ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– 12 ਜੂਨ ਨੂੰ ਅਹਿਮਦਾਬਾਦ ਵਿੱਚ ਹੋਏ ਭਿਆਨਕ ਜਹਾਜ਼ ਹਾਦਸੇ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ। ਮੀਡੀਆ ਰਿਪੋਰਟ ਅਨੁਸਾਰ Air India ਵੱਲੋਂ ਹਾਦਸੇ ਵਿੱਚ ਮਾਰੇ ਗਏ ਯਾਤਰੀਆਂ ਦੇ ਪਰਿਵਾਰਾਂ ਨੂੰ ਵਾਧੂ ਰਕਮ ਦੇ ਬਦਲੇ ਅਦਾਲਤੀ ਕੇਸ ਕਰਨ ਦਾ ਅਧਿਕਾਰ ਛੱਡਣ ਦੀ ਪੇਸ਼ਕਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਲੰਡਨ ਜਾ ਰਹੀ Boeing 787-8 ਡਰੀਮਲਾਈਨਰ ਉਡਾਣ ਨੇ ਉਡਾਣ ਭਰਨ ਤੋਂ ਕੁਝ ਹੀ ਪਲ ਬਾਅਦ ਕਾਬੂ ਗੁਆ ਦਿੱਤਾ ਸੀ ਅਤੇ ਰਿਹਾਇਸ਼ੀ ਇਲਾਕੇ ਵਿੱਚ ਡਿੱਗਣ ਕਾਰਨ 242 ਵਿੱਚੋਂ 241 ਯਾਤਰੀਆਂ ਦੀ ਮੌਤ ਹੋ ਗਈ ਸੀ, ਜਦਕਿ ਜ਼ਮੀਨ ’ਤੇ ਮੌਜੂਦ 19 ਹੋਰ ਲੋਕ ਵੀ ਜਾਨੋਂ ਹੱਥ ਧੋ ਬੈਠੇ ਸਨ। 53 ਮ੍ਰਿਤਕ ਬ੍ਰਿਟੇਨ ਦੇ ਨਾਗਰਿਕ ਸਨ। ਰਿਪੋਰਟ ਮੁਤਾਬਕ ਏਅਰਲਾਈਨ ਵੱਲੋਂ ਪਹਿਲਾਂ ਹੀ ਪ੍ਰਤੀ ਪਰਿਵਾਰ 25 ਲੱਖ ਰੁਪਏ ਦੀ ਅੰਤਰਿਮ ਰਕਮ ਅਤੇ ਮਾਲਕ ਟਾਟਾ ਗਰੁੱਪ ਵੱਲੋਂ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ। ਹੁਣ ਦਸਤਾਵੇਜ਼ਾਂ ਅਨੁਸਾਰ ਕੁਝ ਪਰਿਵਾਰਾਂ ਨੂੰ 10 ਲੱਖ ਤੋਂ 20 ਲੱਖ ਰੁਪਏ ਤੱਕ ਦੀ ਵਾਧੂ “ਅੰਤਿਮ” ਰਕਮ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਪਰ ਇਸ ਲਈ ਉਨ੍ਹਾਂ ਨੂੰ ਇਹ ਲਿਖਤੀ ਭਰੋਸਾ ਦੇਣਾ ਹੋਵੇਗਾ ਕਿ ਉਹ ਭਵਿੱਖ ਵਿੱਚ ਕਿਸੇ ਵੀ ਦੇਸ਼ ਜਾਂ ਅਦਾਲਤ ਵਿੱਚ ਕੰਪਨੀ ਜਾਂ ਨਿਰਮਾਤਾ ਖ਼ਿਲਾਫ਼ ਕੋਈ ਦਾਅਵਾ ਨਹੀਂ ਕਰਨਗੇ। 130 ਪੀੜਤ ਪਰਿਵਾਰਾਂ ਦੀ ਨੁਮਾਇੰਦਗੀ ਕਰ ਰਹੀ ਕਾਨੂੰਨੀ ਟੀਮ ਨੇ ਇਸ ਦਸਤਾਵੇਜ਼ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਹਾਲੇ ਜਾਰੀ ਹੈ ਅਤੇ ਜ਼ਿੰਮੇਵਾਰੀ ਤੈਅ ਨਹੀਂ ਹੋਈ, ਇਸ ਹਾਲਤ ਵਿੱਚ ਪਰਿਵਾਰਾਂ ਤੋਂ ਸਦਾ ਲਈ ਹੱਕ ਛੱਡਣ ਦੀ ਮੰਗ ਕਰਨਾ ਗਲਤ ਹੈ। ਲੰਡਨ ਹਾਈ ਕੋਰਟ ਵਿੱਚ ਵੀ ਕਈ ਪਰਿਵਾਰਾਂ ਵੱਲੋਂ ਨਿੱਜੀ ਨੁਕਸਾਨ ਦੇ ਕੇਸ ਦਰਜ ਕੀਤੇ ਗਏ ਹਨ। ਦੂਜੇ ਪਾਸੇ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਹੈ ਕਿ ਕੰਪਨੀ ਹਰ ਪ੍ਰਭਾਵਿਤ ਪਰਿਵਾਰ ਦੀ ਮਦਦ ਲਈ ਵਚਨਬੱਧ ਹੈ ਅਤੇ ਅੰਤਿਮ ਮੁਆਵਜ਼ਾ ਕਾਨੂੰਨੀ ਪ੍ਰਕਿਰਿਆ ਅਨੁਸਾਰ ਅਤੇ ਪਾਰਦਰਸ਼ੀ ਢੰਗ ਨਾਲ ਤੈਅ ਕੀਤਾ ਜਾ ਰਿਹਾ ਹੈ। ਬੁਲਾਰੇ ਨੇ ਇਹ ਵੀ ਦੱਸਿਆ ਕਿ ਧਨ ਰਾਸ਼ੀ ਕਿਸੇ ਵੀ ਤਰ੍ਹਾਂ ਆਪਣੇ ਪਿਆਰਿਆਂ ਦੀ ਕਮੀ ਪੂਰੀ ਨਹੀਂ ਕਰ ਸਕਦੀ, ਪਰ ਪਰਿਵਾਰਾਂ ਨੂੰ ਸਪਸ਼ਟਤਾ ਦੇਣਾ ਜ਼ਰੂਰੀ ਹੈ। ਇਸ ਮਾਮਲੇ ਦੀ ਅਧਿਕਾਰਕ ਜਾਂਚ ਹਾਲੇ ਜਾਰੀ ਹੈ ਅਤੇ ਅੰਤਿਮ ਰਿਪੋਰਟ ਆਉਣ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਣ ਅਤੇ ਜ਼ਿੰਮੇਵਾਰੀ ਬਾਰੇ ਸਥਿਤੀ ਸਪਸ਼ਟ ਹੋਵੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



