

ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) ( ਜਤਿੰਦਰਪਾਲ ਸਿੰਘ ਕਲੇਰ ) ਬੀਤੇ ਦਿਨ ਥਾਣਾ ਕਾਠਗੜ੍ਹ ਅਧੀਨ ਪੈਂਦੇ ਪਿੰਡ ਹਸਨਪੁਰ ਕਲਾਂ ਵਿਖੇ ਇੱਕ ਵਿਆਹੁਤਾ ਔਰਤ ਦੀ ਜ਼ਹਿਰੀਲੀ ਚੀਜ਼ ਖਾਣ ਨਾਲ ਹੋਈ ਮੌਤ ਤੋਂ ਬਾਅਦ ਮ੍ਰਿਤਕਾ ਦੇ ਪਿਤਾ ਅਤੇ ਮਾਮੇ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਉੱਤੇ ਕਾਠਗੜ੍ਹ ਪੁਲਿਸ ਵੱਲੋਂ ਮ੍ਰਿਤਕਾ ਦੇ ਸਹੁਰੇ ਪਰਿਵਾਰ ਦੇ ਚਾਰ ਮੈਂਬਰਾਂ ਉੱਤੇ ਪਰਚਾ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕਾ ਦੇ ਪਿਤਾ ਮਹਿੰਦਰ ਪਾਲ ਪੁੱਤਰ ਚਰਨ ਦਾਸ ਵਾਸੀ ਪਿੰਡ ਭਰਥਲਾ ਥਾਣਾ ਕਾਠਗੜ੍ਹ ਨੇ ਸਮੇਤ ਆਪਣੇ ਸਾਲੇ ਗੁਲਸ਼ਨ ਕੁਮਾਰ ਪੁੱਤਰ ਸਿਕੰਦਰ ਲਾਲ ਵਾਸੀ ਪਿੰਡ ਮਾਲੇਵਾਲ ਕੋਹਲੀ ਨੇ ਕਾਠਗੜ੍ਹ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਦੋ ਬੱਚੇ ਇੱਕ ਲੜਕਾ ਤੇ ਇੱਕ ਲੜਕੀ ਹਨ ਤੇ ਲੜਕੀ ਸੁਮਨਦੀਪ ਉਮਰ ਕਰੀਬ 35 ਸਾਲ ਜਿਸ ਦੀ ਸ਼ਾਦੀ ਗੁਰਪ੍ਰੀਤ ਸਿੰਘ ਪੁੱਤਰ ਮੋਹਣ ਲਾਲ ਵਾਸੀ ਪਿੰਡ ਹਸਨਪੁਰ ਕਲਾਂ ਨਾਲ ਸਾਲ 2019 ਵਿੱਚ ਹੋਈ ਸੀ ਜਿਸ ਦਾ ਇੱਕ ਚਾਰ ਸਾਲ ਦਾ ਲੜਕਾ ਵੀ ਹੈ। ਉਹਨਾਂ ਦੱਸਿਆ ਕਿ ਵਿਆਹ ਦੇ ਸਮੇਂ ਤੋਂ ਹੀ ਲੜਕੀ ਦਾ ਸਹੁਰਾ ਮੋਹਣ ਲਾਲ ਦਾਜ ਵਿੱਚ ਕਾਰ ਦੀ ਮੰਗ ਕਰਦਾ ਸੀ ਅਤੇ ਉਹਨਾਂ ਨੇ ਮਿਨਤਾਂ ਕੀਤੀਆਂ ਕਿ ਉਹ ਕਾਰ ਮੌਕੇ ‘ਤੇ ਨਹੀਂ ਦੇ ਸਕਦੇ ਲੇਕਿਨ ਉਹਨਾਂ ਨੂੰ ਮਜਬੂਰੀ ਵਿੱਚ ਬੁਲੇਟ ਮੋਟਰਸਾਈਕਲ ਦੇਣਾ ਪਿਆ। ਇਸ ਤੋਂ ਕੁੱਝ ਸਮੇਂ ਬਾਅਦ ਲੜਕੀ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਤਾਹਨੇ-ਮਿਹਣੇ ਦਿੰਦੇ ਹੋਏ ਸਮੇਂ ਸਮੇਂ ‘ਤੇ ਕੋਈ ਨਾ ਕੋਈ ਮੰਗ ਰੱਖਦੇ ਗਏ ਪਰੰਤੂ ਉਹਨਾਂ ਨੇ ਲੜਕੀ ਦਾ ਘਰ ਵਸਾਉਣ ਲਈ ਜਿੰਨੀਆਂ ਕੁ ਮੰਗਾਂ ਪੂਰੀਆਂ ਹੁੰਦੀਆਂ ਸਨ ਕੀਤੀਆਂ। ਉਹਨਾਂ ਦੱਸਿਆ ਕਿ ਲੜਕੀ ਆਪਣੀ ਪਰੇਸ਼ਾਨੀ ਦੱਸਦੀ ਰਹੀ ਪਰ ਉਹ ਆਪਣੀ ਇੱਜਤ ਨੂੰ ਦੇਖਦੇ ਹੋਏ ਲੜਕੀ ਸੁਮਨਦੀਪ ਨੂੰ ਉੱਥੇ ਹੀ ਰਹਿਣ ਲਈ ਕਹਿੰਦੇ ਰਹੇ। ਉਹਨਾਂ ਦੱਸਿਆ ਕਿ ਜਦੋਂ ਵੀ ਲੜਕੀ ਪਰੇਸ਼ਾਨੀ ਵਿੱਚ ਪੇਕੇ ਘਰ ਆ ਜਾਂਦੀ ਸੀ ਤਾਂ ਉਹ ਸਮਝਾ ਕੇ ਫਿਰ ਵਾਪਸ ਭੇਜ ਦਿੰਦੇ ਸਨ। ਮਹਿੰਦਰ ਪਾਲ ਨੇ ਦੱਸਿਆ ਕਿ ਬੀਤੀ 16 ਮਾਰਚ ਨੂੰ ਲੜਕੀ ਸੁਮਨਦੀਪ ਦਾ ਫੋਨ ਆਇਆ ਕਿ ਅੱਜ ਫਿਰ ਉਸਨੂੰ ਸਹੁਰੇ ਪਰਿਵਾਰ ਵੱਲੋਂ ਬਹੁਤ ਤੰਗ ਕੀਤਾ ਜਾ ਰਿਹਾ ਹੈ ਪਰ ਮੇਰੀ ਪਤਨੀ ਗੁਰਮੀਤ ਨੇ ਫੋਨ ‘ਤੇ ਸਮਝਾਇਆ ਕਿ ਅਸੀਂ ਆ ਕੇ ਗੱਲ ਕਰਦੇ ਹਾਂ ਲੇਕਿਨ ਸ਼ਾਮ 4 ਵਜੇ ਲੜਕੀ ਦੇ ਸਹੁਰੇ ਮੋਹਣ ਲਾਲ ਦਾ ਫੋਨ ਆਇਆ ਕਿ ਸੁਮਨਦੀਪ ਨੇ ਦਵਾਈ ਖਾ ਲਈ ਅਤੇ ਉਸ ਨੂੰ ਬਲਾਚੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਸ ਤੋਂ ਬਾਅਦ ਉਹ ਸਮੇਤ ਪਰਿਵਾਰ ਹਸਪਤਾਲ ਪਹੁੰਚੇ ਜਿੱਥੇ ਲੜਕੀ ਜੇਰੇ ਇਲਾਜ ਸੀ, ਉਹਨਾਂ ਡਾਕਟਰ ਨਾਲ ਗੱਲ ਕੀਤੀ ਤਾਂ ਡਾਕਟਰ ਨੇ ਕਿਹਾ ਕਿ ਸੁਮਨਦੀਪ ਦੀ ਹਾਲਤ ਸਥਿਰ ਹੈ ਪਰ 24 ਘੰਟੇ ਤੱਕ ਦੇਖਣਾ ਪਵੇਗਾ ਪ੍ਰੰਤੂ ਰਾਤ ਨੂੰ ਉਸ ਦੀ ਹਾਲਤ ਖਰਾਬ ਹੋਣੀ ਸ਼ੁਰੂ ਹੋ ਗਈ ਅਤੇ ਉਸ ਦਾ ਪਤੀ ਗੁਰਪ੍ਰੀਤ ਤੇ ਸੱਸ ਮਨਜੀਤ ਉਥੋਂ ਖਿਸਕ ਗਏ ਅਤੇ 17 ਮਾਰਚ ਸਵੇਰੇ 6 ਵਜੇ ਲੜਕੀ ਨੇ ਦਮ ਤੋੜ ਦਿੱਤਾ। ਉਹਨਾਂ ਦੱਸਿਆ ਕਿ ਲੜਕੀ ਉੱਤੇ ਸਹੁਰੇ ਪਰਿਵਾਰ ਵੱਲੋਂ ਘੱਟ ਦਾਜ ਲਈ ਅੱਤਿਆਚਾਰ ਕੀਤਾ ਜਾਂਦਾ ਰਿਹਾ ਜਿਸ ਤੋਂ ਤੰਗ ਪਰੇਸ਼ਾਨ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਕਾਠਗੜ੍ਹ ਪੁਲਿਸ ਦੇ ਐਸ ਐਚ ਓ ਅਭਿਸ਼ੇਕ ਸ਼ਰਮਾ ਨੇ ਮ੍ਰਿਤਕਾ ਸੁਮਨਦੀਪ ਦੇ ਪਿਤਾ ਮਹਿੰਦਰ ਪਾਲ ਅਤੇ ਮਾਮਾ ਗੁਲਸ਼ਨ ਕੁਮਾਰ ਦੇ ਬਿਆਨਾਂ ਦੇ ਆਧਾਰ ਉੱਤੇ ਮ੍ਰਿਤਕਾ ਦੇ ਪਤੀ ਗੁਰਪ੍ਰੀਤ ਸਿੰਘ ਸਹੁਰਾ ਮੋਹਣ ਲਾਲ, ਸੱਸ ਮਨਜੀਤ ਅਤੇ ਜੇਠ ਜਸਬੀਰ ਸਿੰਘ ਜੱਸੀ ਉੱਤੇ ਪਰਚਾ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕਾਠਗੜ੍ਹ ਪੁਲਿਸ ਵਲੋਂ ਅੱਜ ਮ੍ਰਿਤਕਾ ਸੁਮਨਦੀਪ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਮਾਪਿਆਂ ਦੇ ਹਵਾਲੇ ਕਰ ਦਿੱਤੀ ਗਈ ਹੈ। ਜਿਹਨਾਂ ਨੇ ਉਸ ਦਾ ਅਤਿੰਮ ਸੰਸਕਾਰ ਪਿੰਡ ਭਰਥਲਾ ਦੇ ਸ਼ਮਸਾਨ ਘਾਟ ਵਿੱਚ ਰਿਸ਼ਤੇਦਾਰਾਂ ਅਤੇ ਹਜ਼ਾਰਾਂ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਕੀਤੀ ਗਿਆ ਅਤੇ ਚਿਖਾ ਨੂੰ ਅਗਨੀ ਸੁਮਨਦੀਪ ਦੇ 4 ਸਾਲਾਂ ਬੇਟੇ ਮਨਰਾਜ ਚੋਧਰੀ ਅਤੇ ਵੱਡੇ ਭਰਾ ਗੁਰਪ੍ਰੀਤ (ਹਨੀ ) ਨੇ ਦਿੱਤੀ ਇਸ ਮੌਕੇ ਇਲਾਕੇ ਰਾਜਨੀਤਿਕ, ਧਾਰਮਿਕ, ਸਮਾਜ ਸੇਵੀ ਅਤੇ ਇਲਾਕੇ ਦੇ ਮੋਹਤਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
https://play.google.com/store/apps/details?id=in.yourhost.samajweekly

