HOME ਅੰਮ੍ਰਿਤਸਰ ‘ਚ ਸਰਕਾਰੀ ਅਫ਼ਸਰ ਦੀ ਖੁਦਕੁਸ਼ੀ ਨੇ ਮਚਾਈ ਹਲਚਲ 

ਅੰਮ੍ਰਿਤਸਰ ‘ਚ ਸਰਕਾਰੀ ਅਫ਼ਸਰ ਦੀ ਖੁਦਕੁਸ਼ੀ ਨੇ ਮਚਾਈ ਹਲਚਲ 

3

ਮੰਤਰੀ ਲਾਲਜੀਤ ਭੁੱਲਰ ਨੇ ਦਿੱਤਾ ਅਸਤੀਫ਼ਾ 

ਅੰਮ੍ਰਿਤਸਰ,  (ਸਮਾਜ ਵੀਕਲੀ)  ( ਲਖਵਿੰਦਰ ਸਿੰਘ ਗਿੱਲ ) ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ (PSWC) ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਾਇਨਾਤ ਜ਼ਿਲ੍ਹਾ ਮੈਨੇਜਰ (ਡੀਐੱਮ) ਗਗਨਦੀਪ ਸਿੰਘ ਰੰਧਾਵਾ ਨੇ ਸਲਫਾਸ (ਸੈਲਫੋਸ) ਖਾ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਨੇ ਰਾਜਨੀਤਿਕ ਹਲਕੇ ‘ਚ ਭੂਚਾਲ ਲਿਆ ਦਿੱਤਾ ਹੈ। ਮਰਨ ਤੋਂ ਪਹਿਲਾਂ ਰੰਧਾਵਾ ਨੇ ਆਪਣੇ ਮੋਬਾਈਲ ‘ਤੇ ਇੱਕ 12 ਸਕਿੰਟ ਦਾ ਵੀਡੀਓ ਰਿਕਾਰਡ ਕੀਤਾ, ਜਿਸ ਵਿੱਚ ਉਨ੍ਹਾਂ ਨੇ ਟਰਾਂਸਪੋਰਟ ਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ‘ਤੇ ਗੰਭੀਰ ਦੋਸ਼ ਲਾਏ। ਵੀਡੀਓ ਵਿੱਚ ਰੰਧਾਵਾ ਕਹਿੰਦੇ ਸੁਣੇ ਗਏ, “ਮੈਂ ਮੰਤਰੀ ਲਾਲਜੀਤ ਭੁੱਲਰ ਦੇ ਡਰੋਂ ਸਲਫਾਸ ਖਾ ਲਈ ਹੈ। ਹੁਣ ਮੈਂ ਜ਼ਿੰਦਾ ਨਹੀਂ ਰਹਾਂਗਾ।” ਘਟਨਾ ਦੇ ਸਾਹਮਣੇ ਆਉਂਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਕਾਰਵਾਈ ਕਰਦਿਆਂ ਮੰਤਰੀ ਲਾਲਜੀਤ ਭੁੱਲਰ ਦਾ ਅਸਤੀਫ਼ਾ ਸਵੀਕਾਰ ਕਰ ਲਿਆ। ਮਾਨ ਨੇ ਕਿਹਾ ਕਿ ਜਾਂਚ ਨੂੰ ਪੂਰੀ ਤਰ੍ਹਾਂ ਨਿਰਪੱਖ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਦਬਾਅ ਨਾ ਪਾਇਆ ਜਾ ਸਕੇ। ਮਾਮਲੇ ਦੀ ਜਾਂਚ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੂੰ ਸੌਂਪ ਦਿੱਤੀ ਗਈ ਹੈ, ਜੋ ਸਮੇਂ ਸਿਰ ਰਿਪੋਰਟ ਪੇਸ਼ ਕਰਨਗੇ। ਵਿਰੋਧੀ ਧਿਰਾਂ ਨੇ ਇਸ ਮਾਮਲੇ ਨੂੰ ਭ੍ਰਿਸ਼ਟਾਚਾਰ ਨਾਲ ਜੋੜਦਿਆਂ ਭੁੱਲਰ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਕਿ ਰੰਧਾਵਾ ਨੂੰ ਮੰਤਰੀ ਦੇ ਘਰ ਬੁਲਾਇਆ ਗਿਆ ਸੀ, ਜਿੱਥੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ, ਨੰਗਾ ਕੀਤਾ ਗਿਆ ਤੇ ਵੀਡੀਓ ਬਣਾਈ ਗਈ। ਇਹ ਸਭ ਇੱਕ ਗੋਦਾਮ ਟੈਂਡਰ ਨਾਲ ਜੁੜਿਆ ਹੋਇਆ ਸੀ, ਜਿਸ ਵਿੱਚ ਭੁੱਲਰ ਨੇ ਆਪਣੇ ਪਿਤਾ ਸੁਖਦੇਵ ਸਿੰਘ ਭੁੱਲਰ ਦੇ ਨਾਂ ‘ਤੇ ਅਰਜ਼ੀ ਦਿੱਤੀ ਸੀ। ਜਦੋਂ ਟੈਂਡਰ ਨਹੀਂ ਮਿਲਿਆ ਤਾਂ ਦਬਾਅ ਬਣਾਇਆ ਗਿਆ। ਅੰਮ੍ਰਿਤਸਰ ਤੋਂ ਕਾਂਗਰਸ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਇਸ ਨੂੰ ‘ਕਤਲ’ ਦੱਸਦਿਆਂ ਭੁੱਲਰ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਖੁਦਕੁਸ਼ੀ ਨਹੀਂ ਸਗੋਂ ਦਬਾਅ ਕਾਰਨ ਮਜਬੂਰੀ ਵਾਲੀ ਮੌਤ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸੁਖਬੀਰ ਸਿੰਘ ਬਾਦਲ ਵੀ ਰਣਜੀਤ ਐਵੇਨਿਊ ਪੁਲਿਸ ਸਟੇਸ਼ਨ ਪਹੁੰਚੇ ਤੇ ਕੇਸ ਦਰਜ ਕਰਨ ਦੀ ਮੰਗ ਕੀਤੀ। ਰੰਧਾਵਾ ਦੇ ਪਰਿਵਾਰ ਨੇ ਭੁੱਲਰ ਵਿਰੁੱਧ ਕੇਸ ਦਰਜ ਕਰਨ ਤੱਕ ਲਾਸ਼ ਨੂੰ ਹਸਪਤਾਲ ਤੋਂ ਨਾ ਚੁੱਕਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਅਸਤੀਫ਼ੇ ਨੂੰ ਨਾਕਾਫ਼ੀ ਦੱਸਿਆ ਤੇ ਪੂਰੀ ਜਾਂਚ ਦੀ ਮੰਗ ਕੀਤੀ। ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਏਡੀਸੀਪੀ ਸ਼ਿਰੀਵੇਨੇਲਾ ਨੇ ਦੱਸਿਆ ਕਿ ਉਹ ਪਰਿਵਾਰ ਨਾਲ ਗੱਲਬਾਤ ਕਰ ਰਹੇ ਹਨ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੰਤਰੀ ਲਾਲਜੀਤ ਭੁੱਲਰ ਨੇ ਸਾਰੇ ਦੋਸ਼ਾਂ ਨੂੰ ਝੂਠਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਅਸਤੀਫ਼ਾ ਇਸ ਲਈ ਦਿੱਤਾ ਤਾਂ ਜੋ ਜਾਂਚ ‘ਤੇ ਕੋਈ ਅਸਰ ਨਾ ਪਵੇ। ਉਨ੍ਹਾਂ ਨੇ ਵੀ ਜਾਂਚ ਦਾ ਸਵਾਗਤ ਕੀਤਾ ਹੈ। ਇਹ ਘਟਨਾ ਪੰਜਾਬ ਵਿੱਚ ਭ੍ਰਿਸ਼ਟਾਚਾਰ ਤੇ ਅਫ਼ਸਰਾਂ ‘ਤੇ ਰਾਜਨੀਤਿਕ ਦਬਾਅ ਦੇ ਮੁੱਦੇ ਨੂੰ ਇੱਕ ਵਾਰ ਫਿਰ ਉਭਾਰ ਰਹੀ ਹੈ। ਜਾਂਚ ਦੇ ਨਤੀਜੇ ਆਉਣ ਤੱਕ ਇਸ ਮਾਮਲੇ ‘ਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਚੇਅਰਮੈਨ ਸਤਨਾਮ ਜਲਾਲਪੁਰ ਵੱਲੋਂ ਬਲਾਚੌਰ ਦੇ ਵਿਕਾਸ ਲਈ 8.26 ਲੱਖ ਦੀਆਂ ਗਰਾਂਟਾਂ ਜਾਰੀ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ‘ਤੇ ਦਿੱਤਾ ਜ਼ੋਰ
Next article*ਮਾਡਰਨ ਸੈਕੂਲਰ ਪਬਲਿਕ ਸਕੂਲ, ਭੀਖੀ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ UPSC ਵਿੱਚ 136ਵਾਂ ਰੈਂਕ ਹਾਸਲ ਕਰਕੇ ਮਾਰੀ ਵੱਡੀ ਮੱਲ; ਸਕੂਲ ਵਿਖੇ ਕੀਤਾ ਗਿਆ ਸ਼ਾਨਦਾਰ ਸਨਮਾਨ*