ਨਵੀਂ ਪਹਿਲ ਪਲੇਠੀ ਕਿਤਾਬ ਲਈ ‘ਅਨੰਤ ਗਿੱਲ’ ਨੂੰ ਮੁਬਾਰਕਬਾਦ !
ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ :- ” ਪੈਰਾਂ ਹੇਠਲਾ ਅੰਬਰ ” ਅਨੰਤ ਗਿੱਲ ਦੀ ਪਲੇਠੀ ਕਿਤਾਬ ਹੈ। ਉਸਦੀਆਂ ਕਵਿਤਾਵਾਂ ਨੂੰ ਪਾਠਕਾਂ ਨੇ ਅਖਬਾਰਾਂ ਅਤੇ ਰਸਾਲਿਆਂ ਵਿਚ ਅਕਸਰ ਪੜ੍ਹਿਆ ਤੇ ਮਾਣਿਆ ਹੈ। ਕਵਿਤਾ ਨੂੰ ਉਹ ਰੂਹ ਨਾਲ ਕਾਗਜ਼ਾਂ ‘ਤੇ ਉਤਾਰਦੀ ਹੈ। ਹੁਣ ਉਹ ‘ਕਵਿਤਾ’ ਕਾਗਜ਼ਾਂ ਤੋਂ ਕਿਤਾਬ ਤੱਕ ਆਈ ਹੈ। ਇਸ ਕਿਤਾਬ ਵਿਚਲੀਆਂ ਕਵਿਤਾਵਾਂ ਦਾ ਜ਼ਿਕਰ ਕਰਦਿਆਂ ਨਾਮਵਰ ਫ਼ਿਲਮੀ ਸ਼ਖ਼ਸੀਅਤ ਅਤੇ ਸ਼ਾਇਰ ਅਮਰਦੀਪ ਸਿੰਘ ਗਿੱਲ ਨੇ ਬੜੇ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਕਿਹਾ ਹੈ ਕਿ ਅਨੰਤ ਦੀ ਕਵਿਤਾ ਵਿਚ ਰੋਹ ਹੈ, ਸੰਵੇਦਨਾ ਹੈ, ਅਹਿਸਾਸ ਹਨ ਤੇ ਸੁਆਦ ਹੈ…| ਇਹ ਸਵਾਦ ਚੁੱਲ੍ਹੇ ਦੀ ਅੱਗ ‘ਤੇ ਬਣੇ ਸਾਗ ਵਰਗਾ ਹੈ, ਜੋ ਮੱਠੀ ਮੱਠੀ ਅੱਗ ‘ਤੇ ਰਿੱਝਦਾ ਹੈ, ਥੱਲੇ ਨਹੀਂ ਲੱਗਦਾ…. ਕਦੇ ਮੱਚਦਾ ਨਹੀਂ | ਸ਼ਾਇਰ ਅਮਰਦੀਪ ਸਿੰਘ ਗਿੱਲ ਨੇ ਕਿਹਾ ਕਿ ਅਨੰਤ ਦੀ ਕਵਿਤਾ ਦੀ ਇਹੋ ਖ਼ੂਬੀ ਮੈਨੂੰ ਪਸੰਦ ਹੈ | ਸੋਹਣੀ ਸੁਚੱਜੀ ਅਤੇ ਸਾਕਾਰਾਤਮਕ ਅਗਨੀ ਹੀ ਚੁੱਲ੍ਹੇ ਦੀ ਅੱਗ ਹੁੰਦੀ ਹੈ | ਇਸੇ ਲਈ ਮੈਂ ਅਨੰਤ ਦੀ ਕਵਿਤਾ ਨੂੰ ਚੁੱਲ੍ਹੇ ਦੀ ਅੱਗ ਕਿਹਾ ਹੈ … | ਅੱਗ ਦਾ ਮਕਸਦ ਸਾੜਨਾ ਹੀ ਨਹੀਂ ਹੁੰਦਾ, ਭੁੰਨਣਾ, ਪਕਾਉਣਾ ਤੇ ਗਰਮਾਹਟ ਦੇਣਾ ਵੀ ਹੁੰਦਾ ਹੈ, ਇਹੋ ਕੰਮ ਅਨੰਤ ਦੀ ਕਵਿਤਾ ਕਰਦੀ ਹੈ..| ਸਰਦਾਰ ਅਮਰਦੀਪ ਸਿੰਘ ਗਿੱਲ ਆਪਣੇ ਅਗਲੇ ਸ਼ਬਦਾਂ ਵਿਚ ਆਖਦੇ ਹਨ ਕਿ ਅਨੰਤ ਦੇ ਸ਼ਬਦਾਂ ‘ਚ ਉਹੀ ਨਿੱਘ ਹੈ ਜੋ ਨਿੱਘ ਉਸਦੇ ਵਿਅਕਤੀਤਵ ‘ਚ ਹੈ | ਉਹ ਇਕ ਕਵਿੱਤਰੀ ਹੋਣ ਤੋਂ ਪਹਿਲਾਂ ਇਕ ਔਰਤ ਹੈ… ਸੰਪੂਰਨ ਔਰਤ, ਧੀ, ਭੈਣ, ਪਤਨੀ, ਮਾਂ ਅਤੇ ਨੂੰਹ | ਮੈਨੂੰ ਜਾਤੀ ਤੌਰ ‘ਤੇ ਕਿਸੇ ਔਰਤ ਦਾ ਅਜਿਹਾ ਹੋਣਾ ਬਹੁਤ ਸਤਿਕਾਰਯੋਗ ਪ੍ਰਤੀਤ ਹੁੰਦਾ ਹੈ | ਉਸਦੇ ਅਨੁਭਵ, ਅਹਿਸਾਸ ਅਤੇ ਉਹਨਾਂ ਦਾ ਪ੍ਰਗਟਾਵਾ.. ਸਭ ਕੁਝ ਮੌਲਿਕ ਹੈ | ਉਸਦੀ ਇਹ ਮੌਲਿਕਤਾ ਜੋ ਕਿਤੇ ਕਿਤੇ ਭੋਲਾਪਣ ਵੀ ਲੱਗਦੀ ਹੈ… ਨਿਰਸੰਦੇਹ ਇਸ ਪੁਸਤਕ ਦੇ ਪਾਠਕਾਂ ਨੂੰ ਆਪਣੇ ਨਾਲ ਜੋੜਨ ਦਾ ਕੰਮ ਕਰੇਗੀ | ਫ਼ਿਲਮਕਾਰ ਅਮਰਦੀਪ ਸਿੰਘ ਗਿੱਲ ਨੇ ਅਗਲੇਰੀ ਗੱਲ ਵਿਚ ਭਾਵੁਕ ਹੁੰਦਿਆਂ ਕਿਹਾ ਕਿ ਜੇ ਬਾਪੂ ਕਾਮਰੇਡ ਸੁਰਜੀਤ ਗਿੱਲ ਜਿਉਂਦੇ ਹੁੰਦੇ ਤਾਂ ਗੱਲ ਹੋਰ ਸੀ, ਹੁਣ ਉਹ ਤਾਂ ਰਹੇ ਨਹੀਂ.. ਸੋ ਬਾਪੂ ਦੇ ਨਾ ਹੋਣ ਦੀ ਹਾਲਤ ‘ਚ ਜਿਵੇਂ ਵਿਆਹ ਵੇਲੇ ਭੈਣ ਦਾ ਪੱਲਾ ਭਰਾ ਫੜਾਉਂਦਾ ਹੈ, ਉਵੇਂ ਮੈਂ ਅਨੰਤ ਦੀ ਇਸ ਕਿਤਾਬ ਦਾ ਪੱਲਾ ਪੰਜਾਬੀ ਸਾਹਿਤ ਜਗਤ ਨੂੰ ਫੜਾਉਂਦਾ ਹਾਂ…. ਧੀਏ ਘਰ ਜਾ ਆਪਣੇ ! ਪ੍ਰਵਾਨ ਕਰਨਾ ਦੋਸਤੋ | ਇਸ ਤਰ੍ਹਾਂ ਖੂਬਸੂਰਤ ਸ਼ਬਦਾਂ ਵਿਚ ਗੱਲ ਕਰਦਿਆਂ ਉਨ੍ਹਾਂ ਨੇ ਅਨੰਤ ਗਿੱਲ ਨੂੰ ਪਹਿਲੀ ਕਾਵਿ-ਪੁਸਤਕ “ਪੈਰਾਂ ਹੇਠਲਾ ਅੰਬਰ ” ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਵਿਤਾ ਵਰਗਾ ਖੂਬਸੂਰਤ ਕਾਰਜ ਕਰਦੇ ਰਹੋ | ਦੱਸ ਦੇਈਏ ਕਿ ‘ਸਾਹਿਬਦੀਪ ਪਬਲੀਕੇਸ਼ਨਜ਼’ ਵੱਲੋਂ ਪ੍ਰਕਾਸ਼ਿਤ ਅਨੰਤ ਗਿੱਲ ਦੀ ਪਲੇਠੀ ਕਿਤਾਬ ‘ਪੈਰਾਂ ਹੇਠਲਾ ਅੰਬਰ’ ਨੂੰ ਲੋਕ ਅਰਪਿਤ ਕਰਨ ਲਈ ‘ਨੌਜਵਾਨ ਸਾਹਿਤ ਸਭਾ ਭਲੂਰ’ ਅਤੇ “35 ਅੱਖਰ ਲੇਖ਼ਕ ਮੰਚ ਭਲੂਰ” ਵੱਲੋਂ ਵਿਸ਼ੇਸ਼ ਸਮਾਗਮ ਉਲੀਕਿਆ ਜਾ ਰਿਹਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



