
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸੀਟੀਆਈਯੂ ਪੰਜਾਬ ਦੇ ਬੈਨਰ ਹੇਠ ਫੋਕਲ ਪੁਆਇੰਟ ਵਿਖੇ ਲਾਲ ਝੰਡਾ ਬਜਾਜ ਸੰਨਜ਼ ਮਜ਼ਦੂਰ ਯੂਨੀਅਨ ਵੱਲੋਂ ਡਾ: ਭੀਮ ਰਾਓ ਅੰਬੇਡਕਰ ਅਤੇ ਬੀ.ਆਈ. ਲੇਨਿਨ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਮਜ਼ਦੂਰ ਆਗੂਆਂ ਨੇ ਦੋਵਾਂ ਮਹਾਨ ਹਸਤੀਆਂ ਦੇ ਸਮਾਜਿਕ ਨਿਆਂ ਅਤੇ ਕਿਰਤੀ ਵਰਗ ਲਈ ਕੀਤੇ ਯੋਗਦਾਨ ਨੂੰ ਯਾਦ ਕਰਦਿਆਂ ਮੌਜੂਦਾ ਹਾਲਾਤਾਂ ‘ਤੇ ਵੀ ਚਿੰਤਾ ਪ੍ਰਗਟਾਈ। ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਦੀਸ਼ ਨੇ ਕਿਹਾ ਕਿ ਅੱਜ ਦੁਨੀਆ ਭਰ ਵਿੱਚ ਅਮਰੀਕੀ ਸਾਮਰਾਜਵਾਦ ਦਾ ਖਤਰਾ ਵਧ ਰਿਹਾ ਹੈ, ਜੋ ਆਰਥਿਕ ਅਤੇ ਰਾਜਨੀਤਿਕ ਤੌਰ ‘ਤੇ ਕਮਜ਼ੋਰ ਦੇਸ਼ਾਂ ‘ਤੇ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਦੇਸ਼ ਅੰਦਰ ਵੀ ਕਿਰਤੀ ਕਾਮਿਆਂ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਪੂੰਜੀਪਤੀਆਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ 1950 ਵਿੱਚ ਸੰਵਿਧਾਨ ਲਾਗੂ ਕੀਤਾ ਗਿਆ ਸੀ, ਪਰ ਅੱਜ ਇਹ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਮਜ਼ਦੂਰ ਵਿਰੋਧੀ ਕਾਨੂੰਨਾਂ ਵਿੱਚ ਤਬਦੀਲੀਆਂ ਕਰਕੇ ਮਜ਼ਦੂਰ ਜਮਾਤ ਦੇ ਹੱਕ ਘਟਾਏ ਜਾ ਰਹੇ ਹਨ, ਜੋ ਲੋਕਤੰਤਰ ਲਈ ਖਤਰਨਾਕ ਸੰਕੇਤ ਹਨ। ਮਜ਼ਦੂਰ ਆਗੂਆਂ ਨੇ ਕਿਰਤੀ ਕਾਮਿਆਂ ਦੀਆਂ ਮੁੱਖ ਮੰਗਾਂ ਨੂੰ ਰੱਖਦਿਆਂ ਕਿਹਾ ਕਿ ਘੱਟੋ-ਘੱਟ ਮਜ਼ਦੂਰੀ ਨੂੰ ਜੀਵਨ ਯੋਗ ਬਣਾਉਣ ਲਈ ਮਿਨੀਮਮ ਵੇਜ 26,000 ਕੀਤੀ ਜਾਵੇ, ਠੇਕਾ ਪ੍ਰਥਾ ਖਤਮ ਕਰਕੇ ਪੱਕੀ ਨੌਕਰੀ ਦਿੱਤੀ ਜਾਵੇ, ਮਜ਼ਦੂਰਾਂ ਲਈ ਸਮਾਜਿਕ ਸੁਰੱਖਿਆ ਯਕੀਨੀ ਬਣਾਈ ਜਾਵੇ, ਮਜ਼ਦੂਰ ਵਿਰੋਧੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ, ਕੰਮਕਾਜ ਵਾਲੀਆਂ ਥਾਵਾਂ ‘ਤੇ ਸੁਰੱਖਿਆ ਅਤੇ ਸਹੂਲਤਾਂ ਵਧਾਈਆਂ ਜਾਣ ਅਤੇ ਮਹਿਗਾਈ ਭੱਤਾ ਜਲਦ ਰਿਲੀਜ਼ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਮਜ਼ਦੂਰ ਜਥੇਬੰਦੀਆਂ ਵੱਲੋਂ ਸਰਕਾਰਾਂ ਦੀਆਂ ਨੀਤੀਆਂ ਦੇ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਸੰਬੰਧੀ 26 ਅਪ੍ਰੈਲ ਇਸੜੂ ਭਵਨ ਵਿਖੇ ਵੱਖ-ਵੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਰਕੇ ਅਗਲਾ ਰਣਨੀਤੀ ਤੈਅ ਕੀਤੀ ਜਾਵੇਗੀ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਜ਼ਦੂਰਾਂ ਦੇ ਹੱਕਾਂ ਦੀ ਅਣਦੇਖੀ ਜਾਰੀ ਰਹੀ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬਲਰਾਮ ਸਿੰਘ, ਸੀਟੀਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾ.ਪਰਮਜੀਤ ਸਿੰਘ, ਸੁਦੇਸ਼ਵਰ ਤਿਵਾੜੀ, ਰਾਮ ਧਨੀ, ਤਹਸੀਲਦਾਰ, ਸੁਨੀਲ ਗਿਰੀ, ਫੂਲ ਬਦਨ, ਮੁਕੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਕਿਰਤੀ ਕਾਮੇ ਵੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


