲੰਘਣ ਦਾ ਕੋਈ ਸਹੀ ਸਾਧਨ ਨਾ ਹੋਣ ਕਰਕੇ ਹੁਣ ਲੋਕਾਂ ਨੂੰ ਮਜਬੂਰਨ ਲੰਮਾ ਚੱਕਰ ਕੱਟ ਕੇ ਦੂਜੇ ਪਿੰਡਾਂ ਦੇ ਲਿੰਕ ਰੋਡ ਰਾਹੀਂ ਘੁੰਮ ਕੇ ਜਾਣਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਅਤੇ ਸਬੰਧਤ ਠੇਕੇਦਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ 18 ਫੁੱਟੀ ਰੋਡ ‘ਤੇ ਪਿੰਡ ਰਾਜੂਮਾਜਰਾ ਕੋਲ ਬਣ ਰਹੀ ਪੁਲੀ ਦੇ ਨਿਰਮਾਣ ਕਾਰਜ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਸ ਰੋਜ਼ਾਨਾ ਦੇ ਨਰਕ ਭਰੇ ਸਫ਼ਰ ਤੋਂ ਨਿਜ਼ਾਤ ਮਿਲ ਸਕੇ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



