ਸੂਬਾ ਸਰਕਾਰ ਡਰਾਮੇਬਾਜ਼ੀ ਛੱਡ ਕੇ ਮਜ਼ਦੂਰ ਪੱਖੀ ਠੋਸ ਨੀਤੀ ਬਣਾਉਣ ਦੀ ਮੰਗ
ਰਾਏਕੋਟ, (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦੇ ਆਗੂਆਂ ਨੇ ਸੂਬਾ ਸਰਕਾਰ ਦੀ ਮਹਿਮਾਨ ਨਿਵਾਜੀ ਠੁਕਰਾ ਕੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਜ਼ੋਰਦਾਰ ਅਵਾਜ਼ ਬੁਲੰਦ ਕੀਤੀ। ਸੀਟੂ ਦੇ ਸੂਬਾਈ ਮੀਤ ਪ੍ਰਧਾਨ ਦਲਜੀਤ ਕੁਮਾਰ ਗੋਰਾ, ਮਗਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ, ਰਾਜਜਸਵੰਤ ਸਿੰਘ ਤਲਵੰਡੀ, ਗੁਰਦੀਪ ਸਿੰਘ, ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਆਗੂ ਗੁਰਮੀਤ ਕੌਰ, ਰਣਜੀਤ ਕੌਰ, ਬੌਬੀ ਗਿੱਲ, ਕਰਮਜੀਤ ਸੰਨ੍ਹੀ, ਰੁਲਦਾ ਸਿੰਘ ਗੋਬਿੰਦਗੜ੍ਹ, ਪ੍ਰਿਤਪਾਲ ਸਿੰਘ ਬਿੱਟਾ ਅਤੇ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿੱਚ ਵੱਖ-ਵੱਖ ਥਾਂਵਾਂ ਉਪਰ ਲਾਲ ਝੰਡੇ ਲਹਿਰਾਏ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਦਾ ਸੰਦੇਸ਼ ਦਿੱਤਾ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੂਬਾਈ ਸਕੱਤਰ ਜਨਰਲ ਸੰਤੋਖ ਗਿੱਲ ਨੇ ਮੋਦੀ ਸਰਕਾਰ ਵੱਲੋਂ ਵਰਕਿੰਗ ਜਰਨਲਿਸਟ ਐਕਟ ਅਤੇ ਵੇਜ ਬੋਰਡ ਖ਼ਤਮ ਕਰਕੇ ਪੱਤਰਕਾਰਾਂ ਨੂੰ ਵੀ ਚਾਰ ਲੇਬਰ ਕੋਡ ਦੇ ਘੇਰੇ ਵਿੱਚ ਲਿਆਉਣ ਦੀ ਤਿੱਖੀ ਨਿੰਦਾ ਕੀਤੀ। ਉਨ੍ਹਾਂ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਸ਼ੇਸ਼ ਕਾਨੂੰਨ ਬਣਾਉਣ ਦੀ ਵੀ ਮੰਗ ਕੀਤੀ। ਇਸ ਮੌਕੇ ਸੀਟੂ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ਮਾਨ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੀ ਤਿੱਖੀ ਨਿੰਦਾ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਮਜ਼ਦੂਰਾਂ ਦਾ ਜੀਵਨ ਦੁੱਭਰ ਹੋ ਗਿਆ ਹੈ। ਆਗੂਆਂ ਨੇ ਮਾਨ ਸਰਕਾਰ ਨੂੰ ਡਰਾਮੇਬਾਜ਼ੀ ਛੱਡ ਕੇ ਅਤੇ ਠੋਸ ਕਦਮ ਚੁੱਕਣ ਦੀ ਮੰਗ ਕੀਤੀ। ਉਨ੍ਹਾਂ ਜੀ ਰਾਮ ਜੀ ਕਾਨੂੰਨ ਦੀ ਥਾਂ ਮੁੜ ਮਨਰੇਗਾ ਕਾਨੂੰਨ ਲਾਗੂ ਕਰਨ, 13 ਸਾਲਾਂ ਤੋਂ ਰੋਕੀ ਘੱਟੋ-ਘੱਟ ਉਜਰਤ ਵਿੱਚ ਮੁਨਾਸਬ ਵਾਧਾ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਹੱਕ ਮੰਗਦੇ ਟਰਾਂਸਪੋਰਟ ਕਾਮਿਆਂ ਨੂੰ ਤੁਰੰਤ ਰਿਹਾਅ ਕਰਨ ਅਤੇ ਆਂਗਣਵਾੜੀ ਕਾਮਿਆਂ ਦਾ ਮਾਣਭੱਤਾ ਦੁੱਗਣਾ ਕਰਨ ਦੀ ਮੰਗ ਦੁਹਰਾਈ। ਸੀਟੂ ਆਗੂਆਂ ਨੇ ਸਬਜ਼ੀ ਮੰਡੀ ਤੋਂ ਸ਼ੁਰੂ ਕਰ ਕੇ ਹਰੀ ਸਿੰਘ ਨਲੂਆ ਚੌਂਕ, ਬੱਸ ਸਟੈਂਡ, ਲੇਬਰ ਚੌਂਕ, ਟੈਂਪੂ ਯੂਨੀਅਨ, ਨਗਰ ਕੌਂਸਲ ਦਫ਼ਤਰ ਉਪਰ ਝੰਡੇ ਲਹਿਰਾਉਣ ਉਪਰੰਤ ਤਲਵੰਡੀ ਗੇਟ ਉਪਰ ਰੈਲੀ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


